(ਸਮਾਜ ਵੀਕਲੀ)
ਜਦ ਕਦੇ ਵੀ ਜਾਣਾ ਬਣਦਾ ਹੈ
ਤੇਰੇ ਸ਼ਾਹੀ ਸ਼ਹਿਰ ਅੰਦਰ
ਠੀਕਰੀਵਾਲਾ ਚੌਂਕ ਤੋਂ ਲੈਕੇ
ਕੁੱਤੋਖਾਨਾ ਵਾਲੀ ਗਲੀ ਦੇ ਮੋੜ ਤੱਕ
ਹਰ ਵਾਰ …
ਪੈਦਲ ਚੱਲ ਕੇ ਜਾਂਦਾ ਹਾਂ, ਮੈਂ
ਲੱਭਦਾ ਹੋਇਆ ਉਨ੍ਹਾਂ ਹੁਸੀਨ ਪਲਾਂ ਨੂੰ
ਗੁਆਚ ਗਏ ਹਨ ਜਿਹੜੇ
ਸਮੇਂ ਦੀ ਧੂੜ ਅੰਦਰ।
ਬਹੁਤ ਵਾਰੀ ਲੱਭਦਾ ਹਾਂ ਉਨ੍ਹਾਂ ਨੂੰ
ਬਾਰਾਂਦਰੀ ਦੀਆਂ ਕਿਆਰੀਆਂ ਵਿੱਚ
ਪੁੱਛਦਾ ਹਾਂ ਦਰਖਤਾਂ ਤੋਂ
ਸ਼ਾਇਦ ਉਸਦਾ ਸਾਇਆ
ਲਿਪਟਿਆ ਪਿਆ ਹੋਵੇ
ਕਿਸੇ ਫੁੱਲਾਂ ਵਾਲੇ ਬੂਟੇ ਨਾਲ।
ਜ਼ਿੰਦਗੀ ਦੀ …
ਲੰਮੀ ਵਾਟ ਗੁਜ਼ਰ ਜਾਣ ਬਾਅਦ
ਹੁਣ.. ਜਦੋਂ
ਕਦਮ ਕਦਮ ਉਲਟੀ ਦਿਸ਼ਾ ਵੱਲ ਧਰਦਿਆਂ
ਬਹੁਤ ਦੂਰ ਨਿਕਲ ਆਇਆ ਹਾਂ, ਮੈਂ
ਹੁਣ ਜਦੋਂ ਹਰ ਸੜਕ
ਕੁੱਤੋਖਾਨਾ ਨੂੰ ਹੀ ਜਾਂਦੀ ਲਗਦੀ ਹੈ
ਹਰ ਬਗੀਚਾ ਹੀ ਜਦੋਂ ਹੁਣ
ਬਾਰਾਂਦਰੀ ਜਾਪਦਾ ਹੈ
ਘਰ ਤੋਂ ਬਾਹਰ ਪੈਰ ਧਰਦਿਆਂ
ਹਰ ਪਗਡੰਡੀ ਤੇ ਲੱਭਦਾ ਹਾਂ, ਤੈਨੂੰ।
ਪੈਰ ਪਾਟੇ ਗਏ ਹਨ ਬਿਆਈਆਂ ਨਾਲ
ਪਰ ਤੁਰਦਾ ਰਹਿੰਦਾ ਹਾਂ ਨਿਰੰਤਰ
ਕਿ ਸ਼ਾਇਦ ਕਿਸੇ ਭਟਕੇ ਰਾਹ ਤੇ ਹੀ
ਤੂੰ ਮਿਲ ਪਵੇਂ ਅਚਾਨਕ
ਜਿਵੇਂ ਟੁੱਟ ਗਈ ਚੱਪਲ ਦੀ ਵੱਧਰੀ ਲਈ
ਮਿਲ ਜਾਂਦੀ ਹੈ ਕਿੱਲ ਕੋਈ।
ਗੁਰਮਾਨ ਸੈਣੀ
ਰਾਬਤਾ : 9256346906
8360487488
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly