ਵਿਲਮਿੰਗਟਨ (ਅਮਰੀਕਾ) (ਸਮਾਜ ਵੀਕਲੀ): ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੂਤਿਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਯੂਕਰੇਨ ਖ਼ਿਲਾਫ਼ ਰੂਸ ਕੋਈ ਹੋਰ ਫੌਜੀ ਕਾਰਵਾਈ ਕਰਦਾ ਹੈ ਤਾਂ ਅਮਰੀਕਾ ਉਸ ’ਤੇ ਨਵੀਆਂ ਪਾਬੰਦੀਆਂ ਲਗਾ ਸਕਦਾ ਹੈ। ਇਸ ’ਤੇ ਪੂਤਿਨ ਨੇ ਕਿਹਾ ਕਿ ਅਮਰੀਕਾ ਦਾ ਕੋਈ ਵੀ ਅਜਿਹਾ ਕਦਮ ਦੋਵਾਂ ਮੁਲਕਾਂ ਵਿਚਾਲੇ ਰਿਸ਼ਤਿਆਂ ਨੂੰ ਪੂਰੀ ਤਰ੍ਹਾਂ ਖਰਾਬ ਕਰ ਸਕਦਾ ਹੈ। ਯੂਕਰੇਨ ਨੇੜੇ ਰੂਸੀ ਫੌਜ ਦੇ ਵੱਧਦੇ ਦਖਲ ’ਤੇ ਦੋਵਾਂ ਆਗੂਆਂ ਨੇ ਕਰੀਬ ਇੱਕ ਘੰਟਾ ਖੁੱਲ੍ਹ ਕੇ ਗੱਲਬਾਤ ਕੀਤੀ।
ਪੂਤਿਨ ਦੇ ਵਿਦੇਸ਼ੀ ਮਾਮਲਿਆਂ ਬਾਰੇ ਸਲਾਹਕਾਰ ਯੂਰੀ ਉਸ਼ਾਕੋਵ ਨੇ ਕਿਹਾ ਕਿ ਅਮਰੀਕਾ ਦਾ ਵਾਧੂ ਪਾਬੰਦੀਆਂ ਲਾਉਣਾ ਇੱਕ ਬਹੁਤ ਵੱਡੀ ਗਲਤੀ ਹੋਵੇਗੀ ਜਿਸ ਦੇ ਨਤੀਜੇ ਗੰਭੀਰ ਹੋਣਗੇ। ਉਨ੍ਹਾਂ ਬਾਇਡਨ ਤੇ ਪੂਤਿਨ ਵਿਚਾਲੇ ਫੋਨ ’ਤੇ ਹੋਈ ਗੱਲਬਾਤ ਬਾਰੇ ਮਾਸਕੋ ’ਚ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪੂਤਿਨ ਨੇ ਬਾਇਡਨ ਨੂੰ ਕਿਹਾ ਕਿ ਜੇਕਰ ਅਮਰੀਕਾ ਦੀਆਂ ਸਰਹੱਦਾਂ ਨੇੜੇ ਹਮਲਾਵਰ ਹਥਿਆਰ ਤਾਇਨਾਤ ਕੀਤੇ ਗਏ ਤਾਂ ਰੂਸ ਵੀ ਅਮਰੀਕਾ ਵਾਂਗ ਹੀ ਕਾਰਵਾਈ ਕਰੇਗਾ।
ਦੂਜੇ ਪਾਸੇ ਵ੍ਹਾਈਟ ਹਾਊਸ ਦੇ ਅਧਿਕਾਰੀਆ ਨੇ ਫੋਨ ’ਤੇ ਹੋਈ ਗੱਲਬਾਤ ਬਾਰੇ ਕੁਝ ਖੁੱਲ੍ਹ ਕੇ ਜਾਣਕਾਰੀ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਦੋਵਾਂ ਆਗੂਆਂ ਨੇ ਇਸ ਗੱਲ ’ਤੇ ਸਹਿਮਤੀ ਜ਼ਾਹਿਰ ਕੀਤੀ ਕਿ ਅਜਿਹੇ ਵੀ ਕਈ ਖੇਤਰ ਹਨ ਜਿੱਥੇ ਦੋਵੇਂ ਧਿਰਾਂ ਚੰਗੀ ਪ੍ਰਗਤੀ ਕਰ ਸਕਦੀਆਂ ਹਨ ਪਰ ਅਜਿਹੇ ਮਤਭੇਦ ਵੀ ਹਨ ਜਿਨ੍ਹਾਂ ਨੂੰ ਹੱਲ ਕਰਨਾ ਅਸੰਭਵ ਹੋ ਸਕਦਾ ਹੈ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਕਿਹਾ ਕਿ ਬਾਇਡਨ ਨੇ ਰੂਸ ਨੂੰ ਯੂਕਰੇਨ ਨਾਲ ਤਣਾਅ ਘਟਾਉਣ ਦੀ ਅਪੀਲ ਕੀਤੀ ਹੈ ਅਤੇ ਸਪੱਸ਼ਟ ਕੀਤਾ ਹੈ ਕਿ ਜੇਕਰ ਰੂਸ ਨੇ ਯੂਕਰੇਨ ’ਤੇ ਹਮਲਾ ਕੀਤਾ ਤਾਂ ਅਮਰੀਕਾ, ਉਸ ਦੇ ਸਹਿਯੋਗੀ ਤੇ ਭਾਈਵਾਲ ਫੈਸਲਾਕੁਨ ਢੰਗ ਨਾਲ ਜਵਾਬ ਦੇਣਗੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly