ਸ਼ੁੱਧ ਪੰਜਾਬੀ ਕਿਵੇਂ ਲਿਖੀਏ?- ਭਾਗ ੧੧.

jaswer singh pabala

ਗੁਰਮੁਖੀ ਅੱਖਰਾਂ ਦੇ ਪੈਰਾਂ ਹੇਠ ਬਿੰਦੀ ਕਦੋਂ ਅਤੇ ਕਿਉਂ?- ਭਾਗ (ੳ)
            (ਜ ਪੈਰ ਬਿੰਦੀ= ਜ਼)
(ਸਮਾਜ ਵੀਕਲੀ) – ਗੁਰਮੁਖੀ ਲਿਪੀ ਅਨੁਸਾਰ ਇਸ ਦੇ ਨਵੀਨ ਵਰਗ ਵਾਲ਼ੇ ਛੇ ਅੱਖਰਾਂ ਦੇ ਪੈਰਾਂ ਵਿੱਚ ਬਿੰਦੀ ਪਾਈ ਜਾਂਦੀ ਹੈ। ਇਹ ਅੱਖਰ ਹਨ: ਸ ਖ ਗ ਜ ਫ ਅਤੇ ਲ। ਇਹ ਸਾਰੇ ਵਿਅੰਜਨ ਅੱਖਰ ਹਨ ਤੇ ਪੰਜਾਬੀ ਵਿਆਕਰਨ ਅਨੁਸਾਰ ਪੈਰ-ਬਿੰਦੀ ਹਮੇਸ਼ਾਂ ਵਿਅੰਜਨ ਅੱਖਰਾਂ ਦੇ ਪੈਰਾਂ ਵਿੱਚ ਹੀ ਪਾਈ ਜਾਂਦੀ ਹੈ, ਸ੍ਵਰ ਅੱਖਰਾਂ ਹੇਠਾਂ ਨਹੀਂ।

ਦਰਅਸਲ ਇਹਨਾਂ ਅੱਖਰਾਂ ਦੀ ਲੋੜ ਅਰਬੀ/ਫ਼ਾਰਸੀ ਭਾਸ਼ਾਵਾਂ ਤੋਂ ਆਏ ਸ਼ਬਦਾਂ ਨੂੰ ਗੁਰਮੁਖੀ ਵਿੱਚ ਹੂ-ਬਹੂ ਲਿਖਣ ਦੀ ਲੋੜ ਵਿੱਚੋਂ ਨਿਕਲ਼ੀ ਸੀ ਜੋਕਿ ਉਸ ਸਮੇਂ ਦੇ ਵਿਦਵਾਨਾਂ ਵੱਲੋਂ ਲਿਆ ਗਿਆ ਇੱਕ ਅਤਿ ਅਹਿਮ ਅਤੇ ਬਹੁਤ ਹੀ ਸਹੀ ਫ਼ੈਸਲਾ ਸੀ। ਅਜ਼ਾਦੀ ਤੋਂ ਪਹਿਲਾਂ ਸਿੱਖਿਆ ਦਾ ਮਾਧਿਅਮ ਵਧੇਰੇ ਕਰਕੇ ਉਰਦੂ ਹੀ ਸੀ। ਉਸ ਸਮੇਂ ਦੇ ਉਰਦੂ ਪੜ੍ਹੇ ਲੋਕ ਇਹ ਤਾਂ ਜਾਣਦੇ ਸਨ ਕਿ ਪੈਰ-ਬਿੰਦੀ ਵਾਲ਼ੇ ਅੱਖਰਾਂ ਦਾ ਉਚਾਰਨ ਕਿਵੇਂ ਕਰਨਾ ਹੈ ਕਿਉਂਕਿ ਫ਼ਾਰਸੀ ਲਿਪੀ ਵਿੱਚ ਇਹ ਸਾਰੇ ਅੱਖਰ ਮੌਜੂਦ ਸਨ ਪਰ ਉਹਨਾਂ ਨੂੰ ਵੀ ਸਮੱਸਿਆ ਉਦੋਂ ਆਉਂਦੀ ਸੀ ਜਦੋਂ ਅਜਿਹੇ ਅੱਖਰਾਂ ਵਾਲ਼ੇ ਸ਼ਬਦਾਂ ਨੂੰ ਗੁਰਮੁਖੀ ਵਿੱਚ ਉਸੇ ਉਚਾਰਨ ਅਨੁਸਾਰ ਲਿਖਣਾ ਪੈਂਦਾ ਸੀ। ਇਹੋ ਸਮੱਸਿਆ ਅਜ਼ਾਦੀ ਤੋਂ ਬਾਅਦ ਉਰਦੂ ਦੀ ਥਾਂ ਪੰਜਾਬੀ ਲਾਗੂ ਹੋਣ ਕਾਰਨ ਉਸ ਸਮੇਂ ਦੇ ਪੰਜਾਬੀ ਦੇ ਵਿਦਿਆਰਥੀਆਂ ਅਤੇ ਕਿਸੇ ਹੱਦ ਤਕ ਉਹਨਾਂ ਨੂੰ ਪੜ੍ਹਾਉਣ ਵਾਲ਼ੇ ਅਧਿਆਪਕਾਂ ਦੇ ਰੂ-ਬਰੂ ਵੀ ਸੀ। ਇਸ ਸਮੱਸਿਆ ਨੂੰ ਹੱਲ ਕਰਨ ਲਈ ਹੀ ਪੈਰ-ਬਿੰਦੀ ਵਾਲ਼ੇ ਅੱਖਰਾਂ ਨੂੰ ਗੁਰਮੁਖੀ ਲਿਪੀ ਵਿੱਚ ਸ਼ਾਮਲ ਕਰਨ ਦੀ ਪ੍ਰਕਿਰਿਆ ਦਾ ਮੁੱਢ ਬੱਝਿਆ ਸੀ। ਬਾਅਦ ਵਿੱਚ ਲ ਪੈਰ ਬਿੰਦੀ ਵਾਲੇ ਲ਼ (ਉਲਟ ਜੀਭੀ ਧੁਨੀ) ਨੂੰ ਵੀ ਇਸ ਸੂਚੀ ਵਿੱਚ ਸ਼ਾਮਲ ਕਰ ਲਿਆ ਗਿਆ ਸੀ।

ਉਰਦੂ ਵਿੱਚ ਜ਼ ਧੁਨੀ ਲਈ ਚਾਰ ਅੱਖਰ; ਸ ਧੁਨੀ ਲਈ ਤਿੰਨ; ਕ ਧੁਨੀ ਲਈ ਦੋ, ਅ ਲਈ ਦੋ; ਹ ਲਈ ਦੋ ਅਤੇ ਤ ਲਈ ਵੀ ਦੋ ਅੱਖਰ ਮੌਜੂਦ ਹਨ। ਇਹ ਸਾਰੇ ਅੱਖਰ ਵੱਖ-ਵੱਖ ਸ਼ਬਦਾਂ ਲਈ ਵਰਤੇ ਜਾਂਦੇ ਹਨ। ਮਿਸਾਲ ਦੇ ਤੌਰ ‘ਤੇ ਟੈਲੀਵੀਜ਼ਨ ਸ਼ਬਦ ਲਿਖਣ ਲਈ ਜ਼ (ਜ਼ੇ) ਹੋਰ ਅੱਖਰ ਹੈ ਅਤੇ ਜ਼ਿਆਦਾ ਲਈ ਜ਼ (ਜ਼ੇ) ਹੋਰ, ਜ਼ਾਲਮ ਲਿਖਣ ਲਈ ਜ਼ (ਜ਼ੋਏ) ਹੋਰ ਅਤੇ ਜ਼ਿਲ੍ਹਾ ਲਿਖਣ ਲਈ ਜ਼ (ਜ਼ਾਦ) ਹੋਰ। ਤੋਤਾ ਲਿਖਣ ਲਈ ਤ (ਤੋਏ) ਹੋਰ ਅਤੇ ਤਾਰੀਖ਼ ਲਿਖਣ ਲਈ ਤ (ਤੇ) ਹੋਰ। ਕਾਗ਼ਜ਼ ਲਿਖਣ ਲਈ ਕ (ਕਾਫ਼) ਹੋਰ ਅਤੇ ਕ਼ਲਮ ਲਿਖਣ ਲਈ ਕ (ਕ਼ਾਫ਼) ਹੋਰ। ਇਸੇ ਤਰ੍ਹਾਂ ਅ਼ੈਨਕ ਲਿਖਣ ਲਈ ਅ਼ (ਅ਼ੈਨ) ਹੋਰ, ਆਦਮੀ ਲਿਖਣ ਲਈ ਅ (ਅਲਿਫ) ਹੋਰ ਅੱਖਰ ਹੈ। ਇਸੇ ਤਰ੍ਹਾਂ ਸਾਫ਼ ਸ਼ਬਦ ਸਾਦ (ਸ) ਅੱਖਰ ਨਾਲ਼, ਸਬੂਤ ਸੇ (ਸ) ਨਾਲ ਅਤੇ ਸਾਦਾ ਸ਼ਬਦ ਸੀਨ (ਸ) ਅੱਖਰ ਨਾਲ਼ ਲਿਖਿਆ ਜਾਂਦਾ ਹੈ। ਇਸੇ ਤਰ੍ਹਾਂ ਹਾਦਸਾ ਹੋਰ ਹ (ਹੇ) ਨਾਲ਼ ਅਤੇ ਹਾਜ਼ਮਾ ਹੋਰ ਹ (ਹੇ) ਅੱਖਰ ਨਾਲ਼ ਲਿਖਿਆ ਜਾਂਦਾ ਹੈ।

ਜੇਕਰ ਉਰਦੂ ਲਿਖਣ ਵਾਲੇ ਇਸ ਤਰ੍ਹਾਂ ਦੇ ਵੱਖ-ਵੱਖ ਅੱਖਰਾਂ ਨਾਲ਼ ਲਿਖੇ ਜਾਣ ਵਾਲ਼ੇ ਸ਼ਬਦਾਂ ਅਤੇ ਉਹਨਾਂ ਨਾਲ਼ ਸੰਬੰਧਿਤ ਅੱਖਰਾਂ ਨੂੰ ਯਾਦ ਰੱਖ ਸਕਦੇ ਹਨ ਤੇ ਵੱਖ -ਵੱਖ ਸ਼ਬਦਾਂ ਵਿੱਚ ਉਹਨਾਂ ਦੀ ਵਰਤੋਂ ਨੂੰ ਯਾਦ ਰੱਖ ਸਕਦੇ ਹਨ ਤਾਂ ਅਸੀਂ ਕਿਉਂ ਨਹੀਂ? ਫਿਰ, ਅਸੀਂ ਤਾਂ ਕੇਵਲ ਪੈਰ-ਬਿੰਦੀ ਹੀ ਪਾਉਣੀ ਹੈ, ਉਰਦੂ ਵਾਂਗ ਕਿਸੇ ਅੱਖਰ ਜਾਂ ਉਸ ਦੀ ਵਰਤੋਂ ਕਿਸ ਸ਼ਬਦ ਵਿੱਚ ਕਰਨੀ ਹੈ, ਦੇ ਬਾਰੇ ਵੀ ਸਾਨੂੰ ਯਾਦ ਰੱਖਣ ਦੀ ਲੋੜ ਨਹੀਂ ਹੈ।

ਜੇਕਰ ਮੱਧ-ਕਾਲ ਵੱਲ ਝਾਤੀ ਮਾਰੀਏ ਤਾਂ ਮੁਗ਼ਲ-ਕਾਲ ਸਮੇਂ ਫ਼ਾਰਸੀ ਹੀ ਰਾਜ-ਕਾਜ ਦੀ ਭਾਸ਼ਾ ਅਤੇ ਪੜ੍ਹਾਈ ਦਾ ਮਾਧਿਅਮ ਵੀ ਸੀ। ਗੁਰੂ ਨਾਨਕ ਦੇਵ ਜੀ ਨੇ ਵੀ ਆਪਣੀ ਬਾਣੀ ਵਿੱਚ ਅਰਬੀ/ਫ਼ਾਰਸੀ ਭਾਸ਼ਾਵਾਂ ਦੇ ਕਈ ਸ਼ਬਦਾਂ ਦੀ ਵਰਤੋਂ ਕੀਤੀ ਹੈ। ਇਹ ਠੀਕ ਹੈ ਕਿ ਉਸ ਸਮੇਂ ਦੀ ਪੰਜਾਬੀ ਦੀ ਲਿਪੀ ਵਿੱਚ ਪੈਰ-ਬਿੰਦੀ ਵਾਲ਼ੇ ਅੱਖਰਾਂ ਦੀ ਕੋਈ ਹੋਂਦ ਨਹੀਂ ਸੀ ਪਰ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਗੁਰੂ ਜੀ ਖ਼ੁਦ ਵੀ ਪੈਰ- ਬਿੰਦੀ ਵਾਲ਼ੇ ਅੱਖਰਾਂ ਦਾ ਉਚਾਰਨ ਪੈਰ-ਬਿੰਦੀ ਸਮੇਤ ਹੀ ਕਰਦੇ ਹੋਣਗੇ; ਬਿੰਦੀ ਤੋਂ ਬਿਨਾਂ ਨਹੀਂ, ਜਿਵੇਂ:
ਕਾਜੀਆ ਬਾਮਣਾ ਕੀ ਗੱਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ॥

ਇਸ ਇੱਕ ਸਤਰ ਵਿੱਚ ਹੀ ਕਾਜੀਆ (ਕਾਜ਼ੀਆਂ), ਅਗਦ (ਅਕਦ) ਅਤੇ ਸ਼ੈਤਾਨ (ਸ਼ੈਤਾਨ) ਸ਼ਬਦ ਅਰਬੀ/ਫ਼ਾਰਸੀ ਭਾਸ਼ਾਵਾਂ ਨਾਲ਼ ਸੰਬੰਧ ਰੱਖਦੇ ਹਨ। ਜ਼ਾਹਰ ਹੈ ਕਿ ਗੁਰੂ ਜੀ ਇਹਨਾਂ ਸ਼ਬਦਾਂ ਵਿਚਲੇ ‘ਕਾਜੀਆ’ ਸ਼ਬਦ ਦਾ ਉਚਾਰਨ ਵੀ ‘ਕਾਜ਼ੀਆਂ’ ਅਰਥਾਤ ਪੈਰ-ਬਿੰਦੀ ਨਾਲ ਹੀ ਕਰਦੇ ਹੋਣਗੇ। ਇਹ ਗੱਲ ਵੱਖਰੀ ਹੈ ਕਿ ਉਹਨਾਂ ਨੇ ਕੁਝ ਥਾਂਵਾਂ ‘ਤੇ ‘ਕਾਜ਼ੀਆਂ’ ਸ਼ਬਦ ਦਾ ਤਦਭਵ ਰੂਪ ‘ਕਾਦੀਆਂ’ ਵੀ ਇਸਤੇਮਾਲ ਕੀਤਾ ਹੈ। ਸੋ, ਗੁਰੂ ਸਾਹਿਬਾਨ ਤੋਂ ਬਿਨਾਂ ਉਸ ਸਮੇਂ ਦੇ ਹੋਰ ਲੋਕਾਂ ਨੂੰ ਵੀ ਪੈਰ-ਬਿੰਦੀ ਵਾਲ਼ੇ ਅੱਖਰਾਂ ਦੀ ਸੁਵਿਧਾ ਨਾ ਹੋਣ ਕਾਰਨ ਇਹੋ-ਜਿਹੇ ਸ਼ਬਦਾਂ ਨੂੰ ਜ਼ ਦੀ ਥਾਂ ਜ ਅੱਖਰ ਨਾਲ਼ ਹੀ ਲਿਖਣਾ ਪੈਂਦਾ ਹੋਵੇਗਾ। ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਜ਼ਫ਼ਰਨਾਮਾ ਲਿਖਿਆ ਹੀ ਫਾਰਸੀ ਭਾਸ਼ਾ ਵਿੱਚ ਹੈ।

ਸੂਫ਼ੀ-ਕਾਵਿ ਅਤੇ ਕਿੱਸਾ-ਕਾਵਿ ਲਿਖਣ ਵਾਲ਼ੇ ਬਹੁਤੇ ਲੇਖਕ ਮੁਸਲਮਾਨ ਕਵੀ ਹੀ ਹੋਏ ਹਨ। ਉਹਨਾਂ ਨੇ ਅਤੇ ਹੋਰ ਗ਼ੈਰਮੁਸਲਿਮ ਲੇਖਕਾਂ ਨੇ ਵੀ ਬੇਸ਼ੱਕ ਆਪਣੀਆਂ ਰਚਨਾਵਾਂ ਪੰਜਾਬੀ ਭਾਸ਼ਾ ਵਿੱਚ ਹੀ ਲਿਖੀਆਂ ਹਨ ਪਰ ਲਿਪੀ ਸਭ ਨੇ ਲਗ-ਪਗ ਫ਼ਾਰਸੀ ਹੀ ਅਪਣਾਈ ਹੈ। ਸੋ, ਉਪਰੋਕਤ ਵਿਚਾਰ-ਚਰਚਾ ਨੂੰ ਮੁੱਖ ਰੱਖਦਿਆਂ ਹੋਇਆਂ ਸਾਨੂੰ ਉਹਨਾਂ ਦੁਆਰਾ ਵਰਤੇ ਗਏ ਅਰਬੀ/ਫ਼ਾਰਸੀ ਦੇ ਪੈਰ-ਬਿੰਦੀ ਵਾਲ਼ੇ ਸ਼ਬਦਾਂ ਨੂੰ ਬਿੰਦੀ ਸਮੇਤ ਹੀ ਲਿਖਣਾ ਜਾਂ ਪੜ੍ਹਨਾ/ਪੜ੍ਹਾਉਣਾ ਚਾਹੀਦਾ ਹੈ ਕਿਉਂਕਿ ਆਪਣੀਆਂ ਮੂਲ ਰਚਨਾਵਾਂ ਵਿੱਚ ਉਹਨਾਂ ਨੇ ਪੈਰ-ਬਿੰਦੀ ਵਾਲ਼ੇ ਸ਼ਬਦਾਂ ਨੂੰ ਫ਼ਾਰਸੀ ਲਿਪੀ ਵਿੱਚ ਬਿੰਦੀ-ਯੁਕਤ ਹੀ ਲਿਖਿਆ ਹੋਵੇਗਾ।

ਹੁਣ ਜੇਕਰ ਸਾਡੀ ਅੱਜ ਦੀ ਪੀੜ੍ਹੀ ਨੂੰ ਇਹ ਸੁਵਿਧਾ ਪ੍ਰਾਪਤ ਹੋ ਚੁੱਕੀ ਹੈ ਤਾਂ ਸਾਨੂੰ ਇਹਨਾਂ ਨਿਯਮਾਂ ਦਾ ਲਾਭ ਕਿਉਂ ਨਹੀਂ ਉਠਾਉਣਾ ਚਾਹੀਦਾ? ਇਸ ਨਾਲ਼ ਪੈਰ-ਬਿੰਦੀ ਵਾਲ਼ੇ ਅੱਖਰਾਂ ਨੂੰ ਲਿਖਣ ਅਤੇ ਬੋਲਣ ਪੱਖੋਂ ਵਧੇਰੇ ਸਪਸ਼ਟਤਾ ਆਈ ਹੈ। ਕੁਝ ਲੋਕ ਏਨਾ ਕੁ ਕਸ਼ਟ ਵੀ ਨਹੀਂ ਉਠਾਉਣਾ ਚਾਹੁੰਦੇ। ਉਹਨਾਂ ਦੀ ਰਾਏ ਹੈ ਕਿ ਸਾਨੂੰ ਮੱਧ-ਯੁੱਗ ਵੱਲ ਵਾਪਸ ਪਰਤ ਜਾਣਾ ਚਾਹੀਦਾ ਹੈ ਅਤੇ ਪੈਰ-ਬਿੰਦੀ ਵਾਲੇ ਅੱਖਰਾਂ ਨੂੰ ਫਿਰ ਤੋਂ ਗੁਰਮੁਖੀ ਵਿੱਚੋਂ ਖ਼ਾਰਜ ਕਰ ਦੇਣਾ ਚਾਹੀਦਾ ਹੈ। ਅਜਿਹਾ ਕਹਿਣ ਵਾਲ਼ੇ ਲੋਕ ਅਜਿਹੀਆਂ ਗੱਲਾਂ ਨਾਲ਼ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਸ਼ ਕਰ ਰਹੇ ਹਨ ਤਾਂਕਿ ਇਸ ਸੰਬੰਧ ਵਿੱਚ ਹੋਣ ਵਾਲੀਆਂ ਕੁਤਾਹੀਆਂ ਤੋਂ ਉਹ ਆਪ ਵੀ ਸੁਰਖ਼ਰੂ ਹੋ ਸਕਣ ਅਤੇ ਲੋਕਾਂ ਵਿੱਚ ਉਹਨਾਂ ਦੀ ਭੱਲ ਵੀ ਬਣੀ ਰਹੇ। ਅਖੇ- ਨਾ ਰਹੇ ਬਾਂਸ ਤੇ ਨਾ ਵੱਜੇ ਬੰਸਰੀ। ਯਾਦ ਰਹੇ ਕਿ ਸਮੇਂ ਨੂੰ ਪੁੱਠਾ ਗੇੜਾ ਕਦੇ ਵੀ ਨਹੀਂ ਦਿੱਤਾ ਜਾ ਸਕਦਾ। ਸਮਾਂ ਹਮੇਸ਼ਾਂ ਅੱਗੇ ਵੱਲ ਹੀ ਵਧਦਾ ਹੈ। ਸਮੇਂ ਦੇ ਨਾਲ਼ ਮਿਲ਼ ਕੇ ਚੱਲਣ ਵਿੱਚ ਹੀ ਸਭ ਦੀ ਭਲਾਈ ਹੈ। ਭਾਸ਼ਾ ਦੀ ਸ਼ੁੱਧਤਾ ਅਤੇ ਸੁਹਜ ਵਿੱਚ ਜਿਹੜਾ ਵਾਧਾ ਇਹਨਾਂ ਅੱਖਰਾਂ ਦੀ ਗੁਰਮੁਖੀ ਲਿਪੀ ਵਿੱਚ ਆਮਦ ਨਾਲ਼ ਹੋਇਆ ਹੈ, ਉਹ ਇਸ ਤੋਂ ਪਹਿਲਾਂ ਕਦੇ ਨਹੀਂ ਸੀ।

ਜ ਪੈਰ ਬਿੰਦੀ ਵਾਲ਼ੇ ਕੁਝ ਆਮ ਵਰਤੋਂ ਵਿੱਚ ਆਉਣ ਵਾਲ਼ੇ ਸ਼ਬਦ ਹਨ:
ਜ਼ੰਜੀਰ, ਇਜਾਜ਼ਤ, ਜ਼ਰਖ਼ੇਜ਼, ਜਬਰ-ਜ਼ੁਲਮ, ਜ਼ਾਹਰ, ਹਾਜ਼ਰ, ਸਾਜ਼ਸ਼, ਵਰਜ਼ਸ਼, ਜ਼ਬਰਦਸਤੀ, ਜ਼ਹਿਰ, ਵਜ਼ੀਰ, ਅਜ਼ੀਜ਼, ਲਜ਼ੀਜ਼, ਜਜ਼ਬਾ, ਨਜ਼ਲਾ, ਮਜ਼ਬੂਤ, ਮਜ਼ੇਦਾਰ, ਮੰਜ਼ਲ, ਰੋਜ਼, ਰੁਜ਼ਗਾਰ, ਵਜ਼ੀਰ, ਵਜ਼ਾਰਤ, ਹਜ਼ੂਰ, ਇਜਾਜ਼ਤ, ਗੁਜ਼ਾਰਾ, ਗੁਲਜ਼ਾਰ ਆਦਿ।
ਉਪਰੋਕਤ ਸ਼ਬਦਾਂ ਵਿੱਚੋਂ ਜ਼ਰਖ਼ੇਜ਼ ਇੱਕ ਅਜਿਹਾ ਸ਼ਬਦ ਹੈ ਜਿਸ ਦੇ ਚਹੁੰ ਅੱਖਰਾਂ ਵਿਚੋਂ ਤਿੰਨ ਅੱਖਰਾਂ ਹੇਠ ਬਿੰਦੀਆਂ ਪੈਂਦੀਆਂ ਹਨ ਪਰ ਸ਼ਬਦ- ਜੋੜ ਕੋਸ਼ ਵਾਲ਼ੇ ਪਤਾ ਨਹੀਂ ਖ ਪੈਰ ਬਿੰਦੀ ਪਾਉਣੀ ਹੀ ਭੁੱਲ ਗਏ ਹਨ ਜਾਂ ਫਿਰ ਉਹਨਾਂ ਨੇ ਇਹ ਬਿੰਦੀ ਪਾਉਣ ਦੀ ਹੀ ਛੋਟ ਦੇ ਦਿੱਤੀ ਹੈ ਪਰ ਕਿਉਂਕਿ ਹੋਰ ਕਿਸੇ ਸ਼ਬਦ ਵਿੱਚ ਅਜਿਹੀ ਛੋਟ ਨਹੀਂ ਦਿੱਤੀ ਗਈ ਇਸ ਲਈ ਜਾਪਦਾ ਇਹੋ ਹੈ ਕਿ ਇੱਥੇ ਸ਼ਾਇਦ ਉਹਨਾਂ ਪਾਸੋਂ ਇੱਕ ਵੱਡੀ ਕੁਤਾਹੀ ਹੋ ਗਈ ਹੈ। ਹੋ ਸਕਦਾ ਹੈ ਕਿ ਇਹ ਗ਼ਲਤੀ ਸ਼ਾਇਦ ਛਾਪੇਖ਼ਾਨੇ ਦੀ ਹੀ ਹੋਵੇ।

ਇਸੇ ਤਰ੍ਹਾਂ ਕੁਝ ਗਲ਼ਤੀਆਂ ਅਸੀਂ ਉਰਦੂ/ਫ਼ਾਰਸੀ ਭਾਸ਼ਾਵਾਂ ਦੇ ਸ਼ਬਦਾਂ ਦੇ ਬਹੁਵਚਨ-ਰੂਪ ਬਣਾਉਣ ਸਮੇਂ ਵੀ ਕਰਦੇ ਹਾਂ, ਜਿਵੇਂ: ਜਜ਼ਬਾ ਸ਼ਬਦ ਦਾ ਬਹੁਵਚਨ ਜਜ਼ਬਾਤ ਹੁੰਦਾ ਹੈ ਪਰ ਅਸੀਂ ਜਜ਼ਬਾਤ ਸ਼ਬਦ ਦਾ ਵੀ ਅੱਗੋਂ ਹੋਰ ਬਹੁਵਚਨ ‘ਜਜ਼ਬਾਤਾਂ’ ਬਣਾ ਦਿੰਦੇ ਹਾਂ ਜੋਕਿ ਉੱਕਾ ਹੀ ਗ਼ਲਤ ਹੈ।
ਅੰਗਰੇਜ਼ੀ ਦੇ ਅੱਖਰ ਜ਼ੈੱਡ (Z) ਅਤੇ ਐੱਸ (S) ਨਾਲ਼ ਬਣਨ ਵਾਲ਼ੇ ਕੁਝ ਸ਼ਬਦਾਂ, ਜਿਵੇਂ: ਜ਼ੈਬਰਾ (Zebra), ਜ਼ੀਰੋ (Zero), ਰਾਈਜ਼ (Rise), ਰੋਜ਼ (Rose) ਆਦਿ ਨੂੰ ਪੰਜਾਬੀ ਵਿੱਚ ਲਿਖਣ ਸਮੇਂ ਵੀ ਜ਼ ਅੱਖਰ ਦੀ ਲੋੜ ਪੈਂਦੀ ਹੈ।
ਜ਼ ਅੱਖਰ ਵਾਲ਼ੇ ਸ਼ਬਦਾਂ ਵਿੱਚ ਜਿਹੜੀ ਕੁਤਾਹੀ ਅਕਸਰ ਕੀਤੀ ਜਾਂਦੀ ਹੈ, ਉਹ ਇਹ ਹੈ ਕਿ ਕਈ ਵਾਰ ਅਸੀਂ ਅਨਜਾਣਪੁਣੇ ਕਾਰਨ ਜਾਂ ਭੁਲੇਖੇਵੱਸ ਜ ਅੱਖਰ ਦੀ ਥਾਂ ਜ਼ ਅਤੇ ਜ਼ ਅੱਖਰ ਦੀ ਥਾਂ ਜ ਅੱਖਰ ਦੀ ਵਰਤੋਂ ਕਰ ਲੈਂਦੇ ਹਾਂ ਜਦਕਿ ਅਜਿਹੀ ਭੁੱਲ ਭਾਸ਼ਾ ਪ੍ਰਤਿ ਸਾਡੀ ਜ਼ਿੰਮੇਵਾਰੀ ਤੋਂ ਸਾਡੇ ਅਵੇਸਲ਼ੇ ਹੋਣ ਦੇ ਪੱਖ ਨੂੰ ਉਜਾਗਰ ਕਰਦੀ ਹੈ। ਮਿਸਾਲ ਦੇ ਤੌਰ ‘ਤੇ ਕਈ ਵਾਰ ਅਸੀਂ ਜ਼ੰਜੀਰ ਨੂੰ ਜੰਜ਼ੀਰ ਜਾਂ ਜੰਜੀਰ ਹੀ ਲਿਖ ਦਿੰਦੇ ਹਾਂ, ਤਜਰਬਾ ਨੂੰ ਤਜ਼ਰਬਾ, ਜ਼ਬਰਦਸਤੀ ਨੂੰ ਜਬਰਦਸਤੀ, ਰੁਜ਼ਗਾਰ ਨੂੰ ਰੁਜਗਾਰ ਅਤੇ ਜਬਰ-ਜ਼ੁਲਮ ਨੂੰ ਜ਼ਬਰ-ਜੁਲਮ ਆਦਿ। ਆਪਣੀ ਮਾਤ-ਭਾਸ਼ਾ ਪ੍ਰਤਿ ਅਜਿਹੀਆਂ ਅਣਗਹਿਲੀਆਂ ਤੋਂ ਸਾਨੂੰ ਬਚਣ ਦੀ ਲੋੋੜ ਹੈ।

ਜਸਵੀਰ ਸਿੰਘ ਪਾਬਲਾ,
ਲੰਗੜੋਆ, ਨਵਾਂਸ਼ਹਿਰ।
98884-03052.

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਕੈਨੇਡਾ ਤੋਂ ਪਾਕਿਸਤਾਨ”
Next articleਵੋਟਰ ਸਾਥੀਓ