ਲਖਨਊ (ਸਮਾਜ ਵੀਕਲੀ): ਉੱਤਰ ਪ੍ਰਦੇਸ਼ ਵਿੱਚ ਅਗਾਮੀ ਚੋਣਾਂ ਤੋਂ ਪਹਿਲਾਂ ਅੱਜ ਯੋਗੀ ਸਰਕਾਰ ’ਚ ਕਿਰਤ ਤੇ ਰੁਜ਼ਗਾਰ ਮੰਤਰੀ ਓਬੀਸੀ ਆਗੂ ਸਵਾਮੀ ਪ੍ਰਸਾਦ ਮੌਰਿਆ ਨੇ ਸੂਬਾਈ ਕੈਬਨਿਟ ’ਚੋਂ ਅਸਤੀਫ਼ਾ ਦੇ ਦਿੱਤਾ। ਇਸ ਦੌਰਾਨ ਤਿੰੰਨ ਹੋਰ ਵਿਧਾਇਕਾਂ ਨੇ ਪਾਰਟੀ ਛੱਡਣ ਦਾ ਐਲਾਨ ਕੀਤਾ ਹੈ। ਵਿਧਾਇਕਾਂ ਦ ਅਜਿਹਾ ਕਦਮ ਯੂਪੀ ਵਿੱਚ ਭਾਜਪਾ ਲਈ ਵੱਡਾ ਝਟਕਾ ਹੈ। ਅਸਤੀਫ਼ੇ ਮਗਰੋਂ ਸਮਾਜਵਾਦੀ ਪਾਰਟੀ ’ਚ ਸ਼ਾਮਲ ਹੋਣ ਦੀਆਂ ਸੰਭਾਵਨਾਵਾਂ ਦਰਮਿਆਨ ਮੌਰਿਆ ਨੇ ਕਿਹਾ ਕਿ ਯੋਗੀ ਆਦਿੱਤਿਆਨਾਥ ਸਰਕਾਰ ਵੱਲੋਂ ਦਲਿਤਾਂ, ਪੱਛੜਿਆਂ, ਕਿਸਾਨਾਂ, ਬੇਰੁਜ਼ਗਾਰ ਨੌਜਵਾਨਾਂ ਤੇ ਛੋਟੇ ਵਪਾਰੀਆਂ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਸੀ। ਮੌਰਿਆ ਦੀ ਹਮਾਇਤ ਵਿੱਚ ਭਾਜਪਾ ਛੱਡਣ ਦਾ ਐਲਾਨ ਕਰਨ ਵਾਲੇ ਹੋਰਨਾਂ ਵਿਧਾਇਕਾਂ ਵਿੱਚ ਟਿੰਡਵਾੜੀ ਤੋਂ ਬ੍ਰਜੇਸ਼ ਪ੍ਰਜਾਪਤੀ, ਤਿਲਹਰ ਤੋਂ ਰੌਸ਼ਨ ਲਾਲ ਵਰਮਾ ਤੇ ਬਿਲਹੌਰ ਤੋਂ ਵਿਧਾਇਕ ਭਗਵਤੀ ਸਾਗਰ ਸ਼ਾਮਲ ਹਨ।
ਇਸ ਦੌਰਾਨ ਇਕ ਹੋਰ ਮੰਤਰੀ ਧਰਮ ਸਿੰਘ ਸੈਣੀ ਦੇ ਵੀ ਮੌਰਿਆ ਦੀ ਹਮਾਇਤ ’ਚ ਭਾਜਪਾ ਤੇ ਸੂਬਾਈ ਕੈਬਨਿਟ ਛੱਡਣ ਦੀਆਂ ਰਿਪੋਰਟਾਂ ਹਨ। ਸੈਣੀ ਕੋਲ ਯੋਗੀ ਸਰਕਾਰ ’ਚ ਆਯੂਸ਼, ਖੁਰਾਕ ਸੁਰੱਖਿਆ ਤੇ ਡਰੱਗ ਪ੍ਰਸ਼ਾਸਨ ਦਾ ਆਜ਼ਾਦਾਨਾ ਚਾਰਜ ਸੀ। ਪਾਰਟੀ ਵੱਲੋਂ ਇਨ੍ਹਾਂ ਦੇ ਅਸਤੀਫ਼ੇ ਪ੍ਰਵਾਨ ਕੀਤੇ ਜਾਣ ਬਾਰੇ ਅਜੇ ਕੁਝ ਵੀ ਸਪਸ਼ਟ ਨਹੀਂ ਹੈ। ਉਧਰ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਇਨ੍ਹਾਂ ਆਗੂਆਂ ਨੂੰ ਆਪਣੇ ਫੈਸਲੇ ’ਤੇ ਮੁੜ ਗੌਰ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਹਿੰਦੀ ਵਿੱਚ ਕੀਤੇ ਟਵੀਟ ’ਚ ਕਿਹਾ, ‘‘ਮੈਨੂੰ ਨਹੀਂ ਪਤਾ ਕਿ ਸਤਿਕਾਰਯੋਗ ਸਵਾਮੀ ਪ੍ਰਸਾਦ ਮੌਰਿਆ ਵੱਲੋਂ ਦਿੱਤੇ ਅਸਤੀਫ਼ੇ ਪਿੱਛੇ ਕੀ ਕਾਰਨ ਹੈ। ਮੈਂ ਉਨ੍ਹਾਂ ਨੂੰ ਬੈਠ ਕੇ ਗੱਲਬਾਤ ਕਰਨ ਦੀ ਅਪੀਲ ਕਰਦਾ ਹਾਂ। ਕਾਹਲੀ ਵਿੱਚ ਲਏ ਫੈਸਲੇ ਅਕਸਰ ਗ਼ਲਤ ਸਾਬਤ ਹੁੰਦੇ ਹਨ।’’
ਇਸ ਦੌਰਾਨ ਸਮਾਜਵਾਦੀ ਪਾਰਟੀ ਨੇ ਸਵਾਮੀ ਪ੍ਰਸਾਦ ਮੌਰਿਆ ਤੇ ਵਰਮਾ ਦੀ ਪਾਰਟੀ ਪ੍ਰਧਾਨ ਅਖਿਲੇਸ਼ ਯਾਦਵ ਨਾਲ ਇਕ ਫੋਟੋ ਟਵੀਟ ਕੀਤੀ ਹੈ। ਟਵੀਟ ਵਿੱਚ ਫੋਟੋ ਹੇਠਾਂ ਲਿਖਿਆ ਹੈ, ‘‘ਸਮਾਜਵਾਦੀ ਪਾਰਟੀ ’ਚ ਸਵਾਗਤ ਹੈ। ਜਲਦੀ ਹੀ ਸਮਾਜਿਕ ਇਨਸਾਫ਼ ਇਨਕਲਾਬ ਆਏਗਾ। 2022 ਵਿੱਚ ਤਬਦੀਲੀ ਆੲੇਗੀ।’’ ਯੂਪੀ ਦੀ ਰਾਜਪਾਲ ਆਨੰਦੀਬੇਨ ਪਟੇਲ ਨੂੰ ਭੇਜੇ ਅਸਤੀਫ਼ੇ ਵਿੱਚ ਮੌਰਿਆ ਨੇ ਲਿਖਿਆ ਕਿ ਯੋਗੀ ਸਰਕਾਰ ਦਲਿਤਾਂ, ਪੱਛੜਿਆਂ, ਕਿਸਾਨਾਂ, ਬੇਰੁਜ਼ਗਾਰ ਨੌਜਵਾਨਾਂ ਅਤੇ ਛੋਟੇ ਤੇ ਮਝੋਲੇ ਕਾਰੋਬਾਰੀਆਂ ਨੂੰ ਲਗਾਤਾਰ ਨਜ਼ਰਅੰਦਾਜ਼ ਕਰ ਰਹੀ ਸੀ ਤੇ ਉਹ ਸੂੁਬਾ ਸਰਕਾਰ ਦੇ ਇਸ ਰਵੱਈਏ ਤੋਂ ਖ਼ਫ਼ਾ ਹੋ ਕੇ ਅਸਤੀਫ਼ਾ ਦੇ ਰਹੇ ਹਨ। ਓਬੀਸੀ ਭਾਈਚਾਰੇ ਨਾਲ ਸਬੰਧਤ ਮੌਰਿਆ ਨੇ ਸਾਲ 2017 ਦੀਆਂ ਅਸੈਂਬਲੀ ਚੋਣਾਂ ਤੋਂ ਪਹਿਲਾਂ ਬਸਪਾ ਦਾ ਸਾਥ ਛੱਡ ਕੇ ਭਾਜਪਾ ਦੀ ਬਾਂਹ ਫੜੀ ਸੀ। ਉਹ ਪੰਜ ਵਾਰ ਪਦਰੌਨਾ ਤੋਂ ਵਿਧਾਇਕ ਰਹੇ ਹਨ ਜਦੋਂਕਿ ਉਨ੍ਹਾਂ ਦੀ ਧੀ ਸੰਘਮਿੱਤਰਾ ਮੌਰਿਆ ਲੋਕ ਸਭਾ ਵਿੱਚ ਬਦਾਯੂੰ ਸੰਸਦੀ ਸੀਟ ਤੋਂ ਭਾਜਪਾ ਦੀ ਨੁਮਾਇੰਦਗੀ ਕਰਦੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly