ਚੰਡੀਗੜ੍ਹ ਨਗਰ ਨਿਗਮ ਚੋਣਾਂ ’ਚ ‘ਆਪ’ ਨੂੰ ਸਭ ਤੋਂ ਵੱਧ ਸੀਟਾਂ

ਚੰਡੀਗੜ੍ਹ(ਸਮਾਜ ਵੀਕਲੀ): ਪਹਿਲੀ ਵਾਰ ਚੰਡੀਗੜ੍ਹ ਨਗਰ ਨਿਗਮ ਚੋਣ ਲੜ ਰਹੀ ਆਮ ਆਦਮੀ ਪਾਰਟੀ (ਆਪ) ਨੇ 35 ਵਾਰਡਾਂ ਵਿਚੋਂ 14 ਉਤੇ ਜਿੱਤ ਹਾਸਲ ਕੀਤੀ ਹੈ। ਸਭ ਤੋਂ ਵੱਧ ਸੀਟਾਂ ਜਿੱਤ ਕੇ ‘ਆਪ’ ਨੇ ਭਾਜਪਾ ਨੂੰ ਝਟਕਾ ਦਿੱਤਾ ਹੈ ਜਦਕਿ ਕਾਂਗਰਸ ਤੀਜੇ ਨੰਬਰ ਉਤੇ ਰਹੀ ਹੈ। ਅੱਜ ਐਲਾਨੇ ਗਏ ਨਤੀਜਿਆਂ ’ਚ ਚੰਡੀਗੜ੍ਹ ਨਗਰ ਨਿਗਮ ਦੇ 35 ਵਾਰਡਾਂ ਵਿੱਚੋਂ ‘ਆਪ’ ਨੇ 14, ਭਾਜਪਾ ਨੇ 12, ਕਾਂਗਰਸ ਨੇ 8 ਅਤੇ ਅਕਾਲੀ ਦਲ ਨੇ 1 ਸੀਟ ’ਤੇ ਜਿੱਤ ਹਾਸਲ ਕੀਤੀ ਹੈ। ਭਾਜਪਾ, ਕਾਂਗਰਸ ਤੇ ‘ਆਪ’ ਦੇ ਕਈ ਵੱਡੇ ਚਿਹਰਿਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਚੋਣ ਨਤੀਜਿਆਂ ਤੋਂ ਬਾਅਦ ਮੇਅਰ ਬਣਾਉਣ ਲਈ ਕਿਸੇ ਕੋਲ ਬਹੁਮਤ ਨਾ ਹੋਣ ਕਾਰਨ ‘ਆਪ’ ਤੇ ਭਾਜਪਾ ਨੇ ਜੱਦੋਜਹਿਦ ਸ਼ੁਰੂ ਕਰ ਦਿੱਤੀ ਹੈ।

‘ਆਪ’ ਆਗੂ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਚੰਡੀਗੜ੍ਹ ਦੇ ਨਤੀਜਿਆਂ ਨੇ ਸਾਫ਼ ਕਰ ਦਿੱਤਾ ਹੈ ਕਿ ਲੋਕਾਂ ਨੇ ਅਰਵਿੰਦ ਕੇਜਰੀਵਾਲ ਦੇ ਵਿਕਾਸ ਮਾਡਲ ਨੂੰ ਮੌਕਾ ਦੇਣ ਦਾ ਪੂਰਾ ਮਨ ਬਣਾ ਲਿਆ ਹੈ ਅਤੇ ਨਫ਼ਰਤ ਦੀ ਰਾਜਨੀਤੀ ਦਾ ਗ਼ਰੂਰ ਤੋੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਅਗਵਾਈ ਹੇਠ ਦਿੱਲੀ ਸਰਕਾਰ ਨੇ ਦੇਸ਼ ਦੀ ਰਾਜਨੀਤੀ ਵਿੱਚ ‘ਕੰਮ ਦੀ ਰਾਜਨੀਤੀ’ ਦਾ ਇੱਕ ਨਵਾਂ ਯੁੱਗ ਸ਼ੁਰੂ ਕੀਤਾ ਸੀ। ਕੇਜਰੀਵਾਲ ਦਾ ਇਹ ਵਿਕਾਸ ਮਾਡਲ ਅੱਜ ਪੂਰੇ ਦੇਸ਼ ’ਚ ਫੈਲਣ ਲੱਗਾ ਹੈ। ਸ੍ਰੀ ਸਿਸੋਦੀਆ ਨੇ ਨਾਲ ਹੀ ਕਿਹਾ ਕਿ ਪੰਜਾਬ ਦੀ ਜਨਤਾ ਨੇ ਇਸ ਵਾਰ ਇੱਕ ਮੌਕਾ ਕੇਜਰੀਵਾਲ ਨੂੰ ਦੇਣ ਦਾ ਮਨ ਬਣਾ ਰੱਖਿਆ ਹੈ। ਪੰਜਾਬ ਤੇ ਦਿੱਲੀ ਦੀ ਜਨਤਾ ਦੇ ‘ਆਪ’ ਪ੍ਰਤੀ ਝੁਕਾਅ ਦਾ ਚੰਡੀਗੜ੍ਹ ਦੀ ਜਨਤਾ ’ਤੇ ਵੀ ਅਸਰ ਹੋਇਆ ਹੈ।

ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਸਭ ਤੋਂ ਵੱਧ ਪੜ੍ਹੇ-ਲਿਖੇ ਅਤੇ ਸਮਰੱਥ ਲੋਕਾਂ ਦੇ ਸ਼ਹਿਰ ਚੰਡੀਗੜ੍ਹ ਨੇ ਭਾਜਪਾ ਦੇ ਮੌਜੂਦਾ ਮੇਅਰ, ਦੋ ਸਾਬਕਾ ਮੇਅਰਾਂ, ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਅਤੇ ਮਹਿਲਾ ਮੋਰਚਾ ਪ੍ਰਧਾਨ ਨੂੰ ਹਰਾ ਕੇ ਪੂਰੇ ਦੇਸ਼ ਨੂੰ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਹੁਣ ਜਾਤੀ, ਧਰਮ ਅਤੇ ਖੇਤਰਵਾਦ ਦੇ ਆਧਾਰ ’ਤੇ ਹੁੰਦੀ ਵੰਡ-ਪਾਊ ਅਤੇ ਨਫ਼ਰਤ ਦੀ ਰਾਜਨੀਤੀ ਲਈ ਕੋਈ ਜਗ੍ਹਾ ਨਹੀਂ ਬਚੀ ਅਤੇ ਲੋਕ ਕੰਮ ਦੀ ਰਾਜਨੀਤੀ ਹੀ ਪਸੰਦ ਕਰਦੇ ਹਨ। ਉਨ੍ਹਾਂ ਕਿਹਾ ਕਿ ‘ਸਿਟੀ ਬਿਊਟੀਫੁਲ’ ਦਾ ਰੁਤਬਾ ਗੁਆ ਬੈਠੇ ਚੰਡੀਗੜ੍ਹ ਦਾ ਇਹ ਰੁਤਬਾ ਬਹਾਲ ਕਰਾਉਣਾ ‘ਆਪ’ ਦੀ ਪਹਿਲੀ ਤਰਜੀਹ ਹੈ। ਗੌਰਤਲਬ ਹੈ ਕਿ ਚੰਡੀਗੜ੍ਹ ਨਿਗਮ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਨੇ ਪੂਰੀ ਜਾਨ ਲਾਈ ਹੋਈ ਸੀ। ਕੇਂਦਰੀ ਮੰਤਰੀ ਪਿਊਸ਼ ਗੋਇਲ, ਨਿੱਤਿਆਨੰਦ ਰਾਏ, ਅਨੁਰਾਗ ਠਾਕੁਰ, ਮਨੋਜ ਤਿਵਾੜੀ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸਣੇ ਕਈ ਵੱਡੇ ਆਗੂਆਂ ਨੂੰ ਪ੍ਰਚਾਰ ਲਈ ਸੱਦਿਆ ਗਿਆ।

ਭਾਜਪਾ ਦੇ ਮੌਜੂਦਾ ਮੇਅਰ ਤੇ ਇਕ ਸਾਬਕਾ ਮੇਅਰ ਨੂੰ ਮਿਲੀ ਹਾਰ

ਚੰਡੀਗੜ੍ਹ ਨਿਗਮ ਚੋਣਾਂ ’ਚ ਭਾਜਪਾ ਦੇ ਮੌਜੂਦਾ ਮੇਅਰ ਰਵੀਕਾਂਤ ਸ਼ਰਮਾ, ਸਾਬਕਾ ਮੇਅਰ ਦੇਵੇਸ਼ ਮੋਦਗਿਲ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸੇ ਤਰ੍ਹਾਂ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਅਰੁਣ ਸੂਦ ਦੇ ਖ਼ੁਦ ਦੇ ਵਾਰਡ ਵਿੱਚੋਂ ਵੀ ਭਾਜਪਾ ਨੂੰ ਭਾਰੀ ਵੋਟਾਂ ਨਾਲ ਹਾਰ ਦਾ ਮੂੰਹ ਦੇਖਣਾ ਪਿਆ ਹੈ। ਦੂਜੇ ਪਾਸੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚਾਵਲਾ ਦੇ ਪੁੱਤਰ ਸੁਮਿਤ ਚਾਵਲਾ, ਚੰਡੀਗੜ੍ਹ ਕਾਂਗਰਸ ਦੀ ਮਹਿਲਾ ਵਿੰਗ ਦੀ ਪ੍ਰਧਾਨ ਦੀਪਾ ਦੂਬੇ ਅਤੇ ਚੰਡੀਗੜ੍ਹ ਕਾਂਗਰਸ ਦੇ ਸੀਨੀਅਰ ਆਗੂ ਹਰਮੋਹਿੰਦਰ ਸਿੰਘ ਲੱਕੀ ਵੀ ਹਾਰ ਗਏ ਹਨ। ‘ਆਪ’ ਦੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਚੰਦਰਮੁਖੀ ਸ਼ਰਮਾ ਵੀ ਵਾਰਡ ਨੰਬਰ-13 ਤੋਂ ਹਾਰ ਗਏ ਹਨ।

ਚੰਡੀਗੜ੍ਹ ਦੀ ਜਿੱਤ ਪੰਜਾਬ ’ਚ ਆਉਣ ਵਾਲੇ ਬਦਲਾਅ ਦਾ ਸੰਕੇਤ: ਕੇਜਰੀਵਾਲ

‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨਿਗਮ ਚੋਣਾਂ ਵਿੱਚ ਪਾਰਟੀ ਦੇ ਸ਼ਾਨਦਾਰ ਪ੍ਰਦਰਸ਼ਨ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਕੇਜਰੀਵਾਲ ਨੇ ਟਵੀਟ ਕਰਦਿਆਂ ਕਿਹਾ ਕਿ, ‘ਚੰਡੀਗੜ੍ਹ ਨਗਰ ਨਿਗਮ ’ਚ ਆਪ ਦੀ ਇਹ ਜਿੱਤ ਪੰਜਾਬ ’ਚ ਆਉਣ ਵਾਲੇ ਬਦਲਾਅ ਦਾ ਸੰਕੇਤ ਹੈ। ਚੰਡੀਗੜ੍ਹ ਦੇ ਲੋਕਾਂ ਨੇ ਭ੍ਰਿਸ਼ਟ ਰਾਜਨੀਤੀ ਨੂੰ ਨਕਾਰ ਕੇ ਆਪ ਦੀ ਇਮਾਨਦਾਰ ਰਾਜਨੀਤੀ ਨੂੰ ਚੁਣਿਆ ਹੈ। ਉਨ੍ਹਾਂ ਕਿਹਾ ਕਿ ਹੁਣ ਪਾਰਟੀ ਪੰਜਾਬ ਵਿੱਚ ਵੀ ਇਸੇ ਉਤਸ਼ਾਹ ਨਾਲ ਚੋਣਾਂ ਲੜੇਗੀ ਅਤੇ ਪੰਜਾਬ ਵਿੱਚ ਵੀ ਸਰਕਾਰ ਬਣਾਵੇਗੀ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleRussia arms Tajikistan amid concern over Afghanistan
Next articleਜੱਲਿ੍ਹਆਂਵਾਲਾ ਕਾਂਡ ਦੇ ਬਦਲੇ ਲਈ ਮਹਾਰਾਣੀ ਐਲਿਜ਼ਾਬੈੱਥ ਨੂੰ ਮਾਰਨ ਦੀ ਧਮਕੀ