ਗੋਆ ’ਚ ਸਮਾਨ ਵਿਚਾਰਧਾਰਾ ਵਾਲੀਆਂ ਪਾਰਟੀਆਂ ਨਾਲ ਗੱਲਬਾਤ ਜਾਰੀ: ਪਵਾਰ

ਮੁੰਬਈ (ਸਮਾਜ ਵੀਕਲੀ):  ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ਅਗਲੇ ਮਹੀਨੇ ਗੋਆ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਪਾਰਟੀ ਨਾਲ ਮਿਲਦੀ-ਜੁਲਦੀ ਵਿਚਾਰਧਾਰਾ ਰੱਖਣ ਵਾਲੀਆਂ ਪਾਰਟੀਆਂ ਨਾਲ ਗੱਲਬਾਤ ਜਾਰੀ ਹੈ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ,‘ਐੱਨਸੀਪੀ ਆਗੂ ਪ੍ਰਫੁੱਲ ਪਟੇਲ ਅਤੇ ਸ਼ਿਵ ਸੈਨਾ ਦੇ ਸੰਜੈ ਰਾਊਤ  ਸੂਬੇ ਦੇ ਸਥਾਨਕ ਕਾਂਗਰਸੀ ਆਗੂਆਂ ਨਾਲ ਗੱਲਬਾਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇੱਕ ਆਮ ਰੁਝਾਨ ਬਣ ਰਿਹਾ ਹੈ ਕਿ ਭਾਜਪਾ ਨੂੰ ਹਰਾਇਆ ਜਾਣਾ ਚਾਹੀਦਾ ਹੈ ਤੇ ਮਿਲਦੀ-ਜੁਲਦੀ ਵਿਚਾਰਧਾਰਾ ਰੱਖਣ ਵਾਲੀਆਂ ਪਾਰਟੀਆਂ ਨਾਲ ਗੱਲਬਾਤ ਜਾਰੀ ਹੈ। ਉਨ੍ਹਾਂ ਕਿਹਾ,‘ ਸਾਡੀ  ਇੱਛਾ ਹੈ  ਕਿ ਗੋਆ ਵਿੱਚ ਪਰਿਵਰਤਨ ਦੀ ਲੋੜ ਹੈ। ਉੱਥੇ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ ਦੀ ਲੋੜ ਹੈ।’

ਸ੍ਰੀ ਪਵਾਰ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਉੱਤਰ ਪ੍ਰਦੇਸ਼, ਮਨੀਪੁਰ ਤੇ ਗੋਆ ਵਿੱਚ ਚੋਣਾਂ ਲੜੇਗੀ। ਉਨ੍ਹਾਂ ਕਿਹਾ,‘ਭਾਜਪਾ ਫ਼ਿਰਕੂ ਆਧਾਰ ’ਤੇ ਚੋਣਾਂ ਲੜਨਾ ਚਾਹੇਗੀ ਪਰ ਮੈਨੂੰ ਯਕੀਨ ਹੈ ਕਿ ਵੋਟਰ ਇਸ ਨੂੰ ਸਵੀਕਾਰ ਨਹੀਂ ਕਰਨਗੇ।’ ਪੰਜਾਬ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਫੇਰੀ ਮੌਕੇ ਸੁਰੱਖਿਆ ਵਿੱਚ ਹੋਈ ਕੋਤਾਹੀ ਦੇ ਦਾਅਵਿਆਂ ਸਬੰਧੀ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ,‘ਪ੍ਰਧਾਨ ਮੰਤਰੀ ਦਾ ਅਹੁਦਾ ਇੱਕ ਸੰਸਥਾ ਹੈ ਤੇ ਸੁਰੱਖਿਆ ਦੀ ਜ਼ਿੰਮੇਵਾਰੀ ਕੇਂਦਰ ਤੇ ਸੂਬੇ ਦੀ ਹੈ ਤੇ ਲੋੜੀਂਦਾ ਧਿਆਨ ਦੇਣ ਦੀ ਲੋੜ ਹੈ।’  ਯੂਪੀ ਦੇ ਮੰਤਰੀ ਸਵਾਮੀ ਪ੍ਰਸਾਦ ਮੌਰਿਆ ਵੱਲੋਂ ਸਮਾਜਵਾਦੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਕੈਬਨਿਟ ਛੱਡਣ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਵੋਟਿੰਗ ਤੱਕ ਹਰ ਰੋਜ਼ ਨਵੇਂ ਚਿਹਰੇ ਇੱਧਰ-ਉੱਧਰ ‘ਪਰਵਾਸ’ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਉਹ ਸਮਾਜਵਾਦੀ ਪਾਰਟੀ ਦੇ ਆਗੂ ਅਖਿਲੇਸ਼ ਯਾਦਵ ਵੱਲੋਂ ਸੱਦੀ  ਮੀਟਿੰਗ  ਵਿੱਚ ਹਿੱਸਾ ਲੈਣਗੇ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਫ਼ਰਤੀ ਭਾਸ਼ਣ: ਸੁਪਰੀਮ ਕੋਰਟ ’ਚ ਸੁਣਵਾਈ ਅੱਜ
Next articleਅਸਲ ਮੁੱਦਿਆਂ ਤੋਂ ਧਿਆਨ ਭਟਕਾ ਰਹੇ ਨੇ ਯੋਗੀ: ਪ੍ਰਿਯੰਕਾ