(ਸਮਾਜ ਵੀਕਲੀ)- ਨਵਾਂ ਸਾਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਫ਼ੋਨ ਤੇ ਵਧਾਈਆਂ ਦਾ ਦੌਰ ਸ਼ੁਰੂ ਹੋ ਜਾਂਦਾ ਹੈ। ਹਰ ਕੋਈ ਇੱਕ ਦੂਜੇ ਨੂੰ ਵਧੀਆ ਤੋਂ ਵਧੀਆ ਸੁਨੇਹਾ ਭੇਜਣ ਦੀ ਕੋਸ਼ਿਸ਼ ਕਰਦਾ ਹੈ। ਅੱਜਕਲ੍ਹ ਕੋਈ ਮਿਲ਼ ਕੇ ਤਾਂ ਪਤਾ ਨਹੀਂ ਨਵਾਂ ਸਾਲ ਮੁਬਾਰਕ ਕਹਿੰਦਾ ਕਿ ਨਹੀਂ ਪਰ ਫ਼ੋਨ ਤੇ ਸੰਦੇਸ਼ ਭੇਜਣਾ ਕੋਈ ਹੀ ਭੁੱਲਦਾ ਹੋਵੇਗਾ।
ਵੈਸੇ ਵਿਸ਼ ਕਰਨਾ ਤਾਂ ਕੋਈ ਬੁਰੀ ਗੱਲ ਨਹੀਂ ਪਰ ਇਸ ਨਵੇਂ ਸਾਲ ਨੂੰ ਮਨਾਉਣ ਦੇ ਵਿੱਚ ਸਾਨੂੰ ਪੁਰਾਣੇ ਸਾਲ ਦੀਆਂ ਚੁਣੌਤੀਆਂ ਨਹੀਂ ਭੁੱਲਣੀਆਂ ਚਾਹੀਦੀਆਂ। ਪੁਰਾਣਾ ਸਾਲ ਸਾਨੂੰ ਜਿਹੜੇ ਸਬਕ ਸਿਖਾ ਕੇ ਗਿਆ ਹੈ ਉਹ ਵੀ ਯਾਦ ਰੱਖਣੇ ਬਹੁਤ ਜ਼ਰੂਰੀ ਹਨ। ਪਿੱਛਲੇ ਇੱਕ ਦੋ ਸਾਲਾਂ ਨੇ ਸਾਨੂੰ ਜ਼ਿੰਦਗੀ ਦੇ ਅਸਲੀ ਮਾਇਨੇ ਸਮਝਾਏ ਹਨ। ਕਰੋਨਾ ਨੇ ਜਿਉਣ ਦੇ ਤਰੀਕੇ ਬਦਲ ਦਿੱਤੇ ਅਤੇ ਕਿਸਾਨ ਅੰਦੋਲਨ ਨੇ ਸੋਚ ਦੇ।
ਸਮਾਂ ਬਹੁਤ ਬਲਵਾਨ ਹੈ। ਅਸੀਂ ਨਵੇਂ ਸਾਲ ਦੀ ਖ਼ੁਸ਼ੀ ਮਨਾਉਣ ਵਿੱਚ ਇਹ ਭੁੱਲ ਜਾਂਦੇ ਹਾਂ ਕਿ ਜ਼ਿੰਦਗੀ ਦਾ ਇਕ ਸਾਲ ਹੋਰ ਘੱਟ ਗਿਆ। ਅਸੀਂ ਪਾਰਟੀਆਂ ਕਰਦੇ ਹਨ, ਖੂਬ ਖਾਂਦੇ ਪੀਂਦੇ ਹਾਂ, ਰਜ ਕੇ ਨੱਚਦੇ ਟੱਪਦੇ ਹਾਂ। ਸ਼ਾਇਦ ਸਾਡੇ ਖ਼ੁਸ਼ੀ ਮਨਾਉਣ ਦੇ ਢੰਗ ਹੀ ਹੁਣ ਇਹ ਬਣ ਗਏ ਹਨ।
ਸਾਰਾ ਦਸੰਬਰ ਮਹੀਨਾ ਅਸੀਂ ਸ਼ਹੀਦੀ ਸਮਾਗਮ ਕਰਵਾਉਂਦੇ ਹਾਂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨੂੰ ਯਾਦ ਕਰਦੇ ਹਾਂ ਪਰ ਅਚਾਨਕ ਨਵਾਂ ਸਾਲ ਚੜਦੇ ਹੀ ਸੱਭ ਕੁੱਝ ਭੁੱਲ ਭੁਲਾ ਕੇ ਪੱਬਾਂ ਵਿੱਚ ਜਾ ਵੜ੍ਹਦੇ ਹਾਂ। ਸ਼ਰਾਬ ਤੇ ਕਬਾਬ ਅੱਜਕਲ੍ਹ ਬਹੁਤ ਜ਼ਰੂਰੀ ਹੋ ਗਏ ਹਨ। ਹਰ ਕੋਈ ਆਪਣਾ ਆਪਣਾ ਸਟੇਟਸ ਉੱਚਾ ਰੱਖਣ ਦੀ ਕੋਸ਼ਿਸ਼ ਕਰਦਾ ਹੈ।
ਪਰ ਇਸ ਵਾਰ ਨਵਾਂ ਸਾਲ ਹੋਰ ਵੀ ਬਹੁਤ ਕੁੱਝ ਲੈ ਕੇ ਆ ਰਿਹਾ ਹੈ। ਇਹ ਨਵਾਂ ਸਾਲ ਰਾਜਨੀਤੀ ਦੇ ਬਦਲਾਅ ਦਾ ਸਾਲ ਹੈ ਇਸ ਵਾਰ ਵੋਟਾਂ ਤੋਂ ਬਾਅਦ ਇਹ ਪਤਾ ਚੱਲੇਗਾ ਕਿ ਲੋਕ ਕਿੰਨੇ ਸਮਝਦਾਰ ਹੋਏ ਹਨ? ਪਿੱਛਲੀਆਂ ਕਮਜ਼ੋਰੀਆਂ ਤੋਂ ਰਾਜਨੀਤਿਕ ਪਾਰਟੀਆਂ ਨੇ ਕੀ ਤੇ ਕਿੰਨਾ ਕੁ ਕੁੱਝ ਸਿੱਖਿਆ।ਕਿਵੇਂ ਤੇ ਕਿਹੜੀ ਪਾਰਟੀ ਕਰੇਗੀ ਲੋਕਾਂ ਦੇ ਦਿਲਾਂ ਤੇ ਰਾਜ? ਸੱਭ ਨੇਤਾਵਾਂ ਨੇ ਪੂਰਾ ਜ਼ੋਰ ਲਗਾਇਆ ਹੋਇਆ ਕਿ ਉਹ ਬਿਹਤਰ ਸਰਕਾਰ ਬਣਾਉਣਗੇ। ਪਰ ਲੋਕਾਂ ਦੀ ਇਹ ਬਹੁਤ ਬੜੀ ਜ਼ਿੰਮੇਵਾਰੀ ਹੈ ਕਿ ਉਹ ਸਹੀ ਚੁਣਨ ਤੇ ਆਪਣੇ ਅਧਿਕਾਰ ਨੂੰ ਸਹੀ ਢੰਗ ਨਾਲ਼ ਵਰਤ ਕੇ ਲੋਕਤੰਤਰ ਦੇ ਮਿਆਰ ਨੂੰ ਉੱਚਾ ਚੁੱਕਣ।
ਇੱਕ ਗੱਲ ਹੋਰ ਕਿ ਇਸ ਵਾਰ ਨਵਾਂ ਸਾਲ ਮਨਾਉਣ ਦੇ ਨਾਲ਼- ਨਾਲ਼ ਪੁਰਾਣੇ ਦਰਦ ਵੀ ਚੇਤੇ ਰੱਖਿਓ। ਜੇ ਇਸ ਵਕਤ ਵੀ ਸਹੀ ਫ਼ੈਸਲਾ ਨਾ ਕੀਤਾ ਤਾਂ ਅਗਲੇ ਪੰਜ ਸਾਲ ਫ਼ੇਰ ਸਰਕਾਰਾਂ ਅੱਗੇ ਹੱਥ ਜੋੜਦੇ ਰਹਾਂਗੇ ਤੇ ਛਿੱਤਰ ਖਾਂਦੇ ਰਹਾਂਗੇ।
ਦੂਜੀ ਹੋਰ ਗੱਲ ਇਹ ਮੁਫ਼ਤ ਦੀਆਂ ਚੀਜ਼ਾਂ ਦਾ ਲਾਲਚ ਛੱਡੋ ਤੇ ਆਪਣੇ ਜ਼ਮੀਰ ਨੂੰ ਜ਼ਿੰਦਾ ਕਰਕੇ ਉਸ ਪਾਰਟੀ ਨੂੰ ਵੋਟ ਦਿਓ ਜਿਸ ਤੋਂ ਰੁਜ਼ਗਾਰ ਦੀ ਉਮੀਦ ਹੋਵੇ, ਜਿਸ ਤੋਂ ਸਿੱਖਿਆ ਦੀ ਉਮੀਦ ਹੋਵੇ, ਜਿਸ ਤੋਂ ਇਮਾਨਦਾਰੀ ਦੀ ਉਮੀਦ ਹੋਵੇ। ਬਾਕੀ ਤਾਂ ਸੱਭ ਕੁਝ ਵਕਤ ਦੇ ਹੱਥ ਹੈ। ਵਕਤ ਹੀ ਦੱਸੇਗਾ ਕਿ ਹਵਾ ਕਿਸ ਤਰਫ਼ ਚੱਲੀ ਹੈ।
ਸੋ ਆਓ ਨਵੇਂ ਸਾਲ ਦੀਆਂ ਬੇਮਤਲਬ ਪਾਰਟੀਆਂ, ਸ਼ਰਾਬਾਂ ਨਸ਼ਿਆਂ ਜਾਂ ਹੋਰ ਦਿਖਾਵਿਆਂ ਨੂੰ ਛੱਡ ਕੇ ਸੋਚ ਨੂੰ ਉੱਚਾ ਚੁੱਕੀਏ। ਵਾਹਿਗੁਰੂ ਦਾ ਸ਼ੁਕਰ ਕਰੀਏ। ਆਪੋ ਆਪਣੀਆਂ ਜ਼ਿੰਮੇਵਾਰੀਆਂ ਨੂੰ ਤਨਦੇਹੀ ਨਾਲ ਨਿਭਾਉਣ ਦੀ ਤਾਕਤ ਮੰਗੀਏ। ਦੇਸ਼ ਲਈ, ਸਮਾਜ਼ ਲਈ ਤੇ ਪਰਿਵਾਰ ਲਈ ਕੁੱਝ ਵਧੀਆ ਕਰੀਏ ਜੋ ਕਿ ਯਾਦਗਾਰ ਬਣ ਜਾਵੇ। ਮੇਰੇ ਵਲੋਂ ਇਹੀ ਅਰਦਾਸ ਕਿ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਖੇੜੇ ਤੇ ਤੰਦਰੁਸਤੀਆਂ ਲੈ ਕੇ ਆਵੇ।
ਮਨਜੀਤ ਕੌਰ ਲੁਧਿਆਣਵੀ, ਸ਼ੇਰਪੁਰ, ਲੁਧਿਆਣਾ। ਸੰ:9464633059
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਕ ਕਲਿੱਕ ਕਰੋ
https://play.google.com/store/apps/details?id=in.yourhost.samajweekly