ਲਖਨਊ (ਸਮਾਜ ਵੀਕਲੀ): ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸੋਮਵਾਰ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਿਜਦਾ ਕੀਤਾ ਹੈ ਅਤੇ ਕਿਹਾ ਉਨ੍ਹਾਂ ਦੀ ਸ਼ਹਾਦਤ ‘ਜ਼ੁਲਮ ਅਤੇ ਅਧਰਮ’ ਖ਼ਿਲਾਫ਼ ਲੜਨ ਦੀ ਪ੍ਰੇਰਨਾ ਦਿੰਦੀ ਰਹੇਗੀ। ਇੱਕ ਬਿਆਨ ਮੁਤਾਬਕ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਆਪਣੀ ਸਰਕਾਰੀ ਰਿਹਾਇਸ਼ ’ਤੇ ਦਸਮੇਸ਼ ਪਿਤਾ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਵਿੱਚ ਸ਼ਾਮਲ ਹੋਏ। ਸਮਾਗਮ ਵਿੱਚ ਸ਼ਬਦ ਕੀਰਤਨ ਹੋਇਆ।
ਆਦਿੱਤਿਆਨਾਥ ਨੇ ਕਿਹਾ, ‘‘ਇਹ ਸਿੱਖ ਗੁਰੂ ਸਹਿਬਾਨ ਦੀ ਪਵਿੱਤਰ ਰਵਾਇਤ ਸੀ, ਜਿਸ ਨੇ ਵਿਦੇਸ਼ੀ ਦਹਿਸ਼ਤਗਰਦਾਂ ਦੇ ਸਨਾਤਨ ਧਰਮ ਵਿਰੋਧੀ ਇਰਾਦਿਆਂ ਨੂੰ ਕਦੇ ਵੀ ਸਫਲ ਨਹੀਂ ਹੋਣ ਦਿੱਤਾ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ, ਸਿੱਖ ਧਰਮ ‘ਭਗਤੀ ਨਾਲ ਸ਼ਕਤੀ’ ਦਾ ਅਨੋਖਾ ਸੰਗਮ ਹੈ। ਇਹ ਰੂਹਾਨੀ ਪਰੰਪਰਾ ਭਾਰਤ ਨੂੰ ਬਚਾਉਣ ਆਈ ਸੀ। ‘ਸਾਹਿਬਜ਼ਾਦਾ ਦਿਹਾੜਾ’ ਸਾਨੂੰ ਹਮੇਸ਼ਾ ਜ਼ੁਲਮ ਅਤੇ ਅਧਰਮ ਖ਼ਿਲਾਫ਼ ਲੜਨ ਲਈ ਪ੍ਰੇਰਦਾ ਰਹੇਗਾ।’’
ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਬਾਬਰ ਨੇ ਭਾਰਤ ’ਤੇ ਹਮਲਾ ਕੀਤਾ, ‘‘ਦਹਿਸ਼ਤਗਰਦਾਂ ਨੇ ਦੇਸ਼ ਨੂੰ ਇਸਲਾਮ ’ਚ ਤਬਦੀਲ ਕਰਨ ਅਤੇ ਭਾਰਤ ਨੂੰ ਗੁਲਾਮ ਬਣਾਉਣ ਦੀ ਕੋਸ਼ਿਸ਼ ਕੀਤੀ।’’ ਆਦਿੱਤਿਆਨਾਥ ਮੁਤਾਬਕ, ‘‘ਹਾਲਾਂਕਿ ਸਿੱਖ ਗੁਰੂ ਸਹਿਬਾਨ ਵੱਲੋਂ ਉਨ੍ਹਾਂ ਦੇ ਇਰਾਦੇ ਪੂਰੇ ਨਹੀਂ ਹੋਣ ਦਿੱਤੇ ਗਏ।’’ ਉਨ੍ਹਾਂ ਕਿਹਾ, ‘‘ਇਹ ਗੱਲ ਕੌਣ ਨਹੀਂ ਜਾਣਦਾ ਕਿ ਔਰੰਗਜ਼ੇਬ ਚਾਹੁੰਦਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਆਪਣੇ ਧਰਮ ਅਤੇ ਗੁਰੂ ਸਹਿਬਾਨ ਦੀਆਂ ਮਹਾਨ ਸਿੱਖਿਆਵਾਂ ਛੱਡ ਕੇ ਇਸਲਾਮ ਕਬੂਲ ਕਰ ਲੈਣ, ਜਿਸ ਲਈ ਉਸ ਨੇ ਕਈ ਲਾਲਚ ਵੀ ਦਿੱਤੇ ਪਰ ਉਨ੍ਹਾਂ ਨੇ ਦੇਸ਼ ਦੀ ਰੱਖਿਆ ਲਈ ਜ਼ਿੰਦਾ ਹੀ ਨੀਹਾਂ ਵਿੱਚ ਚਿਣੇ ਜਾਣ ਨੂੰ ਤਰਜੀਹ ਦਿੱਤੀ।’’
ਮੁੱਖ ਮੰਤਰੀ ਨੇ ਕਿਹਾ ਕਿ ਸਿੱਖ ਭਾਈਚਾਰਾ ਦੇਸ਼ ਪ੍ਰਤੀ ਸਮਰਪਣ ਲਈ ਪੂਰੀ ਦੁਨੀਆਂ ਵਿੱਚ ਜਾਣਿਆਂ ਜਾਂਦਾ ਹੈ। ਉਨ੍ਹਾਂ ਕਿਹਾ, ‘‘ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਕਸ਼ਮੀਰੀ ਹਿੰਦੂਆਂ ਅਤੇ ਕਸ਼ਮੀਰੀ ਪੰਡਿਤਾਂ ਲਈ ਬਲੀਦਾਨ ਦੇ ਕੇ ਕਸ਼ਮੀਰੀ ਪੰਡਿਤਾਂ ਅਤੇ ਦੇਸ਼ ਦੀ ਰੱਖਿਆ ਕੀਤੀ ਸੀ।’’ ਇੱਕ ਅਧਿਕਾਰਤ ਤਰਜਮਾਨ ਮੁਤਾਬਕ ਉੱਤਰ ਪ੍ਰਦੇਸ਼ ਸਰਕਾਰ ਵੱਲੋਂ 2020 ਵਿੱਚ ‘ਸਾਹਿਬਜ਼ਾਦਾ ਦਿਵਸ’ ਮਨਾਉਣਾ ਸ਼ੁਰੂ ਕੀਤਾ ਗਿਆ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly