(ਸਮਾਜ ਵੀਕਲੀ)-ਤਿਉਹਾਰ ਸਾਨੂੰ ਸਾਡੇ ਸੱਭਿਆਚਾਰ ਨਾਲ ਜੋੜਣ ਦਾ ਕੰਮ ਕਰਦੇ ਹਨ। ਦੁਨੀਆਂ ਤੇ ਵੱਸਦੇ ਹੋਰਾਂ ਦੇਸ਼ਾਂ ਨਾਲੋਂ ਭਾਰਤ ਦੇਸ਼ ‘ਚ ਇਕ ਤੋਂ ਬਾਅਦ ਇਕ ਸਾਰਾ ਸਾਲ ਹੀ ਹਰ ਮਹੀਨੇ ਕਈ ਛੋਟੇ-ਵੱਡੇ ਤਿਉਹਾਰ ਆਉਂਦੇ ਰਹਿੰਦੇ ਹਨ। ਇਸੇ ਤਰ੍ਹਾਂ ਲੋਹੜੀ ਪੰਜਾਬ ਦੇ ਮੁੱਖ ਤਿਉਹਾਰਾਂ ਵਿੱਚੋ ਇਕ ਹੈ। ਲੋਹੜੀ ਦੇਸੀ ਮਹੀਨੇ ਮਾਘ ਤੋਂ ਇਕ ਦਿਨ ਪਹਿਲਾਂ ਯਾਨੀ ਕਿ ਪੋਹ ਦੇ ਅਖੀਰਲੇ ਦਿਨ ਮਨਾਈ ਜਾਂਦੀ ਹੈ, ਜੋ ਕੀ ਅੰਗਰੇਜੀ ਮਹੀਨੇ ਜਨਵਰੀ ਦਾ ਤਕਰੀਬਨ ਅੱਧ ਬਣਦਾ ਹੈ। ਪੋਹ ਦੇ ਅਖੀਰਲੇ ਦਿਨ ਜਿਸ ਦਿਨ ਲੋਹੜੀ ਹੁੰਦੀ ਹੈ ਉਸ ਦਿਨ ਸਾਗ, ਗੰਨੇ ਦੇ ਰਸ ‘ਚ ਬਣੀ ਖੀਰ ਤੇ ਖਿਚੜੀ ਬਣਾਉਣ ਦਾ ਰਿਵਾਜ਼ ਪੁਰਾਤਨ ਸਮੇਂ ਤੋਂ ਚੱਲਿਆ ‘ਆ ਰਿਹਾ ਹੈ ਅਤੇ ਲੋਹੜੀ ਤੋਂ ਅਗਲੇ ਦਿਨ ਮਾਘ ਦੇ ਪਹਿਲੇ ਦਿਨ ਇਸ ਨੂੰ ਖਾਣਾ ਸ਼ੁੱਭ ਮੰਨਿਆ ਜਾਂਦਾ ਹੈ। ਇਸ ਬਾਰੇ ਅਕਸਰ ਕਿਹਾ ਜਾਂਦਾ ਹੈ:
ਪੋਹ ਰਿੱਧੀ, ਮਾਘ ਖਾਧੀ।
ਪੁਰਾਤਨ ਸਮਿਆਂ ‘ਚ ਸਾਡੇ ਪੁਰਖਿਆਂ ਦਾ ਖਾਣਾ-ਦਾਣਾ ਵੀ ਸ਼ੁੱਧ ਦੇਸੀ ਹੁੰਦਾ ਸੀ ਅੱਜ ਦੇ ਸਮੇਂ ਵਾਂਗ ਲੋਹੜੀ ਮਨਾਉਣ ਲਈ ਭਾਂਤ-ਭਾਂਤ ਦੀਆ ਗੱਚਕਾ, ਰਿਓੜੀਆ, ਆਦਿ ਨਹੀਂ ਸਨ ਹੁੰਦੀਆਂ, ਉਨ੍ਹਾਂ ਵੇਲਿਆਂ ‘ਚ ਘਰ ‘ਚ ਬਣਿਆ ਗਜਰੇਲਾ,ਪਿੰਨੀਆਂ, ਤੇ ਤਿਲ ਖੋਏ ਨੂੰ ਰਲਾ ਕੇ ਭੁਗਾ ਬਣਾਇਆ ਜਾਂਦਾ। ਪਾਥੀਆਂ, ਲੱਕੜਾਂ ਕੱਠੀਆਂ ਕਰ ਜਦੋਂ ਲੋਹੜੀ ਬਾਲੀ ਜਾਂਦੀ ਤਾਂ ਸਭ ਤੋਂ ਪਹਿਲਾ ਤਿਲ ਤੇ ਰੋੜੀ ਦਾ ਮੱਥਾ ਟੇਕਿਆ ਜਾਂਦਾ, ਪੰਜਾਬੀ ਭਾਸ਼ਾ ‘ਚ ਗੁੜ ਦੀ ਛੋਟੀ ਡਲੀ ਨੂੰ ਰੋੜੀ ਵੀ ਕਹਿਲਿਆ ਕਰਦੇ ਸਨ। ਤਿਲ ਤੇ ਰੋੜੀ ਤੋਂ ਹੀ ਸ਼ਬਦ ਤਿਲੋੜੀ ਤੇ ਫੇਰ ਲੋਹੜੀ ਬਣਿਆ ਕਈ ਥਾਵਾਂ ਤੇ ਲੋਹੜੀ ਨੂੰ ਲੋਹੀ ਵੀ ਕਿਹਾ ਜਾਂਦਾ ਹੈ। ਵਿਆਹੀਆ ਕੁੜੀਆਂ ਨੂੰ ਉਨ੍ਹਾਂ ਦੇ ਪੇਕੇ ਉਨ੍ਹਾਂ ਨੂੰ ਉਨ੍ਹਾਂ ਦੇ ਸੋਹਰੇ ਘਰ ਲੋਹੜੀ ਦੇ ਕੇ ਆਉਂਦੇ ਸਨ ਤੇ ਤੇ ਅੱਜ ਵੀ ਦੇ ਕੇ ਆਉਂਦੇ ਹਨ, ਜਿਸ ਵਿਚ ਮੂੰਗਫਲੀ, ਰਿਉੜੀਆਂ, ਗੁੜ, ਪਿੰਨੀਆਂ ਤੇ ਮੱਕੀ ਦੇ ਦਾਣਿਆਂ ਦੇ ਭੁੰਨੇ ਹੋਏ ਫੁੱਲੇ ਆਦਿ ਹੁੰਦੇ ਹਨ। ਜਿਨ੍ਹਾਂ ਦੇ ਘਰ ‘ਚ ਬੀਤੇ ਸਾਲ ਮੁੰਡੇ ਦਾ ਵਿਆਹ ਕੀਤਾ ਹੁੰਦਾ ਜਾਂ ਮੁੰਡੇ ਨੇ ਜਨਮ ਲਿਆ ਹੁੰਦਾ ਹੈ ਉਸ ਘਰ ‘ਚ ਲੋਹੜੀ ਦੀਆ ਰੌਣਕਾਂ ਖ਼ਾਸ ਹੀ ਹੁੰਦੀਆਂ ਹਨ। ਇਹ ਘਰ ਮੁਹੱਲੇ ‘ਚ ਲੋਹੜੀ ਵੰਡ ਆਪਣੀ ਖੁਸ਼ੀ ਸਾਝੀ ਕਰਦੇ ਹਨ, ਜਿਸ ਵਿੱਚ ਮੱਕੀ ਦੇ ਫੁੱਲੇ, ਗੁੜ, ਮੂੰਗਫਲੀ ਤੇ ਰਿਉੜੀਆਂ ਹੁੰਦੀਆਂ ਹਨ। ਸਮਾਂ ਬੀਤਣ ਨਾਲ ਅੱਜ-ਕੱਲ ਕੁੜੀਆਂ ਦੀ ਲੋਹੜੀ ਵੀ ਮਨਾਈ ਜਾਦੀ ਹੈ। ਲੋਹੜੀ ਦਾ ਦਿਨ ਆਉਂਦੇ ਹੀ ਗਲੀਆਂ-ਮੁਹੱਲਿਆਂ ‘ਚ ਮੁੰਡਿਆਂ-ਕੁੜੀਆਂ ਦੀਆਂ ਢਾਣੀਆਂ ਗੀਤ ਗਾਉਂਦੀਆਂ ਹੋਈਆਂ ਘਰ-ਘਰ ਲੋਹੜੀ ਮੰਗਦੀਆਂ ਹੁੰਦੀਆਂ ਸਨ ਪ੍ਰੰਤੂ ਅੱਜ-ਕੱਲ ਘਰ-ਘਰ ‘ਜਾ ਲੋਹੜੀ ਮੰਗਣ ਦਾ ਰਿਵਾਜ ਨਹੀ ਰਿਹਾ। ਉਨ੍ਹਾਂ ਸਮਿਆਂ ‘ਚ ਲੋਹੜੀ ਮੰਗਣ ਆਏ ਮੁੰਡਿਆਂ-ਕੁੜੀਆਂ ਦੀਆਂ ਢਾਣੀਆਂ ਕੋਈ ਖਾਲੀ ਨਹੀ ਸੀ ਮੋੜਦਾ, ਕੋਈ ਉਨ੍ਹਾਂ ਨੂੰ ਦਾਣੇ ਦਿੰਦਾ ਹੈ, ਕੋਈ ਗੁੜ ਤੇ ਕੋਈ ਮੂੰਗਫਲੀ ਆਦਿ। ਲੋਹੜੀ ਮੰਗਣ ਆਏ ਮੁੰਡਿਆਂ-ਕੁੜੀਆਂ ਦੀਆਂ ਢਾਣੀਆਂ ਲੋਕ ਗੀਤ ਗਾਉਂਦੇ ਤੇ ਕਹਿੰਦੇ:
ਦੇ ਮਾਈ ਲੋਹੜੀ, ਤੇਰੀ ਜੀਵੇ ਜੋੜੀ।
ਦੇਹ ਮਾਈ ਪਾਥੀ, ਤੇਰਾ ਪੁੱਤ ਚੜੂਹਗਾ ਹਾਥੀ।
ਦੇਹ ਮਾਈ ਲੋਹੜੀ, ਤੇਰਾ ਪੁੱਤ ਚੜੂਹਗਾ ਘੋੜੀ।
ਲੋਹੜੀ ਮੰਗਣ ਆਏ ਮੁੰਡਿਆਂ-ਕੁੜੀਆਂ ਨੂੰ ਅਗਲੇ ਘਰ ਵੀ ਲੋਹੜੀ ਲੈਣ ਜਾਣਾ ਹੁੰਦਾ ਤਾ ਉਹ ਕਾਹਲੀ ‘ਚ ਕਹਿੰਦੇ :
ਸਾਡੇ ਪੈਰਾਂ ਹੇਠ ਰੋੜ, ਸਾਨੂੰ ਛੇਤੀ ਛੇਤੀ ਤੋਰ।
ਸਾਡੇ ਪੈਰਾਂ ਹੇਠ ਸਲਾਈਆਂ, ਅਸੀਂ ਕਿਹੜੇ ਵੇਲੇ ਦੀਆਂ ਆਈਆਂ।
ਜੇਕਰ ਕੋਈ ਘਰ ਲੋਹੜੀ ਮੰਗਣ ਆਏ ਮੁੰਡਿਆਂ-ਕੁੜੀਆਂ ਨੂੰ ਕੁਝ ਨਾਂ ਦਿੰਦਾ ਤਾਂ ਉਹ ਕਹਿੰਦੇ :
ਹੁੱਕਾ ਵੀ ਹੁੱਕਾ, ਇਹ ਘਰ ਭੁੱਖਾ ……
ਹੁੱਕਾ ਵੀ ਹੁੱਕਾ, ਇਹ ਘਰ ਭੁੱਖਾ …. !
ਲੋਹੜੀ ਦੇ ਤਿਉਹਾਰ ਨਾਲ ਕਈ ਲੋਕ-ਗਾਥਾ ਵੀ ਸੰਬੰਧਿਤ ਹਨ, ਇਕ ਲੋਕ-ਗਾਥਾ ਹੈ ਕਿ ਇੱਕ ਗਰੀਬ ਦੀਆਂ ਸੁੰਦਰੀ ਅਤੇ ਮੁੰਦਰੀ ਨਾਂ ਦੀਆਂ ਦੋ ਕੁੜੀਆਂ ਸਨ ਤੇ ਦੋਵੇਂ ਕੁੜੀਆਂ ਬਹੁਤ ਸੁੰਦਰ-ਸੁਸ਼ੀਲ ਸਨ। ਸੁੰਦਰੀ ਅਤੇ ਮੁੰਦਰੀ ਦੋਹਾ ਕੁੜੀਆਂ ਦੀ ਕੁੜਮਾਈ ਨੇੜੇ ਹੀ ਇਕ ਪਿੰਡ ਵਿੱਚ ਪੱਕੀ ਹੋਈ ਨੂੰ ਥੋੜ੍ਹਾ ਸਮਾਂ ਹੀ ਹੋਇਆ ਸੀ ਕਿ ਇਲਾਕੇ ਦੇ ਹਾਕਮ ਨੂੰ ਜਦੋਂ ਉਹਨਾਂ ਕੁੜੀਆਂ ਦੀ ਸੁੰਦਰਤਾ ਦਾ ਪਤਾ ਲੱਗਾ ਤਾਂ ਉਸ ਨੇ ਉਹਨਾਂ ਨੂੰ ਪ੍ਰਾਪਤ ਕਰਨਾ ਚਾਹਿਆ। ਇਸ ਗੱਲ ਦੀ ਭਿਣਕ ਜਦੋ ਸੁੰਦਰੀ ਤੇ ਮੁੰਦਰੀ ਦੇ ਪਿਤਾ ਨੂੰ ਲੱਗੀ ਤਾ ਉਸ ਨੇ ਮੁੰਡੇ ਵਾਲਿਆਂ ਨੂੰ ਬੇਨਤੀ ਕੀਤੀ ਕਿ ਉਹ ਵਿਆਹ ਦੀ ਮਿੱਥੀ ਮਿਤੀ ਤੋਂ ਪਹਿਲਾਂ ਹੀ ਉਸਦੀਆਂ ਕੁੜੀਆਂ ਨੂੰ ਆਪਣੇ ਘਰ ਲੈ ਆਉਣ, ਤਾਂ ਜੋ ਹਾਕਮ ਤੋਂ ਉਨ੍ਹਾਂ ਦਾ ਬਚਾਅ ‘ਹੋ ਸਕੇ ਪ੍ਰੰਤੂ ਮੁੰਡੇ ਵਾਲੇ ਵੀ ਹਾਕਮ ਤੋਂ ਡਰਦੇ ਸਨ। ਉਹਨਾਂ ਨੇ ਅਜਿਹਾ ਕਰਨ ਤੋਂ ਨਾਂਹ ਕਰ ਦਿੱਤਾ। ਸੁੰਦਰੀ ਤੇ ਮੁੰਦਰੀ ਦਾ ਪਿਤਾ ਜਦੋ ਮੁੰਡੇ ਵਾਲਿਆਂ ਦੇ ਘਰੋਂ ਨਿਰਾਸ਼ ਵਾਪਸ ਜੰਗਲ ਵਿੱਚੋਂ ਲੰਘਦਾ ਹੋਇਆ ਆਪਣੇ ਘਰ ਵੱਲ ਪਰਤ ਰਿਹਾ ਸੀ ਤਾਂ ਜੰਗਲ ਦੇ ਰਸਤੇ ‘ਚ ਉਸਨੂੰ ਦੁੱਲਾ ਭੱਟੀ ਨਾਂ ਦਾ ਡਾਕੂ ਮਿਲਿਆ। ਉਨ੍ਹਾਂ ਸਮਿਆਂ ‘ਚ ਦੁੱਲਾ ਭੱਟੀ ਦਾ ਵੀ ਕਾਫੀ ਨਾਮ ਸੀ। ਦੁੱਲਾ ਭੱਟੀ ਹੈ ਤਾਂ ਇਕ ਡਾਕੂ ਸੀ ਪ੍ਰੰਤੂ ਦੀਨ-ਦੁਖੀਆਂ ਦਾ ਸਹਾਇਕ ਵੀ ਸੀ। ਸੁੰਦਰੀ ਤੇ ਮੁੰਦਰੀ ਦੇ ਉਸ ਗਰੀਬ ਪਿਤਾ ਨੇ ਜਦੋ ਆਪਣੀ ਦੁੱਖ-ਭਰੀ ਕਹਾਣੀ ਸੁਣਾਈ ਤਾਂ ਦੁੱਲੇ ਭੱਟੀ ਨੇ ਉਸ ਦੀ ਸਹਾਇਤਾ ਦਾ ਵਚਨ ਦੇ ਦਿੱਤਾ। ਦੁੱਲਾ ਆਪ ਲੜਕੇ ਵਾਲਿਆਂ ਦੇ ਘਰ ਗਿਆ ਤੇ ਵਿਆਹ ਦੀ ਤਾਰੀਖ ਪੱਕੀ ਕਰ ਜੰਗਲ ‘ਚ ਰਾਤ ਦੇ ਘੁੱਪ ਹਨੇਰੇ ‘ਚ ਅੱਗ ਬਾਲ ਵਿਆਹ ਕੀਤਾ ਤੇ ਦੁੱਲਾ ਭੱਟੀ ਨੇ ਆਪ ਧਰਮ ਪਿਤਾ ਬਣ ਕੇ ਸੁੰਦਰੀ ਅਤੇ ਮੁੰਦਰੀ ਦਾ ਕੰਨਿਆਂ ਦਾਨ ਕੀਤਾ। ਦੁੱਲੇ ਭੱਟੀ ਕੋਲ ਉਹਨਾਂ ਕੁੜੀਆਂ ਨੂੰ ਦੇਣ ਲਈ ਉਸ ਸਮੇਂ ਕੁਝ ਵੀ ਨਹੀਂ ਸੀ, ਕੇਵਲ ਸ਼ੱਕਰ ਸੀ। ਉਸ ਨੇ ਸੁੰਦਰੀ ਅਤੇ ਮੁੰਦਰੀ ਨੂੰ ਸ਼ਗਨ ਦੇ ਰੂਪ ‘ਚ ਉਨ੍ਹਾਂ ਦੀ ਝੋਲੀ ਸ਼ੱਕਰ ਪਾਈ। । ਇਸ ਬਾਰੇ ਇਕ ਲੋਕ ਗੀਤ ਕਿਹਾ ਜਾਂਦਾ ਹੈ:
ਸੁੰਦਰ ਮੁੰਦਰੀਏ ਹੋ!
ਤੇਰਾ ਕੌਣ ਵਿੱਚਾਰ ਹੋ!
ਦੁੱਲਾ ਭੱਟੀ ਵਾਲਾ ਹੋ!
ਦੁੱਲੇ ਧੀ ਵਿਆਹੀ ਹੋ!
ਸੇਰ ਸੱਕਰ ਪਾਈ ਹੋ!
ਕੁੜੀ ਦਾ ਲਾਲ ਪਤਾਕਾ ਹੋ!
ਕੁੜੀ ਦਾ ਸਾਲੂ ਪਾਟਾ ਹੋ!
ਸਾਲੂ ਕੌਣ ਸਮੇਟੇ!
ਚਾਚਾ ਗਾਲ਼ੀ ਦੇਸੇ!
ਚਾਚੇ ਚੂਰੀ ਕੁੱਟੀ!
ਜ਼ਿੰਮੀਦਾਰਾਂ ਲੁੱਟੀ!
ਜ਼ਿੰਮੀਦਾਰ ਸੁਧਾਏ!
ਬਮ ਬਮ ਭੋਲ਼ੇ ਆਏ!
ਇੱਕ ਭੋਲ਼ਾ ਰਹਿ ਗਿਆ!
ਸਿਪਾਹੀ ਫੜ ਕੇ ਲੈ ਗਿਆ!
ਸਿਪਾਹੀ ਨੇ ਮਾਰੀ ਇੱਟ!
ਭਾਵੇਂ ਰੋ ਉੱਤੇ ਭਾਵੇਂ ਪਿੱਟ!
ਸਾਨੂੰ ਦੇ ਦੇ ਲੋਹੜੀ!
ਉੱਤੇ ਤੇਰੀ ਜੀਵੇ ਜੋੜੀ!
ਉੰਜ ਤਾਂ ਸਿਆਲੂ ਰੁੱਤ ਸ਼ੁਰੂ ਹੁੰਦਿਆਂ ਹੀ ਲੋਕ ਪੋਹ ਮਹੀਨੇ ਦੀ ਠੰਡ ਤੋਂ ਬਚਨ ਲਈ ਛੋਟੀਆਂ-ਛੋਟੀਆਂ ਆਪਣੀ ਸਹੂਲਤ ਮੁਤਾਬਕ ਧੂਣੀਆਂ ‘ਲਾ ਲੈਂਦੇ, ਪ੍ਰੰਤੂ ਪੋਹ ਮਹੀਨੇ ਦੇ ਆਖਰੀ ਦਿਨ ਲੋਹੜੀ ਦੇ ਰੂਪ ‘ਚ ਦਿਨ ਛਿਪਦੇ ਨੂੰ ਲਾਈ ਗਈ ਧੂਣੀ ਖਾਸ ਹੁੰਦੀ ਹੈ। ਆਪਸੀ ਭਾਈਚਾਰਕ ਏਕਤਾ ਦਾ ਤਿਉਹਾਰ ਲੋਹੜੀ ਮਨੁੱਖੀ ਸਾਂਝ ਦਾ ਵੀ ਪ੍ਰਤੀਕ ਹੈ ਲੋਹੜੀ ਦਾ ਤਿਉਹਾਰ ਪਹਿਲਾ ਪੰਜਾਬ ‘ਚ ਹੀ ਮਨਾਇਆ ਜਾਂਦਾ ਸੀ, ਹੁਣ ਤਾਂ ਇਹ ਪੰਜਾਬ ਤੋਂ ਬਾਹਰ ਯੂ.ਪੀ, ਰਾਜਸਥਾਨ, ਹਰਿਆਣਾ, ਦਿੱਲੀ ਦੇ ਇਲਾਕਿਆਂ ‘ਚ ਵੀ ਮਨਾਇਆ ਜਾਣ ਲੱਗ ਪਿਆ ਹੈ। ਲੋਹੜੀ ਨੂੰ ਵੱਖ-ਵੱਖ ਥਾਵਾਂ ‘ਤੇ ਵੱਖ-ਵੱਖ ਨਾਵਾਂ ਨਾਲ ਜਾਣਿਆ ਜਾਂਦਾ ਹੈ ਪ੍ਰੰਤੂ ਇਸ ਨੂੰ ਮਨਾਉਣ ਦਾ ਢੰਗ ਸਭ ਦਾ ਇਕ ਹੀ ਹੁੰਦਾ ਹੈ। ਲੋਹੜੀ ਬਾਲ ਸਭ ਤੋਂ ਪਹਿਲਾ ਮੱਥਾ ਟੇਕਦੀਆਂ ਜਾਂਦਾ, ਘਰ ਦੇ ਬਜ਼ੁਰਗ ਔਰਤਾਂ,ਮਰਦ ਘਰ-ਪਰਿਵਾਰ ਅਤੇ ਨਗਰ ਖੇੜੇ ਦੀ ਸੁੱਖ ਮੰਗਦੇ ਤੇ ਬਲਦੀ ਲੋਹੜੀ ‘ਚ ਤਿਲ,ਗੁੜ ਪਾਉਂਦੇ। ਬੱਚਿਆਂ ਤੇ ਜਵਾਨ ਮੁੰਡੇ-ਕੁੜੀਆਂ ਨੂੰ ਲੋਹੜੀ ਦਾ ਵਿਆਹ ਵਰਗਾ ਚਾਅ ਹੁੰਦਾ, ਉਹ ਸੱਜਦੇ-ਸੰਵਰਦੇ, ਬਲਦੀ ਲੋਹੜੀ ਦੇ ਦੁਆਲੇ ਨੱਚਦੇ, ਹਰ ਕੋਈ ਆਪਣੇ-ਆਪਣੇ ਢੰਗ ਨਾਲ ਲੋਕ ਗੀਤ ਗਾਉਂਦਾ ਤੇ ਦੇਰ ਰਾਤ ਤਕ ਲੋਹੜੀ ਦੇ ਦੁਆਲੇ ਬੈਠੇ ਰਹਿੰਦਿਆਂ ਨੇ ਮੂੰਗਫਲੀਆਂ, ਰਿਉੜੀਆਂ, ਚਿਰਵੜੇ, ਫੁੱਲੇ, ਗੱਚਕ ਆਦਿ ਖਾਂਦੇ ਰਹਿਣਾ ਤੇ ਕਦੋ ਅੱਧੀ ਰਾਤ ਹੋ ਜਾਣੀ ਸਮੇਂ ਦਾ ਪਤਾ ਹੀ ਨਾ ਲੱਗਦਾ, ਘਰ ਦੀਆਂ ਨੂੰਹਾਂ-ਧੀਆਂ ਤਿਲ,ਗੁੜ ਬਲ਼ਦੀ ਲੋਹੜੀ ਉੱਤੇ ‘ਪਾ ਮੱਥਾ ਟੇਕਦੀਆਂ ਨੇ ਕਹਿਣਾ :
“ਈਸ਼ਰ ਆ, ਦਲਿੱਦਰ ਜਾ, ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾ”
ਪੋਹ ਮਹੀਨੇ ਦੀ ਅਖੀਰਲੀ ਰਾਤ ਨੂੰ ਮਨਾਇਆ ਲੋਹੜੀ ਦੇ ਤਿਉਹਾਰ ਤੋਂ ਅਗਲੇ ਦਿਨ ਮਾਘ ਮਹੀਨੇ ਦੀ ਸੰਗਰਾਂਦ ਹੁੰਦੀ ਹੈ ਤੇ ਇਸ ਦਿਨ ਮਾਘੀ ਦਾ ਪ੍ਰਸਿੱਧ ਤਿਉਹਾਰ ਮਨਾਇਆ ਜਾਂਦਾ ਹੈ। ਮਾਘੀ ਕੇਵਲ ਪੰਜਾਬ ਵਿੱਚ ਹੀ ਨਹੀਂ ਬਲਕਿ ਭਾਰਤ ਦੇ ਹੋਰਨਾਂ ਪ੍ਰਦੇਸ਼ਾ ‘ਚ ਵੀ ਮਨਾਈ ਜਾਂਦੀ ਹੈ। ਮਾਘੀ ਦੇਸੀ ਮਹੀਨੇ ਮਾਘ ਦੇ ਪਹਿਲੇ ਦਿਨ 1ਮਾਘ ਨੂੰ ਮਨਾਈ ਜਾਂਦੀ ਹੈ। ਭਾਰਤ ਦੇ ਅਲੱਗ-ਅਲੱਗ ਪ੍ਰਦੇਸ਼ਾ ‘ਚ ਇਸ ਦੇ ਅਲੱਗ-ਅਲੱਗ ਨਾਮ ਹਨ ਜਿਵੇਂ : ਹਰਿਆਣਾ, ਮੱਧ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ, ਪੱਛਮੀ ਬੰਗਾਲ ਅਤੇ ਜੰਮੂ ਆਦਿ ਰਾਜਾਂ ਵਿੱਚ ਇਸ ਨੂੰ ਮਕਰ ਸੰਕਰਾਂਤੀ ਕਿਹਾ ਜਾਂਦਾ ਹੈ। ਕਰਨਾਟਕ, ਕੇਰਲ ਅਤੇ ਆਂਧਰਾ ਪ੍ਰਦੇਸ਼ ਵਿੱਚ ਇਸ ਨੂੰ ਸੰਕਰਾਂਤੀ ਕਿਹਾ ਜਾਂਦਾ ਹੈ। ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਇਸ ਤਿਉਹਾਰ ਨੂੰ ਖਿਚੜੀ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਅਤੇ ਤਾਮਿਲਨਾਡੂ ਦੇ ਵਿੱਚ ਲੋਕ ਇਸ ਨੂੰ ਪੋਂਗਲ ਦੇ ਰੂਪ ਵਿੱਚ ਮਨਾਉਂਦੇ ਹਨ। ਇਸੇ ਤਰਾਂ ਪੰਜਾਬ ਵਿਚ ਇਸ ਤਿਉਹਾਰ ਨੂੰ ਮਾਘੀ ਦੇ ਰੂਪ ‘ਚ ਮਨਾਇਆ ਜਾਂਦਾ ਹੈ।
ਮੁਕਤਸਰ ਦੀ ਮਾਘੀ ਦੇ ਨਾਂ ਨਾਲ ਜਾਣਿਆ ਜਾਂਦਾ ਮਾਘੀ ਦਾ ਮੇਲਾ ਪੰਜਾਬੀਆਂ ਲਈ ਖਾਸ ਇਤਿਹਾਸਕ ਅਤੇ ਧਾਰਮਿਕ ਮਹੱਤਵ ਰਖਦਾ ਹੈ। ਇਤਿਹਾਸਕ ਪੱਖ ਤੋਂ ਪੋਹ ਮਾਘ, ਦੇ ਮਹੀਨੇ ਦਾ ਸਿੱਖ ਧਰਮ ‘ਚ ਬੇਹੱਦ ਖ਼ਾਸ ਮਹੱਤਵ ਹੈ। ਇਹ ਉਹ ਮਹੀਨੇ ਹਨ, ਜਦੋਂ ਸਿੱਖਾਂ ਦੇ ਦਸਵੇਂ ਗੁਰੂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖੀ ਦੀ ਆਨ-ਬਾਨ-ਸ਼ਾਨ ਲਈ ਆਪਣਾ ਪੂਰਾ ਪ੍ਰੀਵਾਰ,ਆਪਣੇ ਸਿੰਘ ਇਨ੍ਹਾਂ ਪੋਹ, ਮਾਘ ਦੇ ਮਹੀਨੇ ‘ਚ ਦੇਸ਼, ਕੌਮ ਤੋਂ ਕੁਰਬਾਨ ਕਰ ਦਿੰਦੇ ਹਨ। ਪੰਜਾਬ ਦੇ ਇਤਿਹਾਸਿਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਵਿਖੇ ਦੇਸੀ ਮਹੀਨੇ ਮਾਘ ਦੇ ਪਹਿਲੇ ਦਿਨ 40 ਮੁਕਤਿਆਂ ਦੀ ਯਾਦ ਨੂੰ ਸਮਰਪਿਤ ਵਿਸ਼ਾਲ ਸ਼ਹੀਦੀ ਜੋੜ ਮੇਲਾ ਲੱਗਦਾ ਹੈ ਜਿੱਥੇ ਲੱਖਾਂ ਸ਼ਰਧਾਲੂ ਇਹਨਾਂ ਮਹਾਨ ਸ਼ਹੀਦਾਂ ਨੂੰ ਨਤਮਸਤਕ ਹੁੰਦੇ ਹਨ। ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਤੇ ਸ਼ਹੀਦੀ ਜਾਮ ਪੀਣ ਵਾਲੇ ਇਹ ਮੁਕਤੇ ਉਹੀ ਸਿੰਘ ਸਨ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਮੁਗਲਾਂ ਅਤੇ ਪਹਾੜੀ ਰਾਜਿਆਂ ਦੀਆਂ ਫ਼ੌਜਾਂ ਨਾਲ ਮੁਕਾਬਲਾ ਕਰ ਰਹੇ ਹੁੰਦੇ ਹਨ ਤਾਂ ਮੁਗਲਾਂ ਅਤੇ ਪਹਾੜੀ ਰਾਜਿਆਂ ਦੀਆਂ ਫ਼ੌਜਾਂ ਕਿਲ੍ਹੇ ਦੀ ਘੇਰਾਬੰਦੀ ਕਰ ਲੈਂਦੀਆਂ ਹਨ। ਮੁਗਲਾਂ ਅਤੇ ਪਹਾੜੀ ਰਾਜਿਆਂ ਦੀਆਂ ਫ਼ੌਜਾਂ ਵਲੋਂ ਕੀਤੀ ਕਿਲ੍ਹੇ ਦੀ ਇਹ ਘੇਰਾਬੰਦੀ ਕਈ ਮਹੀਨੇ ਜਾਰੀ ਰਹਿੰਦੀ ਹੈ। ਇਸ ਘੇਰਾਬੰਦੀ ਤੋਂ ਤੰਗ ‘ਆ ਮਾਝੇ ਦੇ ਸਿੰਘਾਂ ਨੇ ਗੁਰੂ ਜੀ ਨੂੰ ਛੱਡ ਘਰ ਵਾਪਸੀ ਦਾ ਮਨ ਬਣਾ, ਗੁਰੂ ਸਾਹਿਬ ਨੂੰ ਬੇਦਾਵਾ ਲਿਖਕੇ ਘਰਾਂ ਨੂੰ ਵਾਪਸ ਚਲੇ ਜਾਂਦੇ ਹਨ ਪ੍ਰੰਤੂ ਘਰ ਗਿਆਂ ਨੂੰ ਜਦੋਂ ਮਾਈ ਭਾਗੋ ਅਤੇ ਹੋਰਨਾਂ ਨੇ ਲਾਹਨਤਾਂ ਪਾਉਂਦੇ ਹੋਏ ਚੂੜੀਆਂ ਪਾ ਲੈਣ ਦਾ ਮਿਹਣਾ ਦਿੱਤਾ ਤਾਂ ਇਹ ਸਿੰਘ ਗੁਰੂ ਸਾਹਿਬ ਤੋਂ ਮੁਆਫ਼ੀ ਮੰਗ ਕੇ ਭੁੱਲ ਬਖਸ਼ਾਉਣ ਲਈ ਤਿਆਰ ਹੋ ਗਏ। ਦੂਜੇਪਾਸੇ ਗੁਰੂ ਜੀ ਚਮਕੌਰ ਸਾਹਿਬ, ਮਾਛੀਵਾੜਾ ਸਾਹਿਬ, ਆਲਮਗੀਰ, ਰਾਏਕੋਟ, ਦੀਨਾ ਹੁੰਦੇ ਹੋਏ ਜਦੋਂ ਕੋਟਕਪੂਰੇ ਪੁੱਜੇ ਇੱਥੇ ਵੀ ਮੁਗਲ ਫੌਜ ਗੁਰੂ ਜੀ ਦਾ ਪਿੱਛਾ ਕਰ ਪਹੁੰਚ ਗਈ ।
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਖਿਦਰਾਨੇ ਦੀ ਢਾਬ ਤੋਂ ਥੋੜ੍ਹਾ ਜਿਹਾ ਅੱਗੇ ‘ਜਾ ਬੈਠੇ ਤਾਂ ਕਿ ਉੱਚੀ ਟੀਸੀ ਤੇ ਬੈਠ ਕੇ ਯੋਜਨਾਬੱਧ ਢੰਗ ਨਾਲ ਮੁਗਲ ਫ਼ੌਜਾਂ ਦਾ ਮੁਕਾਬਲਾ ਕੀਤਾ ਜਾ ਸਕੇ। ਮੁਕਤਸਰ ਦਾ ਪੁਰਾਣਾ ਨਾਮ ਖਿਦਰਾਣਾ ਹੁੰਦਾ ਸੀ। ਇੱਥੇ ਹੀ ਜਿਨ੍ਹਾਂ ਸਿੰਘਾ ਨੇ ਗੁਰੂ ਜੀ ਨੂੰ ਅਨੰਦਪੁਰ ਸਾਹਿਬ ਦੀ ਧਰਤੀ ਤੇ ਬੇਦਾਵਾ ਲਿਖਕੇ ਘਰਾਂ ਨੂੰ ਵਾਪਿਸ ਗਏ ਸਨ ਮਾਝੇ ਦੇ ਉਹ ਚਾਲੀ ਸਿੰਘਾਂ ਦਾ ਜੱਥਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਭਾਲ ਕਰਦਾ ਹੋਇਆ ਖਿਦਰਾਣੇ ਦੀ ਢਾਬ ਤੇ ‘ਆ ਪਹੁੰਚਿਆ ਤੇ ਮੁਗਲ ਫੌਜਾਂ ਵਿਰੁੱਧ ਮੋਰਚਾ ਸੰਭਾਲ ਲਿਆ। ਮਾਈ ਭਾਗੋ ਅਤੇ ਭਾਈ ਮਹਾਂ ਸਿੰਘ ਦੀ ਅਗਵਾਈ ਹੇਠ ਸਿੰਘਾਂ ਨੇ ਦੁਸ਼ਮਣ ਫੌਜ ਤੇ ਹੱਲਾ ਬੋਲ ਦਿੱਤਾ। ਖਿਦਰਾਣੇ ਦੀ ਢਾਬ ਤੋਂ ਗੁਰੂ ਸਾਹਿਬ ਨੇ ਇਹਨਾਂ ਸਿੰਘਾਂ ਨੂੰ ਵੀਰਤਾ ਨਾਲ ਲੜਦੇ ਵੇਖਿਆ ਤੇ ਮੁਗਲ ਸੈਨਿਕ ਇਨ੍ਹਾਂ ਸਿੰਘਾ ਅੱਗੇ ਟਿਕ ‘ਨਾ ਸਕੇ ਤੇ ਮੁਗਲ ਸੈਨਿਕ ਮੈਦਾਨ ਛੱਡ ਕੇ ਭੱਜ ਗਏ। ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਿੰਘਾਂ ਕੋਲ ਆਏ ਤਾਂ ਭਾਈ ਮਹਾਂ ਸਿੰਘ ਨੇ ਅਨੰਦਪੁਰ ਦੀ ਧਰਤੀ ਤੇ ਲਿਖਕੇ ਦਿੱਤਾ ਬੇਦਾਵਾ ਪਾੜ ਦੇਣ ਦੀ ਬੇਨਤੀ ਗੁਰੂ ਸਾਹਿਬ ਨੂੰ ਕੀਤੀ ਤਾਂ ਗੁਰੂ ਸਾਹਿਬ ਨੇ ਭਾਈ ਮਹਾਂ ਸਿੰਘ ਦਾ ਸਿਰ ਆਪਣੀ ਗੋਦ ਵਿੱਚ ਰੱਖ ਬੇਦਾਵਾ ਪਾੜ ਦਿੱਤਾ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਚਾਲੀ ਸਿੰਘਾਂ ਨੂੰ ਬੇਦਾਵੇ ਤੋਂ ਮੁਕਤ ਕਰਕੇ ਟੁੱਟੀ ਸਿੱਖੀ ਨੂੰ ਮੁੜ ਗੰਢਣ ਦਾ ਵਚਨ ਦਿੱਤਾ। ਗੁਰੂ ਸਾਹਿਬ ਨੇ ਆਪਣੇ ਹੱਥੀਂ ਇਹਨਾਂ ਸਿੰਘਾਂ ਦਾ ਦਾਹ-ਸੰਸਕਾਰ ਕੀਤਾ ਅਤੇ ਇਸ ਥਾਂ ਦਾ ਨਾਮ ਮੁਕਤਸਰ ਰੱਖਿਆ। ਹੁਣ ਇਸ ਸਥਾਨ ਤੇ ਸਰੋਵਰ ਅਤੇ ਗੁਰਦੁਆਰਾ ਸ਼ਹੀਦ ਗੰਜ ਸਥਿਤ ਹੈ। ਬੇਦਾਵੀਏ ਸਿੰਘਾਂ ਦੀ ਗੁਰੂ ਸਾਹਿਬ ਹੱਥੋਂ ਮੁਕਤੀ ਹੋਣ ਦੀ ਗੱਲ ਇਤਿਹਾਸ ਦੇ ਪੰਨਿਆਂ ਤੇ ਇਉਂ ਦਰਜ ਹੈ:
ਖਿਦਰਾਣਾ ਕਰ ਮੁਕਤਸਰ, ਮੁਕਤ ਮੁਕਤ ਸਭ ਕੀਨ।
ਹੋਇ ਸਾਬਤ ਜੂਝੈ ਜਬੈ, ਬਡੋ ਮਰਤਬੋ ਲੀਨ।
ਹਰਮਨਪ੍ਰੀਤ ਸਿੰਘ,
ਸਰਹਿੰਦ, ਜ਼ਿਲ੍ਹਾ : ਫ਼ਤਹਿਗੜ੍ਹ ਸਾਹਿਬ,
ਸੰਪਰਕ: 9855010005
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly