ਮਲਿਕ ਨੇ ਸੱਚ ਬੋਲਿਆ ਤਾਂ ਮੋਦੀ-ਸ਼ਾਹ ਅਸਤੀਫ਼ਾ ਦੇਣ: ਕਾਂਗਰਸ

Jammu and Kashmir Governor Satya Pal Malik

 

  • ਕਾਂਗਰਸ ਨੇ ਪ੍ਰਧਾਨ ਮੰਤਰੀ ਨੂੰ ਘੇਰਿਆ

ਚੰਡੀਗੜ੍ਹ (ਸਮਾਜ ਵੀਕਲੀ): ਮੇਘਾਲਿਆ ਦੇ ਰਾਜਪਾਲ ਸੱਤਿਆ ਪਾਲ ਮਲਿਕ ਵੱਲੋਂ ਖੇਤੀ ਕਾਨੂੰਨਾਂ ਦੇ ਹਵਾਲੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਹੰਕਾਰੀ’ ਦੱਸਣ ਦੇ ਬਿਆਨ ਮਗਰੋਂ ਕਾਂਗਰਸ ਨੇ ਅੱਜ ਪ੍ਰਧਾਨ ਮੰਤਰੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਜੇਕਰ ਇਨ੍ਹਾਂ ਬਿਆਨਾਂ ਵਿੱਚ ਭੋਰਾ ਵੀ ਸਚਾਈ ਹੈ ਤਾਂ ਪ੍ਰਧਾਨ ਮੰਤਰੀ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਲਈ ਮੁਆਫ਼ੀ ਮੰਗਣ। ਜੇਕਰ ਇਹਾ ਸਭ ਕੁਝ ਝੂਠ ਹੈ ਤਾਂ ਰਾਜਪਾਲ ਮਲਿਕ ਨੂੰ ਅਹੁਦੇ ਤੋਂ ਲਾਂਭੇ ਕਰਕੇ ਉਨ੍ਹਾਂ ਖਿਲਾਫ਼ ਐੱਫਆਈਆਰ ਦਰਜ ਕੀਤੀ ਜਾਵੇ। ਪਾਰਟੀ ਦੇ ਮੁੱਖ ਤਰਜਮਾਨ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਕਿ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਕਿਸਾਨ, ਕਿਸਾਨ ਅੰਦੋਲਨ ਦੌਰਾਨ ਜਾਨਾਂ ਗੁਆਉਣ ਵਾਲੇ 700 ਕਿਸਾਨਾਂ ਦੀਆਂ ਰੂਹਾਂ ਤੇ ਉਨ੍ਹਾਂ ਦੇ ਪਰਿਵਾਰ ਕਦੇੇ ਮੁਆਫ਼ ਨਹੀਂ ਕਰਨਗੇ।

ਕਾਂਗਰਸ ਨੇ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਪੀੜਤ ਕਿਸਾਨ ਪਰਿਵਾਰਾਂ ਲਈ ਮੁਆਵਜ਼ਾ ਐਲਾਨਣ, ਯੂਪੀ ਤੋਂ ਹਰਿਆਣਾ ਤੱਕ ਕਿਸਾਨਾਂ ਖਿਲਾਫ਼ ਦਰਜ ਪੁਲੀਸ ਕੇਸ ਵਾਪਸ ਲੲੇ ਜਾਣ ਤੇ ਐੈੱਮਐੱਸਪੀ ਦੀ ਕਾਨੂੰਨੀ ਗਾਰੰਟੀ ਲਈ ਕਮੇਠੀ ਗਠਿਤ ਹੋਵੇ। ਦੱਸਣਾ ਬਣਦਾ ਹੈ ਕਿ ਰਾਜਪਾਲ ਮਲਿਕ ਨੇ ਲੰਘੇ ਦਿਨ ਹਰਿਆਣਾ ਦੇ ਦਾਦਰੀ ਵਿੱਚ ਸਮਾਜਿਕ ਸਮਾਗਮ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਸੀ ਕਿ ਬੀਤੇ ਵਿੱਚ ਉਹ ਖੇਤੀ ਕਾਨੂੰਨਾਂ ਦੀ ਵਾਪਸੀ ਨੂੰ ਲੈ ਕੇ ਜਦੋਂ ਪ੍ਰਧਾਨ ਮੰਤਰੀ ਨੂੰ ਮਿਲੇ ਤਾਂ ਉਹ ਬਹੁਤ ‘ਹੰਕਾਰ’ ਵਿੱਚ ਸਨ ਤੇ ਮੁਲਾਕਾਤ ਦੇ ਪੰਜ ਮਿੰਟਾਂ ਅੰਦਰ ਹੀ ਉਨ੍ਹਾਂ ਦੀ ਪ੍ਰਧਾਨ ਮੰਤਰੀ ਨਾਲ ਲੜਾਈ ਹੋ ਗਈ ਸੀ।

ਮਲਿਕ ਨੇ ਕਿਹਾ, ‘‘ਜਦੋਂ ਮੈਂ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਕਿਸਾਨ ਅੰਦੋਲਨ ਦੌਰਾਨ ਪੰਜ ਸੌ ਲੋਕ ਮੌਤ ਦੇ ਮੂੰਹ ਪੈ ਚੁੱਕੇ ਹਨ ਤਾਂ ਉਨ੍ਹਾਂ ਕਿਹਾ ਕਿ ਕੀ ਇਨ੍ਹਾਂ ਨੇ ਮੇਰੇ ਲਈ ਜਾਨਾਂ ਦਿੱਤੀਆਂ ਹਨ। ਮੈਂ ਉਨ੍ਹਾਂ ਨੂੰ ਦੱਸਿਆ ਕਿ ‘ਹਾਂ’ ਕਿਸਾਨ ਤੁਹਾਡੇ ਕਰਕੇ ਮਰੇ ਹਨ ਕਿਉਂਕਿ ਉਹ ਉਨ੍ਹਾਂ ਦੀ ਹਮਾਇਤ ਨਾਲ ਹੀ ਰਾਜਾ ਬਣੇ ਹਨ।’’ ਮਲਿਕ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਇੰਨੇ ਕੁ ਹੰਕਾਰ ਗੲੇ ਸਨ ਕਿ ਉਨ੍ਹਾਂ ਅੱਗੇ ਅਮਿਤ ਸ਼ਾਹ ਨੂੰ ਮਿਲਣ ਲਈ ਆਖ ਦਿੱਤਾ।’’ ਮਲਿਕ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਅੰਦੋਲਨ ਦੌਰਾਨ ਕਿਸਾਨਾਂ ਖਿਲਾਫ਼ ਦਰਜ ਕੇਸ ਪੂਰੀ ਇਮਾਨਦਾਰੀ ਨਾਲ ਵਾਪਸ ਲੈਣੇ ਚਾਹੀਦੇ ਹਨ ਤੇ ਸਰਕਾਰ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਯਕੀਨੀ ਬਣਾਉਣ ਲਈ ਲੋੜੀਂਦੇ ਕਦਮ ਚੁੱਕੇ।

ਮਲਿਕ ਨੇ ਸਾਫ਼ ਕਰ ਦਿੱਤਾ ਕਿ ਹਾਲ ਦੀ ਘੜੀ ਕਿਸਾਨਾਂ ਨੇ ਆਪਣਾ ਅੰਦੋਲਨ ਸਿਰਫ਼ ਮੁਲਤਵੀ ਕੀਤਾ ਹੈ ਤੇ ਜੇਕਰ ਉਨ੍ਹਾਂ (ਕਿਸਾਨਾਂ) ਨਾਲ ਬੇਇਨਸਾਫ਼ੀ ਹੋਈ ਤਾਂ ਇਹ (ਅੰਦੋਲਨ) ਮੁੜ ਸ਼ੁਰੂ ਹੋ ਜਾਵੇਗਾ। ਸੀਨੀਅਰ ਕਾਂਗਰਸ ਆਗੂ ਮਲਿਕਾਰਜੁਨ ਖੜਗੇ ਨੇ ਟਵਿੱਟਰ ’ਤੇ ਮਲਿਕ ਦੇ ਦਾਦਰੀ ਸਮਾਗਮ ਦੀ ਵੀਡੀਓ ਸਾਂਝੀ ਕਰਦਿਆਂ ਲਿਖਿਆ, ‘‘ਮੇਘਾਲਿਆ ਦੇ ਰਾਜਪਾਲ ਸ੍ਰੀ ਸੱਤਿਆ ਪਾਲ ਮਲਿਕ ਨੇ ਆਨ ਰਿਕਾਰਡ ਇਹ ਗੱਲ ਆਖੀ ਹੈ ਕਿ ਪ੍ਰਧਾਨ ਮੰਤਰੀ ਕਿਸਾਨਾਂ ਦੇ ਮੁੱਦੇ ’ਤੇ ‘ਹੰਕਾਰ’ ਵਿੱਚ ਸਨ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਥੋਂ ਤੱਕ ਕਿਹਾ ਹੈ ਕਿ ਲੋਕਾਂ ਨੇ ਪ੍ਰਧਾਨ ਮੰਤਰੀ ਦੀ ‘ਮੱਤ ਮਾਰ’ ਦਿੱਤੀ ਹੈ।

ਸੰਵਿਧਾਨਕ ਅਹੁਦੇ ’ਤੇ ਬੈਠੇ ਲੋਕ ਕੀ ਇੰਨੀ ਹੱਤਕ ਨਾਲ ਇਕ ਦੂਜੇ ਖਿਲਾਫ਼ ਬੋਲਦੇ ਹਨ।’’ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਖੜਗੇ ਨੇ ਕਿਹਾ, ‘‘ਨਰਿੰਦਰ ਮੋਦੀ ਜੀ ਕੀ ਇਹ ਸੱਚ ਹੈ?’’ ਵੀਡੀਓ ’ਚ ਮਲਿਕ ਇਹ ਕਹਿੰਦੇ ਵੀ ਸੁਣਦੇ ਹਨ ਕਿ ਜਦੋਂ ਉਹ ਅਮਿਤ ਸ਼ਾਹ ਨੂੰ ਮਿਲੇ ਤਾਂ ਉਨ੍ਹਾਂ ਕਿਹਾ, ‘ਲੋਕਾਂ ਨੇ ਮੋਦੀ ਦੀ ਮੱਤ ਮਾਰ ਰੱਖੀ ਹੈ ਤੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਦੇ ਰਹਿਣਾ ਚਾਹੀਦਾ ਹੈ।’ ਕਾਂਗਰਸ ਨੇ ਆਪਣੇ ਟਵਿੱਟਰ ਹੈਂਡਲ ’ਤੇ ਮਲਿਕ ਦੀਆਂ ਉਪਰੋਕਤ ਟਿੱਪਣੀਆਂ ਸਾਂਝੀਆਂ ਕਰਦਿਆਂ ਕਿਹਾ ਕਿ ਮੋਦੀ ਦੇ ਇਸ ‘ਹੰਕਾਰ’ ਕਰਕੇ ਕਈ ਕਿਸਾਨ ਮੌਤ ਦੇ ਮੂੰਹ ਪੈ ਗਏ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ਾਹ ਵੱਲੋਂ ਸੁਰੱਖਿਆ ਹਾਲਾਤ ਦੀ ਸਮੀਖਿਆ
Next articleਹਾਈਕਮਾਨ ਕਹੇ ਤਾਂ ਅਸਤੀਫ਼ਾ ਦੇਣ ਲਈ ਤਿਆਰ: ਰੰਧਾਵਾ