” ਫਿੱਕੀਆਂ ਜਲੇਬੀਆਂ “

ਵੀਨਾ ਬਟਾਲਵੀ

(ਸਮਾਜਵੀਕਲੀ)-ਹਰਲੀਨ ਅਤੇ ਗੁਰਪਿੰਦਰ ਦੇ ਵਿਆਹ ਨੂੰ ਵੀਹ ਸਾਲ ਹੋ ਚੁੱਕੇ ਸਨ ਪਰ ਅਜੇ ਤੱਕ ਉਹ ਇੱਕ ਦੂਜੇ ਦੀ ਰੂਹ ਤੱਕ ਨਹੀਂ ਪਹੁੰਚ ਸਕੇ।
ਵਿਆਹ ਦੇ ਸ਼ੁਰੂ-ਸ਼ੁਰੂ ਵਿੱਚ ਤਾਂ ਉਹ ਬਹੁਤ ਖੁਸ਼ ਨਜ਼ਰ ਆਉਂਦੇ ਸਨ, ਭਾਵੇਂ ਹਰਲੀਨ ਨੂੰ ਉਸ ਦੀ ਸ਼ਰਾਬ ਪੀਣ ਦੀ ਆਦਤ ਤੋਂ ਬਹੁਤ ਚਿੜ ਸੀ। ਪਰ ਉਸ ਨੂੰ ਆਪਣੇ ਆਪ ਤੇ ਪੂਰਾ ਭਰੋਸਾ ਸੀ ਕਿ ਉਹ ਪਿਆਰ ਨਾਲ ਆਪਣੇ ਪਤੀ ਦੀ ਪੀਣ ਦੀ ਆਦਤ ਨੂੰ ਛੁਡਾ ਦੇਵੇਗੀ, ਪਰ ਇਹ ਉਸ ਦਾ ਭੁਲੇਖਾ ਹੀ ਰਿਹਾ।

ਪੜ੍ਹੇ-ਲਿਖੇ ਹੋਣ ਕਾਰਨ ਹਰਲੀਨ ਆਪਣੇ ਪਤੀ ਨੂੰ ਪਿੰਦਰ ਨਾਮ ਨਾਲ ਬੁਲਾਉਣ ਲੱਗ ਪਈ। ਉਹ ਸਾਂਝੇ ਪਰਿਵਾਰ ਵਿੱਚ ਵਿਆਹੀ ਗਈ ਸੀ। ਸ਼ੁਰੂ-ਸ਼ੁਰੂ ਵਿੱਚ ਤਾਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੀ ਪਰ ਫਿਰ ਘਰਦਿਆਂ ਦੇ ਕਹਿਣ ਤੇ ਪਿੰਦਰ ਨੇ ਹਰਲੀਨ ਨੂੰ ਕਿਹਾ ਕਿ ਜੇਕਰ ਉਸਨੇ ਉਸਦਾ ਨਾਮ ਲੈ ਕੇ ਬੁਲਾਉਣਾ ਹੈ ਤਾਂ ਉਹ ਘਰਦਿਆਂ ਦੀ ਗੈਰਹਾਜ਼ਰੀ ਵਿੱਚ ਬੁਲਾ ਲਿਆ ਕਰੇ। ਇਹ ਸੁਣਕੇ ਉਸ ਨੂੰ ਬਹੁਤ ਅਜੀਬ ਲੱਗਿਆ।

ਇਸੇ ਤਰ੍ਹਾਂ ਖਿੱਚੋਤਾਣ ਵਿੱਚ ਉਨ੍ਹਾਂ ਘਰ ਧੀ-ਪੁੱਤ ਦਾ ਜਨਮ ਹੋਇਆ। ਹਰਲੀਨ ਨੇ ਸੋਚਿਆ ਸ਼ਾਇਦ ਹੁਣ ਹੀ ਉਸ ਦਾ ਪਤੀ ਪੀਣ ਦੀ ਆਦਤ ਛੱਡ ਦੇਵੇਗਾ, ਪਰ ਨਹੀਂ। ਆਪਣੇ ਸ਼ਰੀਕਾਂ ਅਤੇ ਉਸ ਦੇ ਪਿਆਕੜ ਸੱਜਣਾਂ ਮਿੱਤਰਾਂ ਅੱਗੇ ਉਸ ਦੀ ਕਿਸਮਤ ਹਾਰ ਗਈ।
ਕਰਦਿਆਂ ਕਰਾਉੰਦਿਆਂ ਉਸਦੇ ਬੱਚੇ ਜਵਾਨ ਹੋ ਗਏ। ਪਰ ਹਰਲੀਨ ਨੇ ਆਪਣੇ ਪਤੀ ਦਾ ਦਿਲ ਜਿੱਤਣ ਦੀ ਉਮੀਦ ਨਾ ਛੱਡੀ। ਭਾਵੇਂ ਨਿੱਕੀ-ਨਿੱਕੀ ਗੱਲ ਤੇ ਉਹਨਾਂ ਵਿੱਚ ‘ਤੂੰ-ਤੂੰ’ ‘ਮੈਂ-ਮੈਂ’ ਹੁੰਦੀ ਹੀ ਰਹਿੰਦੀ। ਉਹ ਹੁਣ ਇੱਕ ਦੂਜੇ ਨੂੰ ਉਹਨਾਂ ਹੀ ਬੁਲਾਉਂਦੇ ਜਿਨ੍ਹਾਂ ਬੁਲਾਏ ਬਿਨਾਂ ਨਾ ਸਰਦਾ।

ਗੁਰਪਿੰਦਰ ਨੂੰ ਜਲੇਬੀਆਂ ਬਹੁਤ ਪਸੰਦ ਸਨ। ਉਹ ਕੰਮ ਤੋਂ ਵਾਪਸ ਆਉਂਦਾ ਅਕਸਰ ਜਲੇਬੀਆਂ ਲੈ ਆਉਂਦਾ। ਅੱਜ ਵੀ ਉਹ ਜਲੇਬੀਆਂ ਲਿਆਇਆ। ਮਹੀਨੇ ਤੋਂ ਦੋਹਾਂ ਜੀਆਂ ਵਿੱਚ ਬੋਲ-ਚਾਲ ਬੰਦ ਸੀ। ਗੁਰਪਿੰਦਰ ਦੇ ਆਉਣ ਤੇ ਹਰਲੀਨ ਨੇ ਚਾਹ ਧਰ ਦਿੱਤੀ। ਚਾਹ ਫੜਾ ਕੇ ਉਹ ਰਸੋਈ ਵਿੱਚ ਕੰਮ ਦੇ ਬਹਾਨੇ ਵਾਪਸ ਆ ਗਈ। ਉਹ ਸੋਚਣ ਲੱਗੀ ਕਿ ਉਸਦਾ ਪਿੰਦਰ ਅਵਾਜ ਮਾਰ ਕੇ ਉਸ ਨੂੰ ਵੀ ਜਲੇਬੀਆਂ ਖਾਣ ਲਈ ਕਹੇਗਾ।

ਉਸ ਦੀ ਚਾਹ ਮੁੱਕ ਚੱਲੀ ਸੀ ਪਰ ਉਸ ਨੂੰ ਕੋਈ ਅਵਾਜ਼ ਨਾ ਆਈ। ਉਹ ਆਪਣਾ ਚਾਹ ਵਾਲਾ ਕੱਪ ਲੈ ਕੇ ਬਾਹਰ ਆ ਗਈ। ਉਸ ਨੇ ਵੇਖਿਆ ਕਿ ਜਿਹੜੀਆਂ ਜਲੇਬੀਆਂ ਨੂੰ ਉਹ ਉਡੀਕ ਰਹੀ ਸੀ ਉਸ ਜਲੇਬੀਆਂ ਵਾਲੇ ਲਿਫਾਫੇ ਨੂੰ ਉਸ ਦੇ ਪਤੀ ਨੇ ਗੰਢ ਮਾਰ ਕੇ ਪਰ੍ਹੇ ਰੱਖਿਆ ਹੋਇਆ ਸੀ। ਹੁਣ ਉਸ ਨੂੰ ਉਹ ‘ਜਲੇਬੀਆਂ’ ਆਪਣੇ ਰਿਸ਼ਤੇ ਵਾਂਗ ਫਿੱਕੀਆਂ ਲੱਗ ਰਹੀਆਂ ਸਨ।

ਵੀਨਾ ਬਟਾਲਵੀ ( ਪੰਜਾਬੀ ਅਧਿਆਪਕਾ )
ਸ ਸ ਸ ਸਕੂਲ ਕਿਲ੍ਹਾ ਟੇਕ ਸਿੰਘ-ਬਟਾਲਾ
9463229499

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਧੀ ਦੀ ਅਰਜੋਈ
Next articleEngland white-ball expert Tom Curran out for four months with injury