ਕਾਂਗਰਸ ਵੱਲੋਂ 125 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਨਵੀਂ ਦਿੱਲੀ (ਸਮਾਜ ਵੀਕਲੀ):  ਕਾਂਗਰਸ ਨੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ 125 ਉਮੀਦਵਾਰਾਂ ਦੀ ਪਹਿਲੀ ਸੂਚੀ ਅੱਜ ਜਾਰੀ ਕਰ ਦਿੱਤੀ ਹੈ। ਇਸ ’ਚ 50 ਮਹਿਲਾਵਾਂ ਵੀ ਸ਼ਾਮਲ ਹਨ। ਕਾਂਗਰਸ ਨੇ ਉਨਾਓ ਜਬਰ-ਜਨਾਹ ਪੀੜਤਾ ਦੀ ਮਾਂ ਆਸ਼ਾ ਸਿੰਘ ਨੂੰ ਉਨਾਓ ਹਲਕੇ ਤੋਂ ਟਿਕਟ ਦਿੱਤੀ ਹੈ। ਸੀਏਏ ਵਿਰੋਧੀ ਕਾਰਕੁਨ ਅਤੇ ਉੱਤਰ ਪ੍ਰਦੇਸ਼ ’ਚ ਪਾਰਟੀ ਤਰਜਮਾਨ ਸਦਫ਼ ਜਾਫਰ ਨੂੰ ਕਾਂਗਰਸ ਨੇ ਲਖਨਊ ਕੇਂਦਰੀ ਸੀਟ ਤੋਂ ਉਮੀਦਵਾਰ ਐਲਾਨਿਆ ਹੈ। ਆਸ਼ਾ ਵਰਕਰਾਂ ਦੇ ਹੱਕਾਂ ਲਈ ਲੜਨ ਵਾਲੀ ਕਾਰਕੁਨ ਪੂਨਮ ਪਾਂਡੇ ਨੂੰ ਸ਼ਾਹਜਹਾਂਪੁਰ ਅਤੇ ਸੋਨਭੱਦਰ ’ਚ ਆਦਿਵਾਸੀਆਂ ਦੇ ਹੱਕਾਂ ਲਈ ਲੜਨ ਵਾਲੇ ਆਦਿਵਾਸੀ ਆਗੂ ਰਾਮ ਰਾਜ ਗੋਂਡ ਨੂੰ ਪੋਂਗਾ ਹਲਕੇ ਤੋਂ ਮੈਦਾਨ ’ਚ ਉਤਾਰਿਆ ਗਿਆ ਹੈ।

ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਜੈ ਕੁਮਾਰ ਲੱਲੂ ਨੂੰ ਤਮਕੁਹੀ, ਪਾਰਟੀ ਦੀ ਵਿਧਾਨ ਸਭਾ ’ਚ ਆਗੂ ਅਰਾਧਨਾ ਮਿਸ਼ਰਾ ਮੋਨਾ ਨੂੰ ਰਾਮਪੁਰ ਖਾਸ ਅਤੇ ਸਾਬਕਾ ਕੇਂਦਰੀ ਮੰਤਰੀ ਸਲਮਾਨ ਖੁਰਸ਼ੀਦ ਦੀ ਪਤਨੀ ਲੂਈਸ ਖੁਰਸ਼ੀਦ ਨੂੰ ਫਰੂਖਾਬਾਦ ਹਲਕੇ ਤੋਂ ਟਿਕਟ ਦਿੱਤੀ ਗਈ ਹੈ। ਪ੍ਰੈੱਸ ਕਾਨਫਰੰਸ ਨੂੰ ਆਨਲਾਈਨ ਸੰਬੋਧਨ ਕਰਦਿਆਂ ਕਾਂਗਰਸ ਜਨਰਲ ਸਕੱਤਰ ਅਤੇ ਯੂਪੀ ਮਾਮਲਿਆਂ ਦੀ ਇੰਚਾਰਜ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਸੂਚੀ ’ਚ 40 ਫ਼ੀਸਦ ਮਹਿਲਾਵਾਂ ਅਤੇ 40 ਫ਼ੀਸਦ ਨੌਜਵਾਨਾਂ ਦੇ ਨਾਮ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਪਾਰਟੀ ਨਵੀਂ ਅਤੇ ਇਤਿਹਾਸਕ ਸ਼ੁਰੂਆਤ ਕਰ ਰਹੀ ਹੈ। ‘ਅਸੀਂ ਅਜਿਹੇ ਉਮੀਦਵਾਰ ਮੈਦਾਨ ’ਚ ਉਤਾਰੇ ਹਨ ਜਿਨ੍ਹਾਂ ਇਨਸਾਫ਼ ਲਈ ਸੰਘਰਸ਼ ਕੀਤਾ ਅਤੇ ਪਾਰਟੀ ਚਾਹੁੰਦੀ ਹੈ ਕਿ ਉਹ ਮੋਹਰੀ ਰਹਿ ਕੇ ਸੂਬੇ ਦੀ ਸੱਤਾ ਦਾ ਹਿੱਸਾ ਬਣਨ।’

ਪ੍ਰਿਯੰਕਾ ਨੇ ਕਿਹਾ ਕਿ ਕਾਂਗਰਸ ਨੇ ਆਪਣੇ ਹੱਕਾਂ ਲਈ ਸੜਕਾਂ ’ਤੇ ਇਨਸਾਫ਼ ਪ੍ਰਾਪਤੀ ਲਈ ਸੰਘਰਸ਼ ਕਰਨ ਵਾਲੇ ਪੱਤਰਕਾਰਾਂ, ਅਦਾਕਾਰਾਂ, ਕਾਰਕੁਨਾਂ ਅਤੇ ਸਮਾਜਿਕ ਕਾਰਕੁਨਾਂ ਨੂੰ ਟਿਕਟਾਂ ਦਿੱਤੀਆਂ ਹਨ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ ਕਿ ਉਨਾਓ ’ਚ ਜਿਸ ਮਹਿਲਾ ਦੀ ਧੀ ਨਾਲ ਭਾਜਪਾ ਨੇ ਬੇਇਨਸਾਫ਼ੀ ਕੀਤੀ, ਹੁਣ ਉਹ ਨਿਆਂ ਦਾ ਚਿਹਰਾ ਬਣ ਗਈ ਹੈ ਅਤੇ ਉਹ ਚੋਣ ਲੜ ਕੇ ਜਿੱਤ ਹਾਸਲ ਕਰੇਗੀ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘ਆਪ’ ਦਾ ਮੁੱਖ ਮੰਤਰੀ ਚਿਹਰਾ ਲੋਕ ਰਾਇ ਨਾਲ ਬਣੇਗਾ: ਕੇਜਰੀਵਾਲ
Next articleਮਾਇਆਵਤੀ ਵੱਲੋਂ ਪੱਛਮੀ ਯੂਪੀ ਲਈ ਦੋ ਉਮੀਦਵਾਰਾਂ ਦਾ ਐਲਾਨ