ਅੰਮ੍ਰਿਤਸਰ (ਸਮਾਜ ਵੀਕਲੀ): ਅਮਰੀਕਾ ਦੇ ਸੂਬੇ ਨਿਊਯਾਰਕ ਦੀ ਸਟੇਟ ਅਸੈਂਬਲੀ ਮੈਂਬਰ ਜੈਸਿਕਾ ਗੌਂਜਾਲਸ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਦੁਨੀਆਂ ਦੇ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਵਜੋਂ ਮਾਨਤਾ ਦਿੰਦਿਆਂ ਇਸ ਸਬੰਧੀ ਇੱਕ ਮਾਣ ਪੱਤਰ (ਸਾਈਟੇਸ਼ਨ) ਜਾਰੀ ਕੀਤਾ ਹੈ। ਉਹ ਸ਼ਹੀਦੀ ਸਮਾਗਮ ਸਬੰਧੀ ਪਰਿਵਾਰ ਸਮੇਤ ਫਲਸ਼ਿੰਗ ਸਥਿਤ ਇੱਕ ਗੁਰਦੁਆਰੇ ਵਿਖੇ ਨਤਮਸਤਕ ਹੋਣ ਲਈ ਆਏ ਸਨ। ਇਹ ਜਾਣਕਾਰੀ ‘ਵਰਲਡ ਸਿੱਖ ਪਾਰਲੀਮੈਂਟ’ ਜਥੇਬੰਦੀ ਅਤੇ ਅਮਰੀਕਨ ਸਿੱਖ ਗੁਰਦੁਆਰਾ ਜਥੇਬੰਦੀ ਕਮੇਟੀ ਵੱਲੋਂ ਦਿੱਤੀ ਗਈ। ਏਐੱਸਜੀਪੀਸੀ ਦੇ ਆਗੂ ਡਾ. ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਸ੍ਰੀਮਤੀ ਜੈਸਿਕਾ ਗੌਂਜਾਲਸ ਤੇ ਉਨ੍ਹਾਂ ਦਾ ਅੱਠ ਸਾਲਾ ਪੁੱਤਰ ਗੁਰਦੁਆਰੇ ਵਿੱਚ ਨਤਮਸਤਕ ਹੋਣ ਲਈ ਪੁੱਜੇ ਸਨ, ਜਿੱਥੇ ਉਨ੍ਹਾਂ ਅਸੈਂਬਲੀ ਮੈਂਬਰ ਵਜੋਂ 4 ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੀ ਸ਼ਹਾਦਤ ਦੇ ਸਬੰਧ ਵਿੱਚ ਇੱਕ ਸਾਈਟੇਸ਼ਨ ਜਾਰੀ ਕੀਤੀ, ਜਿਸ ਵਿੱਚ ਕਿਹਾ ਗਿਆ ਕਿ ਉਹ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਨਤਮਸਤਕ ਹੁੰਦਿਆਂ ਸਿੱਖ ਭਾਈਚਾਰੇ ਨਾਲ ਆਪਣੀ ਇੱਕਜੁਟਤਾ ਦਾ ਪ੍ਰਗਟਾਵਾ ਕਰਦੇ ਹਨ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਜਲਦੀ ਹੀ ਇਹ ਮਤਾ ਨਿਊਯਾਰਕ ਅਸੈਂਬਲੀ ਵਿੱਚ ਵੀ ਰੱਖਿਆ ਜਾਵੇਗਾ। ਇਸ ਮੌਕੇ ਉਨ੍ਹਾਂ ਨੂੰ ਗੁਰਦੁਆਰਾ ਕਮੇਟੀ ਵੱਲੋਂ ਮੀਤ ਪ੍ਰਧਾਨ ਜਿੰਦਰ ਸਿੰਘ, ਟਰੱਸਟੀ ਹਰਦੀਪ ਸਿੰਘ ਤੇ ਹੋਰਨਾਂ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨੌਰਵਿਚ ਸਿਟੀ ਕੌਂਸਲ ਦੇ ਮੈਂਬਰ ਸਵਰਨਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਨਿਊਯਾਰਕ ਸੂਬੇ ਵੱਲੋਂ ਦਸੰਬਰ ਮਹੀਨੇ ਨੂੰ ਸਿੱਖ ਧਾਰਮਿਕ ਆਜ਼ਾਦੀ ਦੇ ਦਿਹਾੜੇ ਵਜੋਂ ਮਾਨਤਾ ਮਿਲੀ ਹੈ। ਇਸ ਦੌਰਾਨ ਜਥੇਬੰਦੀ ਦੀ ਧਾਰਮਿਕ ਅਤੇ ਵਿਦਿਅਕ ਕੌਂਸਲ ਵੱਲੋਂ ਨਿਊਯਾਰਕ ਦੇ ਟਾਈਮ ਸਕੁਅਰ ਇਲਾਕੇ ਵਿੱਚ ਸ਼ਹੀਦੀ ਪੰਦਰਵਾੜੇ ਦੇ ਇਤਿਹਾਸ ਸਬੰਧੀ ਪਰਚੇ ਵੀ ਵੰਡੇ ਗਏ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly