ਪਟਿਆਲਾ, (ਸਮਾਜ ਵੀਕਲੀ): ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਪੰਜਾਬ ਦੇ ਦੁਸ਼ਮਣ ਪੰਜਾਬ ਨੂੰ ਬਰਬਾਦ ਕਰਨ ਲਈ ਸਰਗਰਮ ਹੋਏ ਹਨ ਪਰ ਪੰਜਾਬ ਦੇ ਤਿੰਨ ਕਰੋੜ ਲੋਕ ਇਨ੍ਹਾਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ। ਭਾਰਤ ਵਿਚ ਹਿੰਦੂ-ਮੁਸਲਮਾਨ ਤੇ ਮੰਦਰ-ਮਸਜਿਦ ਦੀ ਸਿਆਸਤ ਖੇਡਣ ਵਾਲੀਆਂ ਤਾਕਤਾਂ ਪੰਜਾਬ ਦਾ ਮਾਹੌਲ ਖ਼ਰਾਬ ਕਰਕੇ ਚੋਣਾਂ ਵਿੱਚ ਲਾਭ ਲੈਣਾ ਚਾਹੁੰਦੀਆਂ ਹਨ ਪਰ ਪੰਜਾਬ ਸੁਚੇਤ ਹੈ ਤੇ ਇਸ ਦਾ ਮੂੰਹ ਤੋੜ ਜਵਾਬ ਦੇਵੇਗਾ। ਸ੍ਰੀ ਕੇਜਰੀਵਾਲ ਅੱਜ ਪਟਿਆਲਾ ਵਿਚ ‘ਸ਼ਾਂਤੀ ਮਾਰਚ’ ਕਰਨ ਲਈ ਪੁੱਜੇ ਸਨ। ਉਨ੍ਹਾਂ ਨਾਲ ਪੰਜਾਬ ਦੇ ਪਾਰਟੀ ਪ੍ਰਧਾਨ ਭਗਵੰਤ ਮਾਨ ਤੇ ਹਰਪਾਲ ਚੀਮਾ ਵੀ ਸਨ। ਉਨ੍ਹਾਂ ਪਹਿਲਾਂ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਅਤੇ ਕਾਲੀ ਮਾਤਾ ਦੇ ਮੰਦਰ ਵਿਚ ਮੱਥਾ ਟੇਕਿਆ।
ਸ੍ਰੀ ਕੇਜਰੀਵਾਲ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਅੱਜ ਉਹ ਕੋਈ ਰਾਜਨੀਤੀ ਕਰਨ ਲਈ ਨਹੀਂ ਆਏ। ਇਸ ਕਰਕੇ ਕੋਈ ਉਨ੍ਹਾਂ ਨੂੰ ਸਟੰਟ ਮੁੱਖ ਮੰਤਰੀ ਆਖੇ ਤਾਂ ਉਨ੍ਹਾਂ ਕਿਸੇ ਨੂੰ ਕੁਝ ਨਹੀਂ ਕਹਿਣਾ। ਉਨ੍ਹਾਂ ਕਿਸੇ ਦਾ ਨਾਂ ਲਏ ਬਿਨਾਂ ਕਿਹਾ ਕਿ ਪੰਜਾਬ ਦੀਆਂ ਦੁਸ਼ਮਣ ਤਾਕਤਾਂ ਕਾਫ਼ੀ ਸਰਗਰਮ ਹਨ ਜੋ ਸੂਬੇ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੀਆਂ ਹਨ। ਜੋ ਲੋਕ ਭਾਰਤ ਵਿਚ ਹਿੰਦੂ-ਮੁਸਲਮਾਨ ਤੇ ਮੰਦਰ-ਮਸਜਿਦ ਦੀ ਸਿਆਸਤ ਖੇਡਦੇ ਹਨ ਉਹ ਪੰਜਾਬੀਆਂ ਦੀਆਂ ਵੋਟਾਂ ਬਟੋਰਨ ਲਈ ਹਰ ਤਰ੍ਹਾਂ ਦੀ ਚਾਰਾਜੋਈ ਕਰ ਰਹੇ ਹਨ ਪਰ ਪੰਜਾਬੀ ਸਹੀ ਤੇ ਇਮਾਨਦਾਰ ਪਾਰਟੀ ਨੂੰ ਹੀ ਚੁਣਨਗੇ। ਉਨ੍ਹਾਂ ਸਟੇਜ ਤੋਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਇੰਨੀ ਕਮਜ਼ੋਰ ਸਰਕਾਰ ਹੈ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਬੇਅਦਬੀ ਕਾਂਡ ਨੂੰ 10 ਦਿਨਾਂ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਅਜੇ ਤੱਕ ਵੀ ਬੇਅਦਬੀ ਦੇ ਮੁੱਖ ਦੋਸ਼ੀ ਦਾ ਪਤਾ ਨਹੀਂ ਲਗਾ ਸਕੀ। ਇਸੇ ਤਰ੍ਹਾਂ ਲੁਧਿਆਣਾ ਵਿਚ ਬੰਬ ਕਾਂਡ ਹੋਇਆ ਹੈ, ਉਸ ਦੀਆਂ ਜੜ੍ਹਾਂ ਤੱਕ ਅਜੇ ਤੱਕ ਵੀ ਸਰਕਾਰ ਨਹੀਂ ਪਹੁੰਚ ਸਕੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਮਾਹੌਲ ਖ਼ਰਾਬ ਹੋ ਰਿਹਾ ਹੈ ਤੇ ਕਾਂਗਰਸ ਆਗੂ ਇਸ ਵੇਲੇ ਮੁੱਖ ਮੰਤਰੀ ਦੀ ਕੁਰਸੀ ਦੀ ਦੌੜ ਵਿਚ ਰੁੱਝੇ ਹੋਏ ਹਨ।
ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੀ ਜਨਤਾ ਕਾਂਗਰਸ, ਕੈਪਟਨ, ਬਾਦਲਾਂ ਅਤੇ ਭਾਜਪਾ ਵਰਗੀਆਂ ਸਵਾਰਥੀ, ਮੌਕਾਪ੍ਰਸਤ ਤਾਕਤਾਂ ਨੂੰ ਚੰਗੀ ਤਰ੍ਹਾਂ ਪਛਾਣ ਚੁੱਕੀ ਹੈ। ਇਸ ਲਈ ਲੋਕਾਂ ਨੇ 2022 ਦੀਆਂ ਚੋਣਾਂ ਵਿੱਚ ਇਨ੍ਹਾਂ ਸਭ ਦਾ ਬਿਸਤਰਾ ਗੋਲ ਕਰਨ ਦਾ ਮਨ ਬਣਾ ਲਿਆ ਹੈ। ਇਸ ਦੀ ਦਿੱਲੀ ਤੋਂ ਬਾਅਦ ਝਾਕੀ ਹਾਲ ਹੀ ਦੌਰਾਨ ਚੰਡੀਗੜ੍ਹ ਦੀ ਜਨਤਾ ਨੇ ਦਿਖਾ ਦਿੱਤੀ ਹੈ। ਇਸ ਮੌਕੇ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਮੰਦਰਾਂ-ਮਸਜਿਦਾਂ ਦੀ ਸਿਆਸਤ ਕਰਨ ਵਾਲੇ ਲੋਕ ਕਦੇ ਵੀ ਪੰਜਾਬ ਦਾ ਨੁਕਸਾਨ ਨਹੀਂ ਕਰ ਸਕਣਗੇ। ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬੀਆਂ ਨੇ ਮਨ ਬਣਾ ਲਿਆ ਹੈ ਕਿ ਉਹ ਪੰਜਾਬ ’ਚ ਅਗਲੀ ਸਰਕਾਰ ‘ਆਪ’ ਦੀ ਹੀ ਬਣਾਉਣਗੇ। ਇਸ ਮਾਰਚ ’ਚ ਪਟਿਆਲਾ ਦਿਹਾਤੀ ਤੋਂ ਡਾ. ਬਲਬੀਰ ਸਿੰਘ, ਸ਼ਹਿਰੀ ਤੋਂ ਕੁੰਦਨ ਗੋਗੀਆ, ਪ੍ਰੋ. ਸੁਮੇਰ, ਸ਼ੁਤਰਾਣਾ ਤੋਂ ਕੁਲਵੰਤ ਸਿੰਘ ਬਾਜ਼ੀਗਰ, ਨਾਭਾ ਤੋਂ ਦੇਵ ਮਾਨ, ਘਨੌਰ ਤੋਂ ਗੁਰਲਾਲ ਸਿੰਘ, ਰਾਜਪੁਰਾ ਤੋਂ ਨੀਨਾ ਮਿੱਤਲ, ਸਨੌਰ ਤੋਂ ਹਰਮੀਤ ਸਿੰਘ ਪਠਾਣਮਾਜਰਾ, ਸਮਾਣਾ ਤੋਂ ਚੇਤਨ ਸਿੰਘ ਜੌੜੇਮਾਜਰਾ, ਜਰਨੈਲ ਸਿੰਘ ਮਨੂੰ, ਤੇਜਿੰਦਰ ਮਹਿਤਾ, ਮੇਘ ਚੰਦ ਸ਼ੇਰਮਾਜਰਾ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly