ਚੰਡੀਗੜ੍ਹ (ਸਮਾਜ ਵੀਕਲੀ): ਚੋਣ ਕਮਿਸ਼ਨ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ‘ਪੰਜਾਬ ਲੋਕ ਕਾਂਗਰਸ’ ਪਾਰਟੀ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤਾ ਹੈ| ਪੰਜਾਬ ਲੋਕ ਕਾਂਗਰਸ ਨੇ ਪਾਰਟੀ ਨੂੰ ਮਿਲੇ ਚੋਣ ਨਿਸ਼ਾਨ ਖਿੱਦੋ ਖੂੰਡੀ (ਹਾਕੀ ਤੇ ਬਾਲ) ਦੀ ਸੂਚਨਾ ਟਵੀਟ ਕਰ ਕੇ ਸਾਂਝੀ ਕੀਤੀ ਹੈ| ਪਾਰਟੀ ਤਰਫ਼ੋਂ ਇਹ ਖ਼ੁਸ਼ੀ ਸਾਂਝੀ ਕਰਦਿਆਂ ਕਿਹਾ ਗਿਆ ਹੈ ਕਿ ‘ਬੱਸ, ਹੁਣ ਗੋਲ ਕਰਨਾ ਬਾਕੀ ਹੈ’|
ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ 24 ਵਰ੍ਹਿਆਂ ਮਗਰੋਂ ਕਾਂਗਰਸ ਨੂੰ ਅਲਵਿਦਾ ਕਹਿਣ ਮਗਰੋਂ ਆਪਣੀ ਨਵੀਂ ਪਾਰਟੀ ਬਣਾ ਲਈ ਸੀ| ਪੰਜਾਬ ਲੋਕ ਕਾਂਗਰਸ ਦੇ ਸੀਨੀਅਰ ਆਗੂ ਐਡਵੋਕੇਟ ਹਰਿੰਦਰ ਸਿੰਘ ਜੌੜਕੀਆਂ ਨੇ ਆਖਿਆ ਕਿ ਪਾਰਟੀ ਨੂੰ ਮਿਲਿਆ ਨਵਾਂ ਚੋਣ ਨਿਸ਼ਾਨ ‘ਹਾਕੀ ਤੇ ਬਾਲ’ ਸ਼ੁੱਭ ਸ਼ਗਨ ਹੈ ਕਿਉਂਕਿ ਹਾਕੀ ਤਾਂ ਦੇਸ਼ ਦੀ ਕੌਮੀ ਖੇਡ ਹੈ। ਕੈਪਟਨ ਅਮਰਿੰਦਰ ਸਿੰਘ ਨੇ ਲੰਘੇ ਦਿਨ ਹੀ ਪਾਰਟੀ ਦੇ ਨਵੇਂ ਪੰਜ ਉਪ ਪ੍ਰਧਾਨ ਐਲਾਨੇ ਸਨ ਜਿਨ੍ਹਾਂ ਵਿੱਚ ਅਮਰੀਕ ਸਿੰਘ ਆਲੀਵਾਲ, ਪ੍ਰੇਮ ਮਿੱਤਲ, ਫਰਜ਼ਾਨਾ ਆਲਮ, ਹਰਜਿੰਦਰ ਸਿੰਘ ਠੇੇਕੇਦਾਰ ਅਤੇ ਬੰਨੀ ਚਹਿਲ ਦੇ ਨਾਂ ਸ਼ਾਮਲ ਹਨ| ਇਸੇ ਤਰ੍ਹਾਂ ਪਾਰਟੀ ਦੇ 17 ਜਨਰਲ ਸਕੱਤਰ ਬਣਾਏ ਗਏ ਹਨ|
ਪੰਜਾਬ ਲੋਕ ਕਾਂਗਰਸ ਵੱਲੋਂ ਭਾਜਪਾ ਨਾਲ ਚੋਣ ਸਮਝੌਤਾ ਕੀਤਾ ਗਿਆ ਹੈ ਅਤੇ ਸੀਟਾਂ ਦੀ ਵੰਡ ਹੋਣੀ ਬਾਕੀ ਹੈ|
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly