ਡੇਰਾ ਮੁਖੀ ਨੂੰ ਪੰਜਾਬ ਦੀ ਅਦਾਲਤ ’ਚ ਪੇਸ਼ ਕਰਨਾ ਅਸੁਰੱਖਿਅਤ: ਹਾਈ ਕੋਰਟ

ਫਰੀਦਕੋਟ (ਸਮਾਜ ਵੀਕਲੀ):  ਬੇਦਅਬੀ ਕਾਂਡ ’ਚ ਡੇਰਾ ਸੱਚਾ-ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਡੇਰਾ ਮੁਖੀ ਨੂੰ ਪੰਜਾਬ ਦੀ ਅਦਾਲਤ ਵਿੱਚ ਪੇਸ਼ ਕਰਨਾ ਖਤਰੇ ਤੋਂ ਖਾਲੀ ਨਹੀਂ। ਹਾਈ ਕੋਰਟ ਦੇ ਜਸਟਿਸ ਅਰਵਿੰਦ ਸਾਂਗਵਨ ਨੇ ਆਪਣੇ ਹੁਕਮ ਵਿੱਚ ਕਿਹਾ ਹੈ ਕਿ ਸੀਬੀਆਈ ਅਦਾਲਤ ਨੇ ਜਦੋਂ ਡੇਰਾ ਮੁਖੀ ਨੂੰ ਸਜ਼ਾ ਸੁਣਾਈ ਸੀ ਤਾਂ ਉਦੋਂ ਵੱਡੇ ਪੱਧਰ ’ਤੇ ਗੜਬੜ ਹੋਈ ਸੀ। ਅਦਾਲਤ ਨੇ ਫ਼ਰੀਦਕੋਟ ਦੇ ਜੁਡੀਸ਼ਲ ਮੈਜਿਸਟਰੇਟ ਵੱਲੋਂ ਡੇਰਾ ਮੁਖੀ ਖ਼ਿਲਾਫ਼ ਜਾਰੀ ਪ੍ਰੋਡਕਸ਼ਨ ਵਰੰਟਾਂ ਉੱਪਰ 21 ਅਪਰੈਲ 2022 ਤੱਕ ਰੋਕ ਲਾਉਂਦਿਆਂ ਵਿਸ਼ੇਸ਼ ਜਾਂਚ ਟੀਮ ਨੂੰ ਕਿਹਾ ਹੈ ਕਿ ਜੇਕਰ ਉਹ ਬੇਅਦਬੀ ਕਾਂਡ ਸਬੰਧੀ ਡੇਰਾ ਮੁਖੀ ਤੋਂ ਕੋਈ ਵੀ ਪੁੱਛ-ਪੜਤਾਲ ਕਰਨਾ ਚਾਹੁੰਦੇ ਹਨ ਤਾਂ ਉਹ ਸੁਨਾਰੀਆ ਜੇਲ੍ਹ ਜਾ ਕੇ ਕਰ ਸਕਦੇ ਹਨ।

ਡੇਰਾ ਮੁਖੀ ਨੇ 28 ਅਕਤੂਬਰ 2021 ਨੂੰ ਹਾਈ ਕੋਰਟ ਵਿੱਚ ਰਿੱਟ ਦਾਇਰ ਕਰਕੇ ਆਪਣੇ ਖ਼ਿਲਾਫ਼ ਜਾਰੀ ਹੋਏ ਪ੍ਰੋਡਕਸ਼ਨ ਵਾਰੰਟ ਰੱਦ ਕਰਨ ਦੀ ਮੰਗ ਕੀਤੀ ਸੀ। ਦੂਜੇ ਪਾਸੇ ਵਿਸ਼ੇਸ਼ ਜਾਂਚ ਟੀਮ ਨੇ ਹਾਈ ਕੋਰਟ ਵਿੱਚ ਹਲਫ਼ੀਆ ਬਿਆਨ ਦੇ ਕੇ ਕਿਹਾ ਕਿ ਉਨ੍ਹਾਂ ਡੇਰਾ ਮੁਖੀ ਨੂੰ ਸੁਰੱਖਿਅਤ ਅਦਾਲਤ ਵਿੱਚ ਲਿਜਾਣ ਲਈ ਹੈਲੀਕਾਪਟਰ ਦਾ ਪ੍ਰਬੰਧ ਕੀਤਾ ਹੈ ਅਤੇ 3200 ਪੁਲੀਸ ਕਰਮਚਾਰੀਆਂ ਨੂੰ ਡੇਰਾ ਮੁਖੀ ਦੀ ਸੁਰੱਖਿਆ ਲਈ ਤਿਆਰ ਰਹਿਣ ਵਾਸਤੇ ਕਿਹਾ ਹੈ। ਇਸ ਤੋਂ ਇਲਾਵਾ ਜੈਮਰਾਂ ਅਤੇ ਬੁਲੇਟ ਪਰੂਫ਼ ਗੱਡੀਆਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਪਰ ਹਾਈ ਕੋਰਟ ਨੇ ਆਪਣੇ ਹੁਕਮਾਂ ਵਿੱਚ ਕਿਹਾ ਕਿ ਸੂਬਾ ਪਹਿਲਾਂ ਹੀ ਆਰਥਿਕ ਸੰਕਟ ਵਿੱਚ ਘਿਰਿਆ ਹੋਇਆ ਹੈ ਅਤੇ ਸਰਕਾਰੀ ਖਜ਼ਾਨੇ ਉੱਪਰ ਡੇਰਾ ਮੁਖੀ ਦੀ ਪੇਸ਼ੀ ਨੂੰ ਬੋਝ ਨਹੀਂ ਬਣਨ ਦਿੱਤਾ ਜਾਵੇਗਾ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਪਣੇ ਭਵਿੱਖ ਲਈ ਚੋਣ ਲੜ ਰਿਹਾ ਹੈ ਪੰਜਾਬ: ਸਿੱਧੂ
Next article‘ਬੁਲੀ ਬਾਈ’ ਕੇਸ: ਇੰਜਨੀਅਰਿੰਗ ਦਾ ਵਿਦਿਆਰਥੀ ਗ੍ਰਿਫ਼ਤਾਰ