ਕੇਪਟਾਊਨ (ਸਮਾਜ ਵੀਕਲੀ): ਦੱਖਣੀ ਅਫ਼ਰੀਕਾ ਖ਼ਿਲਾਫ਼ ਟੈਸਟ ਮੈਚਾਂ ਦੀ ਲੜੀ ਵਿਚ ਮਿਲੀ ਹਾਰ ਤੋਂ ਬਾਅਦ ਅੱਜ ਅਚਾਨਕ ਭਾਰਤੀ ਟੈਸਟ ਕ੍ਰਿਕਟ ਟੀਮ ਦੀ ਕਪਤਾਨੀ ਛੱਡ ਕੇ ਵਿਰਾਟ ਕੋਹਲੀ ਨੇ ਧਮਾਕਾ ਕਰ ਦਿੱਤਾ। 2014 ਵਿਚ ਆਸਟਰੇਲੀਆ ਖ਼ਿਲਾਫ਼ ਲੜੀ ਵਿਚਾਲੇ ਮਹਿੰਦਰ ਸਿੰਘ ਧੋਨੀ ਨੂੰ ਹਟਾ ਕੇ ਕੋਹਲੀ ਨੂੰ ਭਾਰਤ ਦੀ ਟੈਸਟ ਕ੍ਰਿਕਟ ਟੀਮ ਦਾ ਕਪਤਾਨ ਬਣਾਇਆ ਗਿਆ ਸੀ। ਕੋਹਲੀ ਨੇ ਹਰ ਕਿਸੇ ਨੂੰ ਹੈਰਾਨ ਕਰਦੇ ਹੋਏ ਟਵਿੱਟਰ ’ਤੇ ਪੋਸਟ ਕੀਤੇ ਆਪਣੇ ਇਕ ਬਿਆਨ ਲਿਖਿਆ, ‘‘ਹਰ ਚੀਜ਼ ਨੂੰ ਕਿਸੇ ਨਾ ਕਿਸੇ ਪੜਾਅ ’ਤੇ ਰੁਕਣਾ ਹੁੰਦਾ ਹੈ ਅਤੇ ਭਾਰਤ ਦੇ ਟੈਸਟ ਕਪਤਾਨ ਦੇ ਤੌਰ ’ਤੇ ਇਹ ਹੁਣ ਮੇਰੇ ਲਈ ਹੈ। ਇਸ ਪੂਰੇ ਸਫ਼ਰ ਦੌਰਾਨ ਕਈ ਉਤਰਾਅ-ਚੜ੍ਹਾਅ ਆਏ ਪਰ ਕਦੇ ਵੀ ਕੋਸ਼ਿਸ਼ ਦੀ ਘਾਟ ਜਾਂ ਭਰੋਸੇ ਦੀ ਘਾਟ ਨਹੀਂ ਰਹੀ।’’
ਕੋਹਲੀ ਦੀ ਅਗਵਾਈ ਵਿਚ ਭਾਰਤੀ ਟੀਮ ਵਿਸ਼ਵ ਰੈਂਕਿੰਗਜ਼ ਵਿਚ ਸਿਖ਼ਰ ’ਤੇ ਪਹੁੰਚੀ ਅਤੇ ਉਸ ਦੀ ਕਪਤਾਨੀ ਵਿਚ ਹੀ ਟੀਮ ਨੇ ਆਸਟਰੇਲੀਆ ’ਚ ਯਾਦਗਾਰ ਲੜੀ ਜਿੱਤੀ। ਕੋਹਲੀ (33) ਨੇ ਹਾਲ ਵਿਚ ਹੀ ਟੀ20 ਦੀ ਕਪਤਾਨੀ ਛੱਡ ਦਿੱਤੀ ਸੀ ਅਤੇ ਬਾਅਦ ਵਿਚ ਉਸ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇਕ ਰੋਜ਼ਾ ਟੀਮ ਦੀ ਕਪਤਾਨੀ ਤੋਂ ਹਟਾ ਦਿੱਤਾ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly