ਨਾਸਿਕੀ ਚਿੰਨ੍ਹ ਬਿੰਦੀ ਦੀ ਵਰਤੋਂ ਸਬੰਧੀ ਨਿਯਮ: ਪਹਿਲਾਂ ਤੇ ਹੁਣ
(ਸਮਾਜ ਵੀਕਲੀ)- ਗੁਰਮੁਖੀ ਲਿਪੀ ਵਿੱਚ ਕੁੱਲ ਤਿੰਨ ਲਗਾਖਰ ਹਨ: ਬਿੰਦੀ, ਟਿੱਪੀ ਅਤੇ ਅਧਕ। ਪੰਜਾਬੀ-ਵਿਆਕਰਨ ਵਿੱਚ ਲਗਾਖਰ ਉਹਨਾਂ ਚਿੰਨ੍ਹਾਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਦੀ ਵਰਤੋਂ ਲਗਾਂ ਨਾਲ਼ ਕੀਤੀ ਜਾਂਦੀ ਹੈ। ਇਹਨਾਂ ਲਗਾਖਰਾਂ ਵਿੱਚੋਂ ਬਿੰਦੀ ਅਤੇ ਟਿੱਪੀ ਦੋ ਜਿਹੇ ਲਗਾਖਰ ਹਨ ਜਿਨ੍ਹਾਂ ਦੀ ਵਰਤੋਂ ਸਮੇਂ ਅਵਾਜ਼ ਨੱਕ ਵਿੱਚੋਂ ਆਉਂਦੀ ਹੈ। ਇਸੇ ਕਾਰਨ ਇਹਨਾਂ ਦੋਂਹਾਂ ਲਗਾਖਰਾਂ ਨੂੰ ਨਾਸਿਕੀ ਚਿੰਨ੍ਹ ਕਿਹਾ ਜਾਂਦਾ ਹੈ। ਇਹ ਦੋਵੇਂ ਲਗਾਖਰ ਆਮ ਤੌਰ ‘ਤੇ ਪੰਜਾਬੀ ਲਿਪੀ ਦੇ ਅਨੁਨਾਸਿਕ ਅੱਖਰਾਂ ਨ ਤੇ ਮ ਦੀ ਥਾਂ ‘ਤੇ ਵਰਤੇ ਜਾਂਦੇ ਹਨ ਜਾਂ ਇਹ ਕਹਿ ਲਓ ਕਿ ਕਈ ਸ਼ਬਦਾਂ ਨੂੰ ਸੰਖੇਪ ਰੱਖਣ ਲਈ ਸਾਡੇ ਪੁਰਾਤਨ ਸ਼ਬਦ-ਘਾੜਿਆਂ ਨੇ ਨ ਤੇ ਮ ਦੀ ਥਾਂ ਕੇਵਲ ਬਿੰਦੀ ਜਾਂ ਟਿੱਪੀ ਦੀ ਵਰਤੋਂ ਨਾਲ਼ ਹੀ ਕੰਮ ਚਲਾ ਲਿਆ ਹੋਵੇਗਾ ਤਾਂਜੋ ਸ਼ਬਦਾਂ ਦਾ ਬੇਲੋੜਾ ਵਿਸਤਾਰ ਨਾ ਹੋਵੇ ਅਤੇ ਸ਼ਬਦਾਂ ਦੇ ਉਚਾਰਨ ਸਮੇਂ ਵੀ ਅਸਾਨੀ ਰਹੇ।
ਉਦਾਹਰਨ ਦੇ ਤੌਰ ‘ਤੇ ਹਿੰਦੀ/ਪੰਜਾਬੀ ਭਾਸ਼ਾਵਾਂ ਦਾ “ਸੰਬੰਧ” ਸ਼ਬਦ, ਦੋ ਸ਼ਬਦਾਂ: ਸਮ+ਬੰਧ ਦੇ ਮੇਲ਼ ਤੋਂ ਬਣਿਆ ਹੋਇਆ ਹੈ। ਇਹਨਾਂ ਸ਼ਬਦਾਂ ਦੇ ਮੇਲ਼ ਸਮੇਂ ਸਮ ਸ਼ਬਦ ਦੇ ਮ ਅੱਖਰ ਨੂੰ ਸੰਖੇਪ ਕਰਨ ਲਈ ਟਿੱਪੀ ਤੋਂ ਕੰਮ ਲਿਆ ਗਿਆ ਹੈ ਅਤੇ ਬੰਧ ਸ਼ਬਦ ਦਾ ਅਰਥ ਹੈ: ਬੰਧਨ; ਜਿਸ ਦੀ ਟਿੱਪੀ ਇੱਥੇ ਨ ਧੁਨੀ ਦੀ ਪ੍ਰਤੀਨਿਧਤਾ ਕਰ ਰਹੀ ਹੈ ਅਤੇ ਉਸੇ ਦੇ ਹੀ ਅਰਥ ਵੀ ਦੇ ਰਹੀ ਹੈ। ਇਸ ਵਿਚਲੇ ਸਮ ਸ਼ਬਦ ਦੇ ਮ ਅੱਖਰ ਤੋਂ ਬਣੀ ਟਿੱਪੀ ਮ ਅੱਖਰ ਦੇ ਅਰਥਾਂ ਨੂੰ ਪ੍ਰਗਟਾ ਰਹੀ ਹੈ। ਇਸ ਪ੍ਰਕਾਰ ਸਮ ਅਤੇ ਬੰਧ ਸ਼ਬਦਾਂ ਦੇ ਮੇਲ਼ ਤੋਂ ਇੱਕ ਨਵੇਂ ਸ਼ਬਦ- ਸੰਬੰਧ ਨੇ ਜਨਮ ਲਿਆ ਹੈ ਜਿਸ ਦੇ ਅਰਥ ਹਨ- (ਦੋਂਹ ਪਾਸਿਆਂ/ਦੋਂਹ ਧਿਰਾਂ ਦਾ) ਬਰਾਬਰ ਦਾ ਬੰਧਨ ਜਾਂ ਮੇਲ਼। ਆਮ ਤੌਰ ‘ਤੇ ਬਿੰਦੀ ਦੇ ਇੱਕ ਅਰਥ ਹਨ, ਕਿਸੇ ਕਿਰਿਆ ਦੇ ਕਾਰਜ ਨੂੰ ਅੱਗੇ ਵੱਲ ੋਿਲਿਜਾਣਾ, ਜਿਵੇਂ: ਆਵਾਂ /ਜਾਵਾਂ /ਆਵਾਂਗੇ /ਜਾਵਾਂਗੇ (ਆਉਣ ਜਾਂ ਜਾਣ ਦੀ ਕਿਰਿਆ ਨੂੰ ਨੇੜ-ਭਵਿਖ ਤੱਕ ਜਾਰੀ ਰੱਖਣਾ ਜਾਂ ਅੱਗੇ ਵੱਲ ਲਿਜਾਣਾ), ਖਾਵਾਂ /ਖਾਵਾਂਗੇ /ਪਾਵਾਂ /ਪਾਵਾਂਗੇ, ਪੀਵਾਂ /ਪੀਵਾਂਗੇ ਆਦਿ। ਇਸੇ ਤਰ੍ਹਾਂ ਜਿਸ ਸ਼ਬਦ ਵਿੱਚ ਵੀ ਬਿੰਦੀ ਲੱਗੀ ਹੋਈ ਹੋਵੇਗੀ, ਉੱਥੇ ਇਸ ਦੇ ਪ੍ਰਮੁੱਖ ਅਰਥ ਇਹੋ ਹੀ ਹੋਣਗੇ ਅਰਥਾਤ ਇਹ ਕਿਸੇ ਵੀ ਸ਼ਬਦ ਵਿੱਚ ਕਿਰਿਆ ਦੇ ਕਾਰਜ ਨੂੰ ਜਾਰੀ ਰੱਖਣ ਜਾਂ ਅੱਗੇ ਵੱਲ ਵਧਾਉਣ ਵੱਲ ਹੀ ਇਸ਼ਾਰਾ ਕਰ ਰਹੀ ਹੁੰਦੀ ਹੈ।
ਇਸ ਤੋਂ ਬਿਨਾਂ ਇਸ ਦਾ ਇੱਕ ਹੋਰ ਕਾਰਜ ਵੀ ਹੈ, ਉਹ ਇਹ ਹੈ ਕਿ ਇਹ ਸ਼ਬਦਾਂ ਦੇ ਬਹੁਵਚਨ-ਰੂਪ ਬਣਾਉਣ ਵਿੱਚ ਵੀ ਆਪਣਾ ਯੋਗਦਾਨ ਪਾਉਂਦੀ ਹੈ, ਜਿਵੇਂ: ਕਿਤਾਬ =ਕਿਤਾਬਾਂ, ਕਾਪੀ= ਕਾਪੀਆਂ, ਸ਼ਹਿਰ= ਸ਼ਹਿਰਾਂ ਆਦਿ। ਬੇਸ਼ੱਕ ਓਪਰੀ ਨਜ਼ਰੇ ਦੇਖਿਆਂ ਸ਼ਬਦਾਂ ਦੇ ਇਹਨਾਂ ਬਹੁਵਚਨ-ਰੂਪਾਂ ਵਿਚ ਸਾਨੂੰ ਕਿਰਿਆ ਦਾ ਉਪਰੋਕਤ ਕਾਰਜ ਤਾਂ ਭਾਵੇਂ ਪ੍ਰਤੱਖ ਰੂਪ ਵਿੱਚ ਨਜ਼ਰੀਂ ਨਹੀਂ ਪੈਂਦਾ ਪਰ ਨੀਝ ਨਾਲ਼ ਦੇਖਿਆਂ ਇਹ ਗੱਲ ਪੂਰੀ ਤਰ੍ਹਾਂ ਸਪਸ਼ਟ ਹੋ ਜਾਂਦੀ ਹੈ ਕਿ ਨਾਸਿਕੀ ਚਿੰਨ੍ਹ ਬਿੰਦੀ ਇੱਥੇ ਵੀ ਆਪਣਾ ਉਪਰੋਕਤ ਅਤੇ ਮੂਲ ਕਾਰਜ ਹੀ ਨਿਭਾ ਰਹੀ ਹੈ ਅਰਥਾਤ ਉਹ ਇੱਥੇ ਵੀ ਕਿਰਿਆ ਦੇ ਕਾਰਜ ਨੂੰ ਹੀ ਅੱਗੇ ਵੱਲ ਹੀ ਲਿਜਾ ਰਹੀ ਹੈ। ਮਿਸਾਲ ਦੇ ਤੌਰ ‘ਤੇ ਕਿਤਾਬ ਦੇ ਬਹੁਵਚਨ ਕਿਤਾਬਾਂ ਦੇ ਅੰਤ ਵਿਚ ਲੱਗੀ ਬਿੰਦੀ ਇਸੇ ਗੱਲ ਵੱਲ ਹੀ ਸੰਕੇਤ ਕਰ ਰਹੀ ਹੈ ਕਿ ਇਹ ਹੁਣ ਇੱਕ ਤੋਂ ਬਹੁਤੀਆਂ ਹੋ ਗਈਆਂ ਹਨ ਕਹਿਣ ਦਾ ਭਾਵ ਇਹ ਕਿ ਇੱਥੇ ਵੀ ਬਿੰਦੀ ਆਪਣੇ ਮੂਲ ਅਰਥਾਂ (ਕਿਰਿਆ ਦੇ ਕਾਰਜ ਨੂੰ ਅੱਗੇ ਵੱਲ ਵਧਾਉਣ) ਦਾ ਹੀ ਕੰਮ ਕਰ ਰਹੀ ਹੈ ਅਤੇ ਇੱਕ ਕਿਤਾਬ ਤੋਂ ਬਹੁਤੀਆਂ ਕਿਤਾਬਾਂ ਹੋ ਜਾਣ ਦੇ ਪ੍ਰਭਾਵ ਨੂੰ ਹੀ ਸਿਰਜ ਰਹੀ ਹੈ।
ਇਕਵਚਨ ਸ਼ਬਦਾਂ ਦੇ ਬਹੁਵਚਨ ਸ਼ਬਦ ਬਣਾਉਣ ਸੰਬੰਧੀ ਨਵਾਂ ਨਿਯਮ:
ਪੰਜਾਬੀ ਸ਼ਬਦ-ਰੂਪ ਅਤੇ ਸ਼ਬਦ-ਜੋੜ ਕੋਸ਼ (ਪੰ.ਯੂ.ਪ.) ਕਿਤਾਬ ਦੇ ਆਉਣ ਤੋਂ ਪਹਿਲਾਂ ਇਕਵਚਨ ਸ਼ਬਦਾਂ ਦੇ ਬਹੁਵਚਨ ਸ਼ਬਦ ਬਣਾਉਣ ਸੰਬੰਧੀ ਨਿਯਮ ਇਹ ਸੀ ਕਿ ਜੇਕਰ ਆਖਰੀ ਅੱਖਰ ਜਾਂ ਸੰਬੰਧਿਤ ਸ਼ਬਦ ਦੀ ਕਿਸੇ ਲਗ ਨਾਲ਼ ਬਿੰਦੀ ਲੱਗੀ ਹੋਈ ਹੋਵੇ ਤਾਂ ਉਹ ਉੱਥੋਂ ਚੁੱਕ ਕੇ ਬਹੁਵਚਨ ਬਣਾਉਣ ਵਾਲ਼ੇ ਪਿਛੇਤਰ ਜਾਂ ਅੱਖਰ ਨਾਲ਼ ਲੱਗੀ ਲਗ ਨਾਲ਼ ਲਾਈ ਜਾਣੀ ਹੈ, ਜਿਵੇਂ: ਮਾਂ= ਮਾਵਾਂ, ਛਾਂ= ਛਾਵਾਂ ਥਾਂ ਤੋਂ ਥਾਵਾਂ ਜਾਂ ਥਾਈਂ, ਗਾਂ=ਗਾਵਾਂ, ਬਾਂਹ= ਬਾਹਵਾਂ ਆਦਿ। ਸਕੂਲ ਵਿੱਚ ਪੜ੍ਹਦਿਆਂ ਸਾਨੂੰ ਵੀ ਇਹੋ ਹੀ ਨਿਯਮ ਸਿਖਾਏ ਜਾਂਦੇ ਰਹੇ ਹਨ। ਪਰ ਉਪਰੋਕਤ ਕੋਸ਼ ਦੇ ਆਉਣ ਉਪਰੰਤ ਹੁਣ ਇਹਨਾਂ ਨਿਯਮਾਂ ਵਿੱਚ ਤਬਦੀਲੀ ਆ ਚੁੱਕੀ ਹੈ। ਨਵੇਂ ਨਿਯਮਾਂ ਅਨੁਸਾਰ ਹੁਣ ਕਿਸੇ ਸ਼ਬਦ ਦਾ ਬਹੁਵਚਨ ਬਣਾਉਣ ਸਮੇਂ ਇਕਵਚਨ ਵਾਲ਼ੇ ਸ਼ਬਦ ਤੋਂ ਬਿੰਦੀ ਬਿਲਕੁਲ ਨਹੀਂ ਹਟਾਉਣੀ ਸਗੋਂ ਉਸ ਨੂੰ ਉੱਥੇ ਹੀ ਰਹਿਣ ਦੇਣਾ ਹੈ। ਇਸ ਦੀ ਥਾਂਵੇਂ ਇੱਕ ਹੋਰ ਬਿੰਦੀ ਬਹੁਵਚਨ ਬਣਾਉਣ ਵਾਲ਼ੇ ਪਿਛੇਤਰ ਦੀ ਲਗ ਨਾਲ਼ ਲਾ ਦੇਣੀ ਹੈ, ਜਿਵੇਂ: ਮਾਂ= ਮਾਂਵਾਂ, ਛਾਂ= ਛਾਂਵਾਂ, ਗਾਂ= ਗਾਂਵਾਂ ਅਤੇ ਬਾਂਹ= ਬਾਂਹਵਾਂ ਆਦਿ।
ਬਦਲਿਆ ਹੋਇਆ ਇਹ ਨਿਯਮ “ਜਿਵੇਂ ਬੋਲੋ, ਤਿਵੇਂ ਲਿਖੋ” ਦੇ ਨਿਯਮ ਦੇ ਆਧਾਰ ‘ਤੇ ਬਣਾਇਆ ਗਿਆ ਹੈ। ਜੇਕਰ ਅਸੀਂ ਉਪਰੋਕਤ ਬਹੁਵਚਨ-ਸ਼ਬਦਾਂ: ਮਾਂਵਾਂ, ਛਾਂਵਾਂ, ਗਾਂਵਾਂ, ਬਾਂਹਵਾਂ ਆਦਿ ਨੂੰ ਬੋਲ ਕੇ ਦੇਖੀਏ ਤਾਂ ਇਹ ਹਕੀਕਤ ਭਲੀ-ਭਾਂਤ ਸਪਸ਼ਟ ਹੋ ਜਾਂਦੀ ਹੈ। ਦੂਜੇ, ਜੇਕਰ ਅਸੀਂ ਇਹ ਨਿਯਮ ਨਹੀਂ ਅਪਣਾਉਂਦੇ ਤਾਂ ਕਈ ਸ਼ਬਦਾਂ, ਜਿਵੇਂ: ਗਾਵਾਂ/ਗਾਂਵਾਂ ਆਦਿ ਦੇ ਅਰਥਾਂ ਵਿੱਚ ਅੰਤਰ ਆਉਣ ਦਾ ਵੀ ਖ਼ਤਰਾ ਬਣਿਆ ਰਹਿੰਦਾ ਹੈ। ਸੋ, ਬਦਲੇ ਹੋਏ ਇਹ ਨਿਯਮ ਬਹੁਵਚਨ ਸ਼ਬਦਾਂ ਦੇ ਅਰਥਾਂ ਵਿੱਚ ਅੰਤਰ ਅਤੇ ਸਪਸ਼ਟਤਾ ਲਿਆਉਣ ਦਾ ਕੰਮ ਵੀ ਕਰਦੇ ਹਨ।
ਪਰ ਜਿਹੜੀ ਗੱਲ ਨੋਟ ਕਰਨ ਵਾਲੀ ਹੈ, ਉਹ ਇਹ ਹੈ ਕਿ ਇਸ ਨਿਯਮ ਨੂੰ ਬਣਿਆਂ ਭਾਵੇਂ ਕਈ ਦਹਾਕੇ ਬੀਤ ਚੁੱਕੇ ਹਨ ਪਰ ਅਸੀਂ ਲਕੀਰ ਦੇ ਫ਼ਕੀਰ ਬਣ ਕੇ ਅਜੇ ਵੀ ਪੁਰਾਣੇ ਨਿਯਮਾਂ ਨਾਲ਼ ਹੀ ਚਿੰਬੜੇ ਹੋਏ ਹਾਂ ਤੇ ਕੋਈ ਨਵੀਂ ਗੱਲ ਸੁਣਨ ਜਾਂ ਉਸ ਨੂੰ ਅਪਣਾਉਣ ਲਈ ਤਿਆਰ ਹੀ ਨਹੀਂ ਹਾਂ।ਦੇਖਣ ਵਾਲ਼ੀ ਗੱਲ ਇਹ ਹੈ ਕਿ ਇਹ ਨਿਯਮ ਏਨਾ ਔਖਾ ਵੀ ਨਹੀਂ ਹੈ ਕਿ ਜਿਸ ਨੂੰ ਸਮਝਣਾ ਜਾਂ ਅਪਣਾਉਣਾ ਬਹੁਤ ਜ਼ਿਆਦਾ ਮੁਸ਼ਕਲ ਹੋਵੇ ਪਰ ਇਸ ਦੇ ਬਾਵਜੂਦ ਇਸ ਨਿਯਮ ਉੱਤੇ ਅਮਲ ਨਹੀਂ ਕੀਤਾ ਜਾ ਰਿਹਾ ਜੋਕਿ ਬਹੁਤ ਹੀ ਮੰਦਭਾਗੀ ਗੱਲ ਹੈ।
ਕੁਝ ਹੋਰ ਸ਼ਬਦ ਜਿਨ੍ਹਾਂ ਵਿੱਚੋਂ ਬਿੰਦੀ ਅਕਸਰ ਅਲੋਪ ਹੁੰਦੀ ਹੈ, ਉਹ ਹਨ:
ਟਾਵਾਂ-ਟਾਵਾਂ, ਦੋਹਾਂ, ਸਾਂਈਂ/ਸਾਈਆਂ, ਸਾਂਵਾਂ, ਸੇਵੀਂਆਂ, ਹਮੇਸ਼ਾਂ, ਕਾਇਆਂ:
ਟਾਂਵਾਂ ਸ਼ਬਦ ਨੂੰ ਅਸੀਂ ਆਮ ਤੌਰ ‘ਤੇ ਟਾਵਾਂ ਜਾਂ ਟਾਵਾਂ-ਟਾਵਾਂ ਹੀ ਲਿਖ ਦਿੰਦੇ ਹਾਂ ਜਦਕਿ ਇਸ ਸ਼ਬਦ ਦੀਆਂ ਦੋਂਹਾਂ ਲਗਾਂ ਨਾਲ਼ ਬਿੰਦੀਆਂ ਪੈਣੀਆਂ ਹਨ। ਦੋ ਤੋਂ ਬਣੇ ਸ਼ਬਦ ਦੋਂਹ ਉੱਤੇ ਇੱਕ ਅਤੇ ਦੋਂਹਾਂ ਉੱਤੇ ਦੋ ਬਿੰਦੀਆਂ ਪੈਣੀਆਂ ਹਨ; ਸਾਂਵਾਂ ਸ਼ਬਦ ਉੱਤੇ ਵੀ ਦੋ; ਸਾਂਈਂ ਉੱਤੇ ਵੀ ਦੋ ਪਰ ਇਸ ਸ਼ਬਦ ਦੇ ਬਹੁਵਚਨ-ਰੂਪ ਸਾਂਈਂਆਂ ਉੱਤੇ ਤਿੰਨ ਬਿੰਦੀਆਂ ਪੈਣੀਆਂ ਹਨ। ਹਮੇਸ਼ਾਂ ਅਤੇ ਕਾਇਆਂ ਸ਼ਬਦਾਂ ਉੱਤੇ ਵੀ ਉਪਰੋਕਤ ਕੋਸ਼ਾਂ ਅਨੁਸਾਰ ਪੰਜਾਬੀ ਉਚਾਰਨ ਅਤੇ ਮੁਹਾਂਦਰੇ ਮੁਤਾਬਕ ਇਹਨਾਂ ਦੇ ਆਖ਼ਰੀ ਅੱਖਰਾਂ ਨਾਲ਼ ਬਿੰਦੀਆਂ ਪਾਉਣ ਦਾ ਪ੍ਰਾਵਧਾਨ ਹੈ ਪਰ ਇਹ ਸ਼ਬਦ ਅਕਸਰ ਬਿੰਦੀ-ਮੁਕਤ ਹੀ ਦੇਖਣ ਵਿੱਚ ਆਉਂਦੇ ਹਨ।
ਇਸੇ ਤਰ੍ਹਾਂ ਨੀਂਹ ਤੋਂ ਬਣੇ ਬਹੁਵਚਨ ਸ਼ਬਦ ਨੂੰ ਨੀਂਹਾਂ, ਨੌੰ ਤੋਂ ਨੌਂਵੀਂ ਅਤੇ ਨੌਂਵੀਂ ਤੋਂ ਬਣੇ ਬਹੁਵਚਨ ਸ਼ਬਦ ਨੂੰ ਨੌਂਵੀਂਆਂ ਲਿਖਣਾ ਹੈ। ਰਾਮਨੌਂਵੀਂ ਅਤੇ ਗੁੱਗਾਨੌਂਵੀਂ ਤਿਉਹਾਰਾਂ ਨੂੰ ਵੀ ਇਸੇ ਤਰ੍ਹਾਂ ਦੋ ਬਿੰਦੀਆਂ ਨਾਲ਼ ਹੀ ਲਿਖਣਾ ਹੈ। ਨਵਾਂ ਤੋਂ ਬਣੇ ਬਹੁਵਚਨ ਸ਼ਬਦ ਨੂੰ ਨਵੇਂ ਜਾਂ ਨਵਿਆਂ; ਨਵੀਂ ਦੇ ਬਹੁਵਚਨ ਨੂੰ ਨਵੀਂਆਂ ਲਿਖਣਾ ਹੈ; ਇਸੇ ਤਰ੍ਹਾਂ ਤੀਵੀਂ ਤੋਂ ਤੀਵੀਂਆਂ, ਕਾਂ ਤੋਂ ਕਾਂਵਾਂ ਅਤੇ ਕਾਂਵਾਂ ਤੋਂ ਕਾਂਵਾਂ-ਰੌਲ਼ੀ ਸ਼ਬਦ ਹੋਂਦ ਵਿੱਚ ਆਇਆ ਹੈ।
ਇਸੇ ਤਰ੍ਹਾਂ ਸੌਂ ਸ਼ਬਦ ਤੋਂ ਸੌਂਦਾ ਜਾਂ ਸੌਂਦੇ ਆਦਿ ਸ਼ਬਦ ਬਣੇ ਹਨ ਤੇ ਇਸੇ ਤੋਂ ਹੀ ‘ਸੌਂਣਾ’ ਸ਼ਬਦ ਵੀ ਬਣਿਆ ਹੈ ਪਰ ਇਹ ਗੱਲ ਖ਼ਾਸ ਤੌਰ ‘ਤੇ ਦੇਖਣ ਵਿੱਚ ਆਈ ਹੈ ਕਿ ਅਸੀਂ ਸੌਂਦਾ ਜਾਂ ਸੌਂਦੇ ਆਦਿ ਸ਼ਬਦਾਂ ਉੱਤੇ ਤਾਂ ਬਿੰਦੀ ਪਾ ਦਿੰਦੇ ਹਾਂ ਪਰ ‘ਸੌਂਣ’ ਸ਼ਬਦ ਉੱਤੇ ਕਦੇ ਵੀ ਬਿੰਦੀ ਨਹੀਂ ਪਾਉਂਦੇ। ਸ਼ਾਇਦ ਇਹ ਸਮਝਦਿਆਂ ਹੋਇਆਂ ਕਿ ਇਸ ਸ਼ਬਦ ਵਿੱਚ ਅਨੁਨਾਸਿਕ ਅੱਖਰ ਣ ਲੱਗਿਆ ਹੋਇਆ ਹੈ ਇਸ ਲਈ ਇੱਥੇ ਬਿੰਦੀ ਪਾਉਣ ਦੀ ਲੋੜ ਨਹੀਂ ਹੈ। ਇਹ ਤਰਕ ਠੀਕ ਨਹੀਂ ਹੈ ਕਿਉਂਕਿ ਉਪਰੋਕਤ ਨਿਯਮ ਅਨੁਸਾਰ ਜੇਕਰ ਮੂਲ ਸ਼ਬਦ ਵਿੱਚ ਬਿੰਦੀ ਲੱਗੀ ਹੋਈ ਹੈ ਤਾਂ ਉਸ ਬਿੰਦੀ ਨੂੰ ਵੀ ਸਾਨੂੰ ਉਸ ਤੋਂ ਬਣਨ ਵਾਲ਼ੇ ਸ਼ਬਦ ਦੇ ਨਾਲ਼ ਹੀ ਲਿਜਾਣਾ ਪਵੇਗਾ। ਬੱਚੇ ਨੂੰ ਸੁਆਂਉਣ ਲਈ ਸੁੁਆਂਉਣ ਸ਼ਬਦ ਸੁਆਂ ਸ਼ਬਦ ਤੋਂ ਬਣਿਆ ਹੋਇਆ ਹੈ। ਇਸ ਵਿੱਚ ਵੀ ਇਹ ਬਿੰਦੀ ਇਸ ਦੇ ਨਾਲ਼ ਹੀ ਰਹਿਣੀ ਹੈ। ਇਸੇ ਤਰ੍ਹਾਂ ਜਿਊਂਣ ਸ਼ਬਦ ਵੀ ਬਿੰਦੀ ਪਾ ਕੇ ਹੀ ਲਿਖਣਾ ਹੈ।
ਬਿੰਦੀ ਦੀ ਬੇਲੋੜੀ ਵਰਤੋਂ:
“” ਅਜਿਹੇ ਸ਼ਬਦਾਂ, ਜਿਵੇਂ:
ਕੁਝ ਲੋਕ ਆਪਣਾਂ, ਛਾਪਣਾਂ, ਖਾਣਾਂ (ਭੋਜਨ), ਏਨੀਂ, ਜਿੰਨੀਂ, ਕਿੰਨੀਂ ਆਦਿ ਸ਼ਬਦਾਂ ਨਾਲ਼ ਵੀ ਬਿੰਦੀ ਦੀ ਵਰਤੋਂ ਕਰ ਰਹੇ ਹਨ ਜਿਸ ਦੀ ਕਿ ਲੋੜ ਹੀ ਨਹੀਂ ਹੈ ਕਿਉਂਕਿ ਅਜਿਹੇ ਸ਼ਬਦਾਂ ਵਿੱਚ ਪਹਿਲਾਂ ਹੀ ਣ ਜਾਂ ਨ ਅਨੁਨਾਸਿਕ ਅੱਖਰ ਲੱਗੇ ਹੋਏ ਹਨ। ਹਾਂ, ਜੇਕਰ ਮੂਲ ਸ਼ਬਦ ਵਿੱਚ ਬਿੰਦੀ ਮੌਜੂਦ ਹੈ (ਜਿਵੇਂ: ਸੌਂ ਤੋਂ ਸੌਂਣਾ ਆਦਿ) ਤਾਂ ਇਸ ਨੂੰ ਜ਼ਰੂਰ ਅੱਗੇ ਵਧਾਇਆ ਜਾਣਾ ਚਾਹੀਦਾ ਹੈ। ਇਸ ਤੋਂ ਬਿਨਾਂ ਜੇਕਰ ਕਿਰਿਆ ਦੇ ਕਾਰਜ ਦੀ ਗੱਲ ਅੱਗੇ ਵੱਲ ਵਧ ਰਹੀ ਹੋਵੇ ਤਾਂ ਵੀ ਬਿੰਦੀ ਦੀ ਵਰਤੋਂ ਕੀਤੀ ਜਾਣੀ ਹੈ, ਜਿਵੇਂ: ਬਿਨਾਂ, ਜਿਨ੍ਹਾਂ, ਕਿਨ੍ਹਾਂ ਆਦਿ।
ਜਸਵੀਰ ਸਿੰਘ ਪਾਬਲਾ,
ਲੰਗੜੋਆ, ਨਵਾਂਸ਼ਹਿਰ।
ਸੰਪਰਕ: 98884-03052.
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly