ਮੁੰਬਈ (ਸਮਾਜ ਵੀਕਲੀ): ਹਾਲ ਹੀ ਵਿੱਚ ਜੈਪੁਰ ਵਿੱਚ ਕਰਵਾਏ ਗਏ ‘ਕੌਮਾਂਤਰੀ ਫ਼ਿਲਮ ਮੇਲੇ’ ਦੌਰਾਨ ਸ੍ਰੀਦੇਵੀ ਇੰਡੀਅਨ ਪੈਨੋਰਮਾ ਸ਼੍ਰੇਣੀ ਵਿੱਚ ਫ਼ਿਲਮ ‘ਮੇਰੇ ਦੇਸ਼ ਕੀ ਧਰਤੀ’ ਨੂੰ ਦੂਜੀ ਸਰਬੋਤਮ ਫ਼ਿਲਮ ਦੇ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। ਇਸ ਫ਼ਿਲਮ ਵਿੱਚ ਦਿਵੇਂਦੂ, ਅਨੂਪ੍ਰਿਆ ਗੋਇਨਕਾ ਅਤੇ ਅਨੰਤ ਵਿਧਾਤ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਇਸ ਸ਼੍ਰੇਣੀ ਵਿੱਚ ਪਹਿਲਾ ਪੁਰਸਕਾਰ ਨੀਰਜ ਗਵਾਲ ਦੀ ਨਿਰਦੇਸ਼ਿਤ ਫ਼ਿਲਮ ‘4 ਸੱਮ’ ਨੂੰ ਦਿੱਤਾ ਗਿਆ ਹੈ ਤੇ ਤੀਸਰੀ ਸਰਬੋਤਮ ਫ਼ਿਲਮ ਹੈ ‘ਨਾਟਿਅਮ’, ਜਿਸ ਦਾ ਨਿਰਦੇਸ਼ਨ ਰੇਵੰਤ ਕੋਰੂਕੋਂਡਾ ਨੇ ਕੀਤਾ ਹੈ। ‘ਮੇਰੇ ਦੇਸ਼ ਕੀ ਧਰਤੀ’ ਦਾ ਨਿਰਦੇਸ਼ਨ ਫਰਾਜ਼ ਹੈਦਰ ਨੇ ਕੀਤਾ ਹੈ। ਇਸ ਫ਼ਿਲਮ ਵਿੱਚ ਦੇਸ਼ ਦੇ ਪੇਂਡੂ ਅਤੇ ਸ਼ਹਿਰੀ ਖੇਤਰ ਦੀ ਵੰਡ ਦੀਆਂ ਸਮਕਾਲੀ ਪ੍ਰਸਥਿਤੀਆਂ ਨੂੰ ਦਿਖਾਇਆ ਗਿਆ ਹੈ।
ਫ਼ਿਲਮ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਸ਼ਹਿਰੀ ਨੌਜਵਾਨ ਪੇਂਡੂ ਆਰਥਿਕਤਾ ਨੂੰ ਉੱਪਰ ਚੁੱਕਣ ਵਿੱਚ ਮੋਹਰੀ ਭੂਮਿਕਾ ਨਿਭਾਅ ਸਕਦੇ ਹਨ। ਫਿਲਮ ਨੂੰ ਐਵਾਰਡ ਮਿਲਣ ’ਤੇ ਖੁਸ਼ੀ ਜ਼ਾਹਰ ਕਰਦਿਆਂ ਅਦਾਕਾਰ ਦੇਵੇਂਦੂ ਨੇ ਕਿਹਾ, ‘ਮੈਨੂੰ ਬਹੁਤ ਖੁਸ਼ੀ ਹੈ ਕਿ ਫਿਲਮ ਨੇ ਇਹ ਪੁਰਸਕਾਰ ਹਾਸਲ ਕੀਤਾ। ਜਿਸ ਤਰ੍ਹਾਂ ਇਹ ਪੁਰਸਕਾਰ ਖਾਸ ਹੈ ਉਸ ਤੋਂ ਵੱਧ ਇਹ ਫ਼ਿਲਮ ਮੇਰੇ ਲਈ ਖਾਸ ਹੈ। ਮੈਂ ਦਿਲੋਂ ਇਹ ਪੁਰਸਕਾਰ ਦੇਸ਼ ਦੇ ਕਿਸਾਨਾਂ ਨੂੰ ਸਮਰਪਿਤ ਕਰਨਾ ਚਾਹੁੰਦਾ ਹਾਂ।’ ਫਰਾਜ਼ ਹੈਦਰ ਨੇ ਕਿਹਾ, ‘ਅਸੀਂ ਇਸ ਐਵਾਰਡ ਲਈ ਜੇਆਈਐੱਫਐੱਫ ਦੇ ਧੰਨਵਾਦੀ ਹਾਂ। ਇਹ ਫਿਲਮ ਅੱਜ ਦੇ ਸਮੇਂ ’ਚ ਦਰਪੇਸ਼ ਸਮੱਸਿਆਵਾਂ ਨੂੰ ਪੇਸ਼ ਕਰਦੀ ਹੈ।’ ਇਹ ਫਿਲਮ ਵੈਸ਼ਾਲੀ ਸਾਵਰਕਰ ਵੱਲੋਂ ਬਣਾਈ ਗਈ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly