ਚੰਡੀਗੜ੍ਹ (ਸਮਾਜ ਵੀਕਲੀ): ਕੁਲ ਹਿੰਦ ਜਮਹੂਰੀ ਅਧਿਕਾਰ ਜਥੇਬੰਦੀਆਂ ਵੱਲੋਂ ਲਖੀਮਪੁਰ ਖੀਰੀ ਹਿੰਸਾ ਮਾਮਲੇ ਦੀ ਪੜਤਾਲ ਲਈ ਗਠਿਤ ਕਮੇਟੀ ਨੇ ਆਪਣੀ ਰਿਪੋਰਟ ਜਾਰੀ ਕਰ ਦਿੱਤੀ ਹੈ। ਇਸ 11 ਮੈਂਬਰੀ ਕਮੇਟੀ ਨੇ ਘਟਨਾ ਸਥਾਨ ’ਤੇ ਜਾ ਕੇ ਤੱਥ ਇਕੱਠੇ ਕੀਤੇ ਤੇ ਅੱਜ ਵਰਚੁਅਲ ਪ੍ਰੈੱਸ ਕਾਨਫਰੰਸ ਰਾਹੀਂ ਰਿਪੋਰਟ ਜਾਰੀ ਕੀਤੀ। ਤੱਥ ਕਮੇਟੀ ਨੇ ਆਪਣੀ ਰਿਪੋਰਟ ਵਿੱਚ ਸਿੱਟਾ ਕੱਢਿਆ ਕਿ ਲਖੀਮਪੁਰ ਖੀਰੀ ਹਿੰਸਾ ਮਾਮਲੇ ’ਚ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਆਸ਼ੀਸ਼ ਮਿਸ਼ਰਾ ਦਾ ਪਿਤਾ ਅਜੈ ਮਿਸ਼ਰਾ ਉਰਫ਼ ਟੈਨੀ ਕੇਂਦਰ ਸਰਕਾਰ ’ਚ ਗ੍ਰਹਿ ਰਾਜ ਮੰਤਰੀ ਹੋਣ ਕਰਕੇ ਕੇਸ ਦੀ ਜਾਂਚ ਨੂੰ ਅਸਰਅੰਦਾਜ਼ ਕਰਨ ਦੇ ਸਮਰੱਥ ਹੈ, ਲਿਹਾਜ਼ਾ ਨਿਰਪੱਖ ਜਾਂਚ ਲਈ ਅਜੈ ਮਿਸ਼ਰਾ ਨੂੰ ਕੇਂਦਰੀ ਵਜ਼ਾਰਤ ’ਚੋਂ ਲਾਂਭੇ ਕੀਤਾ ਜਾਵੇ। ਕਮੇਟੀ ਨੇ ਮੰਗ ਕੀਤੀ ਕਿ ਅਜੈ ਮਿਸ਼ਰਾ ਖਿਲਾਫ਼ ਸੀਆਰਪੀਸੀ ਦੀ ਧਾਰਾ 120 ਤਹਿਤ ਦਰਜ ਸ਼ਿਕਾਇਤ ’ਤੇ ਕਾਰਵਾਈ ਹੋਵੇ। ਕਮੇਟੀ ਨੇ ਇਸ ਪੂਰੇ ਮਾਮਲੇ ਵਿੱਚ ਪੁਲੀਸ ਦੀ ਭੂਮਿਕਾ ’ਤੇ ਵੀ ਸਵਾਲ ਚੁੱਕੇ ਹਨ। ਰਿਪੋਰਟ ਮੁਤਾਬਕ ਪੁਲੀਸ ਨੇ ਮੁਲਜ਼ਮਾਂ ਦਾ ਪੱਖ ਪੂਰਿਆ ਤੇ ਉਨ੍ਹਾਂ ਨੂੰ ਘਟਨਾ ਸਥਾਨ ਤੋਂ ਬਚ ਕੇ ਨਿਕਲਣ ਵਿੱਚ ਮਦਦ ਕੀਤੀ। ਕਮੇਟੀ ਨੇ ਧਾਰਾ 144 ਦੀ ਮਨਮਰਜ਼ੀ ਨਾਲ ਵਰਤੋਂ ਉੱਤੇ ਵੀ ਉਜਰ ਜਤਾਇਆ ਹੈ।
ਕਮੇਟੀ ਨੇ ਕਿਹਾ ਬੇਕਸੂਰ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹੈ ਤੇ ਗ੍ਰਿਫ਼ਤਾਰ ਕਿਸਾਨਾਂ ਨੂੰ ਰਿਹਾਅ ਕੀਤਾ ਜਾਵੇ। ਕਮੇਟੀ ਮੈਂਬਰਾਂ ਵਿੱਚ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਜਨਰਲ ਸਕੱਤਰ ਪ੍ਰੋ.ਜਗਮੋਹਨ ਸਿੰਘ, ਨਰਭਿੰਦਰ ਸਿੰਘ, ਪ੍ਰੀਤਪਾਲ ਸਿੰਘ, ਐਡਵੋਕੇਟ ਐੱਨ.ਕੇ.ਜੀਤ, ਪੀਪਲਜ਼ ਯੂਨੀਅਨ ਆਫ਼ ਸਿਵਲ ਲਿਬਰਟੀ ਤੋਂ ਸੀਮਾ ਆਜ਼ਾਦ, ਜਮਹੂਰੀ ਹੱਕਾਂ ਦੀ ਸੁਰੱਖਿਆ ਬਾਰੇ ਕਮੇਟੀ (ਤਾਮਿਲ ਨਾਡੂ) ਤੋਂ ਗੋਪਾਲ ਸੁੰਦਰਾਜਨ, ਮਨੂ ਅਕਾਵੂਰ, ਜਮਹੂਰੀ ਅਧਿਕਾਰ ਸਭਾ (ਹਰਿਆਣਾ) ਤੋਂ ਡਾ.ਸੁਖਵੇਦ ਹੁੰਦਲ, ਕ੍ਰਾਂਤੀਕਾਰੀ ਲੋਕ ਅਧਿਕਾਰ ਸੰਗਠਨ (ਯੂਪੀ) ਤੋਂ ਮੁਹੰਮਦ ਫ਼ੈਜ਼ਲ, ਪਰਿਵਰਤਨਗਾਮੀ ਛਾਤ੍ਰ ਸੰਗਠਨ (ਯੂਪੀ) ਤੋਂ ਕਮਲੇਸ਼ ਅਤੇ ਲੇਖਕ ਤੇ ਸਮਾਜਿਕ ਕਾਰਕੁਨ ਨਵਸ਼ਰਣ ਸਿੰਘ ਸ਼ਾਮਲ ਸਨ। ਚੇਤੇ ਰਹੇ ਕਿ 3 ਅਕਤੂਬਰ ਨੂੰ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਕਾਫ਼ਲੇ ਵਿੱਚ ਸ਼ਾਮਲ ਗੱਡੀਆਂ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਕੇ ਮੁੜ ਰਹੇ ਕਿਸਾਨਾਂ ਨੂੰ ਦਰੜ ਦਿੱਤਾ ਸੀ। ਇਨ੍ਹਾਂ ਗੱਡੀਆਂ ਵਿੱਚੋਂ ਇਕ ’ਤੇ ਕੇਂਦਰੀ ਮੰਤਰੀ ਦਾ ਪੁੱਤਰ ਆਸ਼ੀਸ਼ ਮਿਸ਼ਰਾ ਵੀ ਸਵਾਰ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly