ਭਾਰਤ ਦਾ ਸਕਾਟਲੈਂਡ ‘ਸਿ਼ਲਾਂਗ’

(ਸਮਾਜ ਵੀਕਲੀ)– ਆਸਾਮ ਨੂੰ ਉਤਰ-ਪੂਰਬੀ ਭਾਰਤ ਦਾ ਗੇਟਵੇ ਕਿਹਾ ਜਾਂਦਾ ਹੈ।ਗੁਹਾਟੀ ਤੋਂ ਲੱਗਭਗ ਹਰ ਉਤਰੀ-ਪੂਰਬੀ ਰਾਜ ਨੂੰ ਪਹੰੁਚਿਆ ਜਾ ਸਕਦਾ ਹੈ।ਅਸੀ ਆਪਣੇ ਇਕ ਦਫਤਰ ਵਲੋਂ ਯੂਨੀਅਨ ਦੇ ਪ੍ਰੋਗ੍ਰਾਮ ਵਿੱਚ ਜਾਣ ਲਈ ਗੁਹਾਟੀ ਤੋਂ ਈਟਾਨਗਰ (ਅਰੁਣਾਚਲ) ਜਾਣਾ ਸੀ। ਅਰੁਣਾਚਲ ਚੀਨ ਦੀ ਸਰਹੱਦ ਨੂੰ ਛੂੰਹਦਾ ਹੈ।ਉਥੇ ਹਰ ਕਿਸੇ ਨੂੰ ਹਿੰਦੀ ਬੋਲਦੇ ਅਤੇ ਸਮਝਦੇ ਦੇਖ ਕੇ ਬੜੀ ਹੈਰਾਨੀ ਹੋਈ।ਆਓ ਪਹਿਲਾਂ ਸਿ਼ਲਾਂਗ ਬਾਰੇ ਗੱਲ ਕਰਦੇ ਹਾਂ।ਅਸੀ ਗੁਹਾਟੀ ਦੇ ਇਕ ਸਰਕਾਰੀ ਗੈਸਟ ਹਾਊਸ ਵਿੱਚ ਰਾਤ ਗੁਜ਼ਾਰੀ।ਅਗਲੇ ਦਿਨ ਸਵੇਰੇ ਹੀ ਇਕ ਕਾਰ (ਟੈਕਸੀ)ਰਾਂਹੀ ਸਿ਼ਲਾਂਗ ਲਈ ਰਵਾਨਾ ਹੋ ਗਏ।ਗੁਹਾਟੀ ਦੀ ਕੜਾਕੇ ਦੀ ਗਰਮੀ,ਭੀੜ-ਭੜੱਕਾ,ਹਰ ਪਾਸੇ ਜ਼ਾਮ ਅਤੇ ਪ੍ਰਦੂਸ਼ਣ ਕਾਰਨ ਸਿ਼ਲਾਂਗ ਦਾ ਵਾਤਾਵਰਨ ਵੀ ਚਿੰਤਤ ਹੋਣ ਲੱਗਾ ਹੈ।

ਸਾਡੀ ਕਾਰ (ਟੈਕਸੀ)ਹਰੀਆਂ-ਭਰੀਆਂ ਘੁੰਮਣਦਾਰ ਪਹਾੜੀਆਂ ਦੇ ਵਿਚੋਂ ਦੀ ਸੜਕਾਂ ‘ਤੇ ਲਗਾਤਾਰ ਉਚਾਈ ਵੱਲ ਵੱਧ ਰਹੀ ਸੀ।ਅਸੀ ਇੱਕ ਥਾਂ ‘ਤੇ ਰਿਫਰੈਸ਼ਮੈਂਟ ਲਈ ਰੁਕੇ ਤਾਂ ਉਥੇ ਦੇਖਿਆ ਕਿ ਉਥੇ ਉਹ ਸੱਭ ਕੁਝ ਮਿਲ ਰਿਹਾ ਸੀ ਜੋ ਅਸੀ ਆਪਣੇ ਸ਼ਹਿਰ ਵਿੱਚ ਆਸਾਨੀ ਨਾਲ ਖਾਂਦੇ-ਪੀਦੇਂ ਹਾਂ।ਹਾਂ,ਤਾਜ਼ੇ ਪੱਕੇ ਕੇਲੇ ਇਕੱਠੇ ਜਰੂਰ ਆਕਰਸ਼ਕ ਸਨ।ਉਹ ਬਹੁਤ ਹੀ ਮਿੱਠੇ ਸਨ ਜੋ ਕਿ ਸ਼ਇਦ ਸਾਡੇ ਬਜ਼ਾਰਾਂ ਵਿੱਚ ਕਿਤੇ ਵੀ ਨਜ਼ਰ ਨਹੀ ਆਉਦੇ।ਲੱਘਭਗ ਚਾਰ ਘੰਟੇ ਦੇ ਸਫਰ ਤੋਂ ਬਾਅਦ ਅਸੀ ਸਿ਼ਲਾਂਗ ਪਹੰੁਚ ਗਏ।ਪਹਿਲਾਂ ਸਿ਼ਲਾਂਗ ਦੀ ਸੁੰਦਰਤਾ ਅਤੇ ਠੰਡਕ ਨੂੰ ਮਹਿਸੂਸ ਕੀਤਾ ਗਿਆ।ਸਾਡੀ ਰਿਹਾਇਸ਼ ਦਾ ਪ੍ਰਬੰਧ ਉਥੇ ਦੇ ਸਰਕਾਰੀ ਗੈਸਟ ਹਾਊਸ ਵਿੱਚ ਕੀਤਾ ਗਿਆ ਸੀ।ਜੋ ਕਿ ਸਿ਼ਲਾਂਗ ਦੇ ਮੇਨ ਬਜ਼ਾਰ ਦੇ ਬਿਲਕੁਲ ਨੇੜੇ ਸੀ।ਸਾਡਾ ਦਫਤਰ ਵੀ ਬਿਲਕੁਲ ਨੇੜੇ ਹੀ ਸੀ ਅਤੇ ਪ੍ਰਚੀਨ ਮਸ਼ਹੂਰ ਮੰਦਰ ਦੇ ਬਿਲਕੁਲ ਨਾਲ ਲੱਗਦਾ ਸਾਡਾ ਪੰਜ਼ ਮੰਜਿ਼ਲਾ ਗੈਸਟ ਹਾਊਸ ਸੀ।ਸਾਡੇ ਗੈਸਟ ਹਾਊਸ ਦਾ ਡਰਾਇੰਗ ਰੂਮ ਗਰਾਂਊਡ ਫਲੋਰ ਤੇ ਸੀ ਅਤੇ ਸਾਡਾ ਕਮਰਾ ਦੂਸਰੀ ਮੰਜਿ਼ਲ ਤੇ ਸੀ ਅਤੇ ਸਾਡੇ ਕਮਰੇ ਦੀਆਂ ਖਿੜਕੀਆਂ ਮੰਦਰ ਵੱਲ ਨੂੰ ਖੁੱਲਦੀਆਂ ਸਨ।

ਸਿ਼ਲਾਂਗ ਉਤਰ-ਪੂਰਬੀ ਰਾਜਾਂ ਦੇ ਪ੍ਰਮੁੱਖ ਸ਼ਹਿਰਾਂ ਵਿੱਚੋ ਇਕ ਹੈ ਅਤੇ ਖੇਤੀਬਾੜੀ ਦੇ ਲਈ ਇਕ ਮਹੱਤਵਪੂਰਨ ਵਪਾਰਕ ਕੇਂਦਰ ਹੈ।ਇੱਥੇ ਵਾਹਨਾ ਦਾ ਭੀੜ-ਭੜੱਕਾ ਬਹੁਤ ਹੈ,ਇੱਥੇ ਭੀੜ ਦਾ ਕਾਰਨ ਇਹ ਹੈ ਕਿ ਆਸਾਮ ਦੇ ਵੱਖ-ਵੱਖ ਸਥਾਨਾਂ ਨੂੰ ਉਤਰੀ-ਪੂਰਬੀ ਰਾਜਾਂ ਜਿਵੇਂ ਮਿਜੋਰਿਮ ਅਤੇ ਤ੍ਰਿਪੁਰਾ ਨੂੰ ਜੋੜਨ ਵਾਲਾ ਰਾਸ਼ਟਰੀ ਰਾਜਮਾਰਗ ਇਸ ਸ਼ਹਿਰ ਵਿਚੋਂ ਦੀ ਲੰਘਦਾ ਹੈ।ਭਾਰਤੀ ਹਵਾਈ ਸੈਨਾ ਦੀ ਪੂਰਬੀ ਕਮਾਂਡ ਦਾ ਮੁੱਖ ਦਫਤਰ ਸਿ਼ਲਾਂਗ ਵਿੱਚ ਹੀ ਹੈ।ਉਨਾਂ ਵਲੋਂ ਬਹੁਤ ਉਚੀਆਂ-ਉਚੀਆ ਚੋਟੀ ‘ਤੇ ਵੱਡੇ-ਵੱਡੇ ਰਾਡਾਰ ਲਗਾਏ ਗਏ ਹਨ।ਇਹ ਦੇਸ਼ ਦੀ ਸੁਰੱਖਿਆ ਦੇ ਲਈ ਬਹੁਤ ਹੀ ਸੰਵੇਦਨਸ਼ੀਲ ਹੈ।ਏਥੇ ਬਹੁਤ ਸਾਰੇ ਖੋਜ਼ ਕੇਂਦਰਾਂ ਵਿੱਚ ਡੈਅਰੀ ਵਿਗਿਆਨ,ਬਾਗਬਾਨੀ,ਕਲਚਰਲ ਸੰਸਥਾਵਾਂ ਸ਼ਾਮਲ ਹੈ।ਬਰਪਾਨੀ ਹਾਈਡ੍ਰੋਇਲੈਕਟ੍ਰਿਕ ਸਟੇਸ਼ਨ ਸ਼ਹਿਰ ਦੇ ਉਤਰ ਦਿਸ਼ਾਂ ਵਿੱਚ ਕੁਝ ਹੀ ਮੀਲ ਦੀ ਦੂਰੀ ਤੇ ਸਥਿਤ ਹੈ।ਇੱਥੇ ਪਾਸਚਰ ਇੰਸਟੀਚਿਊਟ ਮੈਡੀਕਲ ਰਿਸਰਚ ਇੰਸਟੀਚਿਊਟ ਅਤੇ ਦੋ ਹਸਪਤਾਲ ਹਨ।ਇੱਥੇ ਉਤਰ-ਪੂਰਬੀ ਹਿੱਲ ਯੂਨੀਵਰਸਿਟੀ,ਇੱਕ ਕੇਂਦਰੀ ਯੂਨੀਵਰਸਿਟੀ,ਦਾ ਮੁੱਖ ਦਫਤਰ ਸਥਾਪਤ ਕੀਤਾ ਗਿਆ ਹੈ ਅਤੇ ਉਤਰ-ਪੂਰਬੀ ਕੌਸਲ ਅਤੇ ਭਾਰਤੀ ਸਮਾਜਿਕ ਵਿਗਿਆਨ ਖੋਜ਼ ਕੌਸਲ ਦਾ ਖੇਤਰੀ ਹੈਡਕੁਆਟਰ ਵੀ ਹੈ।

ਇਸ ਪ੍ਰੋਗ੍ਰਾਮ ਦੇ ਆਖਰੀ ਦਿਨ ਸਾਡਾ ਪ੍ਰੋਗ੍ਰਾਮ ਵਣ ਵਿਭਾਗ ਦੇਖਣ ਦਾ ਸੀ।ਥੋੜੀ ਹੀ ਦੂਰ ਜਾ ਕੇ ਬੱਸ ਅੱਡਾ ਸੀ,ਅਸੀ ਬੱਸ ਦੇ ਸਮ੍ਹੇਂ ਤੋ ਪਹਿਲਾਂ ਹੀ ਬੱਸ ਕੋਲ ਚਲੇ ਗਏ।ਆਲੇ ਦੁਆਲੇ ਸੌਖਿਆ ਦੇਖਣ ਦੇ ਲਈ ਹਰ ਕੋਈ ਇਕ ਪਾਸੇ ਵਾਲੀ ਸੀਟ ਤੇ ਬੈਠਣਾ ਚਾਹੰੁਦਾ ਸੀ।ਅਸੀ ਪਹਿਲਾਂ ਹੀ ਜਾ ਕੇ ਬਸ ਵਿੱਚ ਸਾਇਡ ਵਾਲੀ ਸੀਟ ਲੈ ਲਈਆਂ ਸਨ।ਮੇਰੇ ਨਾਲ ਵਾਲੀ ਸੀਟ ‘ਤੇ ਇਕ ਭਗਵੇ ਕਪੜਿਆ ਵਾਲੇ ਕੋਈ ਸੰਤ ਆ ਕੇ ਬੈਠ ਗਏ ਸਨ।ਉਨਾਂ ਨੇ ਆਪਣੀਆਂ ਧਾਰਮਿਕ ਗੱਲਾਂਬਾਤਾ ਸ਼ੁਰੂ ਕਰ ਦਿੱਤੀਆਂ ਪਰ ਮੈਂ ਧਾਰਮਿਕ ਗੱਲਾਂ ਤੇ ਬਹਿਸ ਕਰਨ ਤੋਂ ਥੋੜਾ ਗੁਰੇਜ਼ ਕਰਦਾ ਸੀ,ਫਿਰ ਵੀ ਉਨਾਂ ਨੇ ਆਪਣੀ ਗੱਲਬਾਤ ਜ਼ਾਰੀ ਰੱਖੀ ਮੈਂ ਕਦੇ-ਕਦੇ ਥੋੜੇ-ਥੋੜੇ ਸਮੇਂ ਬਾਅਦ ਹਾਂ ਨਾਂ ਵਿੱਚ ਜਵਾਬ ਦੇ ਦਿੰਦਾ।ਅੱਜ ਵੀ ਬਹੁਤ ਸਾਰੇ ਅਜਿਹੇ ਹਨ ਜੋ ਆਪਣੇ ਆਪਣੇ ਧਰਮ ਦੇ ਪ੍ਰਚਾਰ ਵਿੱਚ ਲੱਗੇ ਹੋਏ ਹਨ।ਚਰਚਾ ਦਾ ਸਿਲਸਿਲਾ ਉਦੋਂ ਬਦਲ ਗਿਆ ਕਿ ਜਦੋ ਮੇਰੇ ਨਾਲ ਦੇ ਨੇ ਆਪਣੇ ਨਾਲ ਲੈ ਕੇ ਆਏ ਨੇੇ ਮੂੰਗਫਲੀ ਦੇ ਪੈਕਟ ਨੂੰ ਖੋਲ ਕੇ ਉਥੇ ਸਾਰਿਆਂ ਨੂੰ ਵੰਡਣੀ ਸ਼ੁਰੂ ਕਰ ਦਿੱਤੀ।

ਸਿ਼ਲਾਂਗ ਦੇ ਆਲੇ-ਦੁਆਲੇ ਦੇ ਬਹੁਤ ਸਾਰੇ ਦਿਲਚਸਪ ਸਥਾਨਾਂ ਵਿਚੋਂ ਸਥਾਨ ਮਹੱਤਵਪੂਰਨ ਸਿ਼ਲਾਂਗ ਪੀਕ ਹੈ ਇਹ ਸਿ਼ਲਾਂਗ ਦਾ ਸੱਭ ਤੋਂ ਉਚੇ ਸਥਾਨ ਤੇ ਹੈ।ਜਿਸ ਦੀ ਉਚਾਈ ਲੱਗਭਗ 1965 ਮੀਟਰ ਹੈ।ਏਥੋਂ ਸਾਰੇ ਸ਼ਹਿਰ ਦਾ ਨਜ਼ਾਰਾ ਦੇਖਿਆ ਜਾ ਸਕਦਾ ਹੈ।ਰਾਤ ਨੂੰ,ਇਥੋਂ ਦੇ ਅਣਗਿਣਤ ਤਾਰਿਆਂ ਵਾਂਗ ਪੂਰੇ ਸ਼ਹਿਰ ਦੀਆਂ ਲਾਇਟਾਂ ਚਮਕਦੀਆਂ ਹਨ।
ਲੇਡੀ ਹੈਦਰੀ ਪਾਰਕ,ਇਹ ਪਾਰਕ ਲਗਭਗ ਹਰ ਕਿਸਮ ਦੇ ਫੁੱਲਾਂ ਦਾ ਘਰ ਹੈ,ਹਰ ਤਰ੍ਹਾਂ ਦੇ ਫੁੱਲਾਂ ਨਾਲ ਭਰਿਆ ਇਹ ਪਾਰਕ ਆਉਣ ਜਾਣ ਵਾਲਿਆਂ ਦਾ ਦਿਲ ਮੋਹ ਲੈਦਾ ਹੈ।ਏਥੇ ਇਕ ਛੋਟਾ ਜਿਹਾ ਚਿੜੀਆਂ ਘਰ ਵੀ ਹੈ ਜਿਸ ਅੰਦਰ ਤੁਹਾਨੂੰ ਹਰ ਤਰ੍ਹਾਂ ਦੀਆਂ ਤਿਤਲੀਆਂ ਦੇਖਣ ਨੂੰ ਮਿਲ ਜਾਣਗੀਆਂ

ਕੈਲਾਂਗ ਰਾਲਮੇਰੰਗ-ਨੌਖੱਲਾਂ ਸੜਕ ‘ਤੇ ਇਕ ਉਚੀ ਅਤੇ ਵਿਸ਼ਾਲ ਗ੍ਰੇਨਾਈਟ ਚੱਟਾਨ ਹੈ ਜਿਸ ਨੂੰ ਕੈਲਾਂਗ ਰਾਕ ਵਜੋਂ ਜਾਣਿਆ ਜਾਂਦਾ ਹੈ।ਇਹ ਇੱਕ ਗੋਲ ਗੁੰਬਦ ਵਾਂਗ ਬਣੀ ਹੋਈ ਚੱਟਾਨ ਹੈ,ਜਿਸ ਦਾ ਵਿਆਸ ਲਗਭਗ 1000 ਫੁੱਟ ਹੈ।ਵਾਰਡਸ ਵਿੱਚ ਇਕ ਨਕਲੀ ਝੀਲ ਹੈ ਜੋ ਸੰਘਣੇ ਜੰਗਲ ਨਾਲ ਘਿਰੀ ਹੋਈ ਹੈ।
ਮਿੱਠਾ ਝਰਨਾ-ਹੈਪੀ ਵੈਲੀ ਵਿੱਚ ਸਥਿਤ ਇਹ ਝਰਨਾ ਬਹੁਤ ਉਚਾ ਅਤੇ ਬਹੁਤ ਸਿੱਧਾ ਹੈ।ਮਾਨਸੂਨ ਵਿੱਚ ਇਸ ਦੀ ਖੂਬਸੂਰਤੀ ਦੇਖਣ ਯੋਗ ਹੰੁਦੀ ਹੈ।

ਹਾਥੀ ਵਾਟਰਫਾਲ-ਇਹ ਅੱਪਰ ਸਿ਼ਲਾਂਗ ਵਿੱਚ ਸਥਿਤ ਹੈ ਜਿੱਥੇ ਏਅਰ ਫੋਰਸ ਦੀ ਈਸਟਰਨ ਏਅਰ ਕਮਾਂਡ ਦਾ ਦਫਤਰ ਹੈ।ਇੱਥੇ ਹੋਰ ਵੀ ਕਈ ਛੋਟੇ-ਛੋਟੇ ਝਰਨੇ ਡਿੱਗਦੇ ਹਨ।ਝਰਨੇ ਨੂੰ ਦੇਖਣ ਲਈ ਇੱਕ ਛੋਟੇ ਰਸਤੇ ਦੀ ਮਦਦ ਨਾਲ ਹੇਠਾਂ ਜਾ ਕੇ ਦੇਖਿਆ ਜਾ ਸਕਦਾ ਹੈ,ਜਿੱਥੇ ਇਕ ਛੋਟੀ ਝੀਲ ਬਣੀ ਹੋਈ ਹੈ,ਵਿਸ਼ਵ ਪ੍ਰਸਿੱਧ ਅਸਟਰੀਆ ਵਾਟਰ ਫਾਲਸ ਦੀ ਸੁੰਦਰਤਾ ਇਸ ਤੋਂ ਕਈ ਗੁਣਾ ਘੱਟ ਹੈ।
ਮਿਯਾਮ-ਇਹ ਸਿ਼ਲਾਂਗ ਤੋਂ 20 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ,ਇਕ ਉਮੀਅਮ ਹਾਈਡਰੋ-ਇਲੈਕਟ੍ਰਿਕ ਪ੍ਰੋਜੈਕਟ ਦੁਆਰਾ ਬਣਾਈ ਗਈ ਝੀਲ ‘ਤੇ ਸਥਿਤ ਇੱਕ ਵਾਟਰ ਸਪੋਰਟਸ ਕੰਪਲੈਕਸ ਹੈ।ਏਥੇ ਬਹੁਤ ਸਾਰੀਆਂ ਪਾਣੀ ਦੀਆਂ ਖੇਡਾਂ ਦਾ ਆਨੰਦ ਲਿਆ ਜਾ ਸਕਦਾ ਹੈ।ਇਸੇ ਤਰਾਂ ਇਹ ਸਥਾਨ ਜੈਕਾਰਮ,ਗਰਮ ਬਸੰਤ ਕੁਦਰਤ ਦਾ ਇਕ ਸ਼ਾਨਦਾਰ ਤੋਹਫਾ ਹੈ।ਝਰਨਿਆ ‘ਚੋਂ ਜੋ ਸਲਫਰ ਮੁਕਤ ਗਰਮ ਪਾਣੀ ਨਿਕਲਦਾ ਹੈ ਉਹ ਚਮੜੀ ਦੇ ਰੋਗਾਂ ਦੇ ਲਈ ਬਹੁਤ ਹੀ ਲਾਭਦਾਇਕ ਹੈ।ਏਥੇ ਆ ਕੇ ਹਰ ਤਰਾਂ ਦੇ ਸਪੋਰਟਸ ਦਾ ਆਨੰਦ ਲਿਆ ਜਾ ਸਕਦਾ ਹੈ।

ਮਹਾਂਦੇਵ ਖੋਲਾ ਮੰਦਰ ਪਹਾੜੀਆਂ ਦੇ ਵਿੱਚ ਇਕ ਸੁਰੰਗ ਦੇ ਅੰਦਰ ਗੋਰਖਾ ਰੇਜ਼ੀਮੈਂਟ ਵਲੋਂ ਬਣਾਇਆ ਗਿਆ ਇੱਕ ਪ੍ਰਚੀਨ ਮੰਦਰ ਹੈ।ਇਸ ਮੰਦਰ ਤੋਂ ਭਗਵਾਨ ਸਿ਼ਵ ਦੀਆਂ ਬਹੁਤ ਸਾਰੀ ਕਹਾਣੀਆਂ ਵਾਪਰੀਆਂ ਹਨ।ਸਿਲਾਂਗ ਦੇ ਮਾਰਵਾੜੀ ਸਮਾਜ਼ ਲਈ ਇਹ ਸ਼ਰਧਾ ਦਾ ਕੇਂਦਰ ਹੈ।ਸਿ਼ਵਰਾਤਰੀ ਦਾ ਦਿਨ ਏਥੇ ਬੜੀ ਧੁਮ-ਧਾਮ ਨਾਲ ਮਨਾਇਆ ਜਾਂਦਾ ਹੈ।ਇਸ ਤੋਂ ਇਲਾਵਾ ਦੇਵੀ ਦੀ ਸ਼ਕਤੀ ਪੀਠਾਂ ਵਿੱਚ ਸ਼ਾਮਲ ਜਯੰਤੀ ਸ਼ਕਤੀ ਪੀਠ ਇੱਥੇ ਜਯੰਤੀ ਪਹਾੜੀਆਂ ਵਿੱਚ ਸਥਿਤ ਹੈ।

ਸਿ਼ਲਾਂਗ ਵਿੱਚ ਖਰੀਦਦਾਰੀ ਕਰਨ ਲਈ ਮੇਨ ਬਜ਼ਾਰ,ਪੁਲਿਸ ਬਜ਼ਾਰ,ਪਲਟਨ ਬਜ਼ਾਰ,ਬਾਰਾ ਬਜ਼ਾਰ ਅਤੇ ਲੋਟੂਮੁਖਰਹ ਹੈ।ਪਹਿਲਾਂ ਮਘਾਲਿਆ ਤੋਂ ਲੋਕ ਏਥੇ ਸਮਾਨ ਵੇਚਣ ਲਈੇ ਆਉਂਦੇ ਸਨ।ਪੁਲਿਸ ਬਜ਼ਾਰ ਦੇ ਵਿਚਕਾਰ ਕਚਿਹਰੀ ਰੋਡ ਦੇ ਕੰਢੇ ਤੇ ਬਹੁਤ ਸਾਰੀਆਂ ਦੁਕਾਨਾਂ ਹਨ ਜਿੱਥੇ ਹੱਥ ਨਾਲ ਬੁਣੀਆਂ ਹੋਈਆਂ ਵੱਖ-ਵੱਖ ਆਕਾਰ ਦੀਆਂ ਬਹੁਤ ਹੀ ਸੰੁਦਰ ਟੋਕਰੀ ਮਿਲਦੀਆਂ ਹਨ।ਏਥੌਂ ਹੱਥ ਨਾਲ ਬੁਣੀ ਹੋਈ ਸ਼ਾਲ,ਹੈਂਡੀਕ੍ਰਾਫਟ, ਸੰਤਰੀ ਸ਼ਹਿਦ ਅਤੇ ਕੇਨ ਵਰਕ ਦੀ ਖਰੀਦਦਾਰੀ ਵੀ ਕੀਤੀ ਜਾ ਸਕਦੀ ਹੈ।

ਅਗਲੇ ਦਿਨ ਅਸੀ ਗੁਹਾਟੀ ਆ ਗਏ,ਕਿਉਕਿ ਵਾਪਸ ਆਉਣ ਲਈ ਸਾਨੂੰ ਗੁਹਾਟੀ ਆਉਣਾ ਹੀ ਪੈਣਾ ਸੀ।ਉਥੇ ਅਸੀ ਬ੍ਰਮਪੁੱਤਰ ਦੇਖਣ ਤੋਂ ਬਾਅਦ,ਅਸੀ ਸ਼ਹਿਰ ਦੇ ਮੁੱਖ ਸਥਾਨ ਦੇਖਣ ਦਾ ਮਨ ਬਣਾ ਲਿਆ।ਸ਼ਹਿਰ ਦੇ ਮੇਨ ਬਜ਼ਾਰ ਦੇਖਣ ਤੋਂ ਬਾਅਦ ਅਸੀ ਆਪਣੇ ਸਥਾਨ ਤੇ ਆ ਗਏ ਅਤੇ ਅਰਾਮ ਕੀਤਾ।ਅਗਲੇ ਦਿਨ ਸਵੇਰੇ ਹੀ ਇਕ ਨੇੜੇ ਦੇ ਮੰਦਰ ਦੇ ਦਰਸ਼ਨ ਕਰਨ ਚਲੇ ਗਏ,ਜਿੱਥੇ ਜਾ ਕੇ ਦੇਖਿਆ ਕਿ ਪਹਿਲਾਂ ਤੋਂ ਹੀ ਲੰਬੀਆਂ ਲਾਇਨਾਂ ਲੱਗੀਆਂ ਹੋਈਆਂ ਸਨ।ਦੱਖਣ ਏਰੀਏ ਦੀ ਤਰਾਂ ਏਥੇ ਵੀ ਕੁਝ ਪੈਸੇ ਲੈ ਕੇ ਪਹਿਲਾਂ ਦਰਸ਼ਨ ਕਰਾਉਣ ਦੀ ਸਹੂਲਤ ਸੀ।ਮੰਦਰ ਦੇ ਅੰਦਰ ਰੌਸਨੀ ਤਾਂ ਬਹੁਤ ਸੀ ਪਰ ਕਮਾਈ ਦੇ ਅਨੇਕਾਂ ਹੀ ਸਾਧਨਾ ਵਾਲਿਆਂ ਦੀ ਬਹੁਤ ਭਰਮਾਰ ਸੀ,ਕੋਈ ਕਬੂਤਰ ਹੱਥ ਵਿੱਚ ਲੈ ਕੇ ਖੜਾ ਸੀ,ਕੋਈ ਮੁਰਗਾ ਲੈ ਕੇ ਖੜਾ,ਕੁਝ ਨਾ ਕੁਝ ਲੈਣ ਦੀ ਕੋਸਿ਼ਸ ਕਰ ਰਹੇ ਸਨ।ਮੰਦਰ ਪ੍ਰਾਂਗਣ ਦੇ ਅੰਦਰ ਭੈਸੇ ਦੀ ਬਲੀ ਦੇਖ ਕੇ ਮਨ ਖਰਾਬ ਹੋ ਗਿਆ।ਕੁਝ ਜਨਜਾਤੀਆਂ ਦੇ ਲੋਕ ਭੈਸਾ ਦੀ ਬਲੀ ਦਾ ਮਾਸ ਪ੍ਰਸ਼ਾਦ ਦੇ ਰੂਪ ਵਿੱਚ ਲੈ ਕੇ ਖਾ ਰਹੇ ਸਨ।ਜੂਨ ਵਿੱਚ ਹੋਣ ਵਾਲੇ ਅੰਬੂਵਾਸੀ ਤਿਉਹਾਰ ਦੇ ਮੌਕੇ ‘ਤੇ ਦੇਸ਼ ਵਿਦੇਸ਼ ਵਿੱਚੋਂ ਵੱਡੀ ਗਿਣਤੀ ਵਿੱਚ ਸਾਧੂ ਸੰਤ ਅਤੇ ਤਾਂਤਰਿਕ ਏਥੇ ਪਹੰੁਚਦੇ ਹਨ।

ਗੁਹਾਟੀ ਤੋਂ 32 ਕਿਲੋਮੀਟਰ ਦੂਰ ਸੁਆਲਕੂਚੀ ਕਸਬਾ ਹੈ ਜਿੱਥੇ ਹਰ ਤਰਾਂ ਦਾ ਸਿਲਕ ਅਤੇ ਮੂੰਗਾ ਦੀ ਖਰੀਦਦਾਰੀ ਕਰ ਸਕਦੇ ਹੋ।ਇਸ ਕਸਬੇ ਨੂੰ ਪੂਰਬ ਦਾ ਮੈਨਚੇਸਟਰ ਕਿਹਾ ਜਾਂਦਾ ਹੈ।ਪੂਰੀ ਦੁਨੀਆਂ ਵਿੱਚ ਮੂੰਗਾ ਸਿਲਕ ਦਾ ਉਤਪਾਦ ਸਿਰਫ ਏਥੇ ਹੀ ਹੰੁਦਾ ਹੈ।ਗੁਹਾਟੀ ਵਿਚ ਸਿ਼ਲਾਂਗ ਤੋਂ ਉਲਟ ਮੌਸਮ ਹੈ ਏਥੇ ਬਹੁਤ ਗਰਮੀ ਹੈ।ਸੱਭ ਤੋਂ ਵੱਡੀ ਸਮੱਸਿਆ ਉਥੇ ਭੋਜਨ ਦੀ ਆ ਰਹੀ ਸੀ।ਇਕ ਦਿਨ ਤਾਂ ਬੜੀ ਮੁਸ਼ਕਲ ਨਾਲ ਫਰੂਟ ਵਗੈਰ ਲੈ ਕੇ ਦਿਨ ਕੱਢਿਆ ਅਤੇ ਦੂਸਰੇ ਦਿਨ ਅਸੀ ਕਮਾਖਿਆ ਮੰਦਰ ਦਰਸ਼ਨ ਕਰਨ ਗਏ ਅਤੇ ਉਥੇ ਜਾ ਕੇ ਕੁਝ ਨਾਸ਼ਤਾ ਕੀਤਾ।ਆਉਦੇ ਸਮੇਂ ਅਸੀ ਪਲਟਨ ਬਜ਼ਾਰ ਵਿੱਚੋਂ ਚਾਹ ਪੱਤੀ ਖਰੀਦੀ ਅਤੇ ਵਾਪਸ ਰਵਾਨਾ ਹੋ ਗਏ।ਰੇਲਵੇ ਸ਼ਟੇਸਨ ਤੱਕ ਅਸੀ ਸਾਰੇ ਇਕੱਠੇ ਹੀ ਆਏ ਸੀ,ਪਰ ਉਸ ਤੋਂ ਸਾਡੀ ਸਾਰਿਆਂ ਦੀ ਅਲੱਗ ਅਲੱਗ ਟਰੇਨ ਸੀ ਕੁਝ ਹੀ ਘੰਟਿਆਂ ਵਿੱਚ ਅਸੀ ਸਾਰੇ ਅਲੱਗ ਅਲੱਗ ਹੋ ਗਏ।ਅਸੀ ਸਾਰੇ ਆਪਣੇ ਆਪਣੇ ਘਰ ਜਾਣ ਲਈ ਅਲੱਗ-ਅਲੱਗ ਟਰੇਨ ਵਿੱਚ ਸਵਾਰ ਹੋ ਗਏ।

ਅਮਰਜੀਤ ਚੰਦਰ                                                                                                       9417600014

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਫਰਿਆਦ
Next articleਮੇਰੇ ਸਾਲਾ ਸਾਹਿਬ ਨਹੀਂ ਮੰਨੇਂ !