ਹਸਰਤਾਂ ਦਾ ਕਾਤਲ

ਵੀਨਾ ਬਟਾਲਵੀ

(ਸਮਾਜਵੀਕਲੀ)-ਹਸਰਤਾਂ ਮਰਦੀਆਂ ਨਹੀਂ ਮਾਰੀਆਂ ਜਾਂਦੀਆਂ ਹਨ ਜਾਂ ਉਨ੍ਹਾਂ ਦਾ ਕਤਲ ਕੀਤਾ ਜਾਂਦਾ ਹੈ। ਇਸ ਕਰਕੇ ਕਦੇ ਖੁਦ ਨੂੰ ਦੋਸ਼ ਨਹੀਂ ਦੇਣਾ ਚਾਹੀਦਾ, ਸਗੋਂ ਕਾਤਲ ਦੇ ਹਥਿਆਰ ਦੇ ਖ਼ਾਤਮੇ ਦਾ ਯਤਨ ਕਰਨਾ ਚਾਹੀਦਾ ਹੈ ਤਾਂ ਕਿ ਉਹ ਕਿਸੇ ਹੋਰ ਦੀਆਂ ਸੱਧਰਾਂ ਦਾ ਘਾਣ ਨਾ ਕਰ ਸਕੇ।
ਹਸਰਤ ਜਾਂ ਉਮੀਦ ਦਾ ਮਰ ਜਾਣਾ ਸਭ ਤੋਂ ਵੱਧ ਖਤਰਨਾਕ ਹੁੰਦਾ ਹੈ, ਪਰ ਉਸ ਤੋਂ ਵੀ ਵੱਧ ਖਤਰਨਾਕ ਉਹ ਵਿਅਕਤੀ ਹੁੰਦਾ ਹੈ ਜੋ ਦੂਜਿਆਂ ਦੀ ਉਮੀਦ ਨੂੰ ਖ਼ਤਮ ਕਰਨ ਲਈ ਜ਼ਿੰਮੇਵਾਰ ਹੁੰਦਾ ਹੈ। ਇਹੋ ਜਿਹੇ ਵਿਅਕਤੀਆਂ ਦੀ ਪਹਿਚਾਣ ਹੋ ਜਾਣ ‘ਤੇ ਉਹਨਾਂ ਤੋਂ ਕਿਨਾਰਾ ਕਰਨ ਵਿਚ ਹੀ ਆਪਣੀ ਅਤੇ ਆਪਣੇ ਪਿਆਰਿਆਂ ਦੀ ਭਲਾਈ ਹੁੰਦੀ ਹੈ। ਕਦੇ ਵੀ ਇਹੋ ਜਿਹੇ ਕਾਤਲਾਂ ਦੇ ਸੁਧਰਨ ਦੀ ਉਮੀਦ ਨਹੀਂ ਕਰਨੀ ਚਾਹੀਦੀ ਬਲਕਿ ਤਰਕ ਅਤੇ ਕੂਟਨੀਤੀ ਦਾ ਸਹਾਰਾ ਲੈ ਕੇ ਨਿਜ਼ਾਤ ਪਾਉਣ ਵਿਚ ਹੀ ਸਮਝਦਾਰੀ ਹੁੰਦੀ ਹੈ। ਜੋ ਸਮਾਂ ਰਹਿੰਦਿਆਂ ਅਜਿਹਾ ਕਰਨ ਵਿਚ ਸਫ਼ਲ ਹੋ ਜਾਂਦੇ ਹਨ ਉਹ ਹੀ ਜ਼ਿੰਦਗੀ ਦਾ ਅਨੰਦ ਮਾਣਦੇ ਹਨ ।

ਇਹ ਕਦੇ ਨਾ ਸੋਚੋ ਕਿ ਕੋਈ ਗੁਨਾਹ ਵੀ ਕਰੇ ਤੇ ਬਚ ਵੀ ਜਾਏ। ਇਹੋ ਜਿਹੇ ਕਾਤਲਾਂ ਦਾ ਅੰਤ ਬਹੁਤ ਭੈੜਾ ਹੁੰਦਾ ਹੈ। ਇਹੋ ਜਿਹੇ ਹਸਰਤਾਂ ਦੇ ਕਾਤਲ ਮਨੁੱਖ ਦੀਆਂ ਅੱਖਾਂ ਵਿਚ ਤਾਂ ਘੱਟਾ ਪਾ ਸਕਦੇ ਹਨ ਪਰ ਸਿਰਜਣਹਾਰ ਦੀਆਂ ਅਦਿੱਖ ਅੱਖਾਂ ਵਿਚ ਨਹੀਂ। ਇਹੋ ਜਿਹੇ ਬੰਦੇ ਤੋਂ ਬਚੇ ਕਾਤਲ ਅੰਤ ਸਮੇਂ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਹਨ ਜਾਂ ਉਹਨਾਂ ਦੀ ਔਲਾਦ ਭੈੜੀ ਅਤੇ ਬਦਚਲਨ ਨਿਕਲਦੀ ਹੈ ਜਾਂ ਮਾਨਸਿਕ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ ਜਾਂ ਇਕੱਲੇਪਣ ਦੇ ਸਾਥੀ ਬਣ ਜਾਂਦੇ ਹਨ। ਉਹ ਪੈਸੇ ਵਾਲ਼ੇ ਗ਼ਰੀਬ ਹੁੰਦੇ ਹਨ। ਔਲਾਦ ਵਾਲ਼ੇ ਬੇਔਲਾਦ ਹੁੰਦੇ ਹਨ । ਮਤਰਿਆਂ ਵਰਗੇ ਸਕਿਆਂ ਵਿਚ ਘਿਰੇ ਹੁੰਦੇ ਹਨ ।

ਇਸ ਕਰਕੇ ਕਦੇ ਵੀ ਇਹੋ ਜਿਹੀ ਹਰਕਤ ਜਾਂ ਕੰਮ ਨਹੀਂ ਕਰਨਾ ਚਾਹੀਦਾ ਜਿਸ ਨਾਲ਼ ਦੂਜਿਆਂ ਦੀਆਂ ਹਸਰਤਾਂ ਦਾ ਕਤਲ ਹੋ ਜਾਏ। ਜੇਕਰ ਅਸੀਂ ਕਿਸੇ ਲਈ ਕੁਝ ਚੰਗਾ ਨਹੀਂ ਕਰ ਸਕਦੇ ਤਾਂ ਘੱਟੋ-ਘੱਟ ਕਦੇ ਮਾੜਾ ਕਰਨਾ ਤਾਂ ਦੂਰ ਦੀ ਗੱਲ ਕਦੇ ਮਾੜਾ ਸੋਚਣਾ ਵੀ ਨਹੀਂ ਚਾਹੀਦਾ।

ਵੀਨਾ ਬਟਾਲਵੀ (ਪੰਜਾਬੀ ਅਧਿਆਪਕਾ)
ਸ ਸ ਸ ਸਕੂਲ ਕਿਲ੍ਹਾ ਟੇਕ ਸਿੰਘ-ਬਟਾਲਾ

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲਖੀਮਪੁਰ ਖੀਰੀ ਹਿੰਸਾ: ਜਮਹੂਰੀ ਜਥੇਬੰਦੀਆਂ ਨੇ ਅਜੈ ਮਿਸ਼ਰਾ ਦੀ ਬਰਖ਼ਾਸਤਗੀ ਮੰਗੀ
Next articleਮੁਸਲਿਮ ਬੋਰਡ ਨੂੰ ‘ਸੂਰਿਆ ਨਮਸਕਾਰ’ ਦੇ ਹੁਕਮਾਂ ’ਤੇ ਇਤਰਾਜ਼