ਕਾਨਪੁਰ (ਉੱਤਰ ਪ੍ਰਦੇਸ਼) (ਸਮਾਜ ਵੀਕਲੀ): ਸ਼ਹਿਰ ਦੇ ਦੋ ਕਾਰੋਬਾਰੀਆਂ ਦੇ ਟਿਕਾਣਿਆਂ ’ਤੇ ਆਮਦਨ ਕਰ ਵਿਭਾਗ ਵੱਲੋਂ ਮਾਰੇ ਗਏ ਛਾਪਿਆਂ ਦੌਰਾਨ ਕਰੋੜਾਂ ਰੁਪਏ ਦੀ ਟੈਕਸ ਚੋਰੀ ਦਾ ਖੁਲਾਸਾ ਹੋਇਆ ਹੈ ਤੇ 150 ਕਰੋੜ ਰੁਪਏ ਬਰਾਮਦ ਕਰ ਲਏ ਗਏ ਹਨ। ਇਸ ਰਕਮ ਦੀ ਮਸ਼ੀਨਾਂ ਨਾਲ ਗਿਣਤੀ ਕੀਤੀ ਜਾ ਰਹੀ ਹੈ। ਪਰਫਿਊਮ ਵਪਾਰੀ ਪਿਯੂਸ਼ ਜੈਨ ਦੇ ਕਾਨਪੁਰ, ਕਨੌਜ, ਮੁੰਬਈ ਤੇ ਗੁਜਰਾਤ ਸਥਿਤ ਘਰ, ਫੈਕਟਰੀ, ਦਫ਼ਤਰ, ਕੋਲਡ ਸਟੋਰ ਤੇ ਪੈਟਰੋਲ ਪੰਪ ’ਤੇ ਵਿਭਾਗ ਵੱਲੋਂ ਕੀਤੀ ਜਾ ਰਹੀ ਕਾਰਵਾਈ ਜਾਰੀ ਸੀ। ਖ਼ੁਫੀਆ ਜਾਣਕਾਰੀ ਦੇ ਆਧਾਰ ’ਤੇ ਆਮਦਨ ਕਰ ਵਿਭਾਗ ਵੱਲੋਂ ਵਿੱਢੀ ਕਾਰਵਾਈ ਤੋਂ ਇਲਾਵਾ ਅਹਿਮਦਾਬਾਦ ਸਥਿਤ ਜੀਐੱਸਟੀ ਇੰਟੈਲੀਜੈਂਸ ਦੇ ਡਾਇਰੈਕਟੋਰੇਟ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਕਾਨਪੁਰ ਵਿੱਚ ਫੈਕਟਰੀ ਦੇ ਟਿਕਾਣਿਆਂ ਤੇ ਇੱਕ ਪਾਨ ਮਸਾਲਾ ਉਤਪਾਦਕ ਤੇ ਇੱਕ ਟਰਾਂਸਪੋਰਟਰ ਦੇ ਟਿਕਾਣਿਆਂ ’ਤੇ ਛਾਪੇ ਮਾਰੇ ਸਨ ਜੋ ਬਿਨਾਂ ਈ-ਵੇਅ ਬਿੱਲਾਂ ਦੇ ਭੁਗਤਾਨ ਦੇ ਨਕਲੀ ਬਿੱਲਾਂ ਰਾਹੀਂ ਸਾਮਾਨ ਦੀ ਢੋਆ-ਢੁਆਈ ’ਚ ਸ਼ਾਮਲ ਸਨ।
ਆਮਦਨ ਕਰ ਵਿਭਾਗ ਦੀ ਟੀਮ ਸਭ ਤੋਂ ਪਹਿਲਾਂ ਸ਼ਹਿਰ ’ਚ ਸਥਿਤ ਪਿਯੂਸ਼ ਜੈਨ ਦੀ ਆਨੰਦਪੁਰੀ ਰਿਹਾਇਸ਼ ’ਤੇ ਨੋਟ ਗਿਣਨ ਵਾਲੀਆਂ ਮਸ਼ੀਨਾਂ ਸਮੇਤ ਪੁੱਜੀ ਜਦਕਿ ਮੁੰਬਈ ਤੇ ਗੁਜਰਾਤ ਵਿੱਚ ਜੈਨ ਦੇ ਟਿਕਾਣਿਆਂ ’ਤੇ ਅਜਿਹੇ ਹੀ ਛਾਪੇ ਜਾਰੀ ਸਨ। ਅਧਿਕਾਰੀਆਂ ਮੁਤਾਬਕ ਲਗਪਗ 150 ਕਰੋੜ ਰੁਪਏ ਦੀ ਟੈਕਸ ਚੋਰੀ ਦਾ ਕੇਸ ਸਾਹਮਣੇ ਆਇਆ ਹੈ। ਇਹ ਟੈਕਸ ਚੋਰੀ ਮੁੱਖ ਤੌਰ ’ਤੇ ਫਰਜ਼ੀ ਕੰਪਨੀਆਂ ਰਾਹੀਂ ਕੀਤੀ ਜਾ ਰਹੀ ਸੀ। ਆਨੰਦਪੁਰੀ ਦਾ ਵਸਨੀਕ ਪਿਯੂਸ਼ ਜੈਨ ਕਨੌਜ ਦੇ ਛਿਪੱਤੀ ਇਲਾਕੇ ਨਾਲ ਸਬੰਧਤ ਹੈ, ਜਿਸਦਾ ਕਨੌਜ ਵਿੱਚ ਇੱਕ ਘਰ, ਪਰਫਿਊਮ ਫੈਕਟਰੀ, ਕੋਲਡ ਸਟੋਰ ਤੇ ਪੈਟਰੋਲ ਪੰਪ ਵੀ ਹੈ। ਮੁਬੰਈ ਵਿੱਚ ਵੀ ਪਿਯੂਸ਼ ਜੈਨ ਦਾ ਇੱਕ ਘਰ, ਮੁੱਖ ਦਫ਼ਤਰ ਤੇ ਇੱਕ ਸ਼ੋਅਰੂਮ ਹੈ। ਮੁੰਬਈ ਵਿੱਚ ਵੀ ਉਸਦੀਆਂ ਕੰਪਨੀਆਂ ਰਜਿਸਟਰਡ ਹਨ।
ਵੀਰਵਾਰ ਸਵੇਰੇ ਇੱਕੋ ਵੇਲੇ ਕਾਨਪੁਰ, ਮੁੰਬਈ ਤੇ ਗੁਜਰਾਤ ਵਿੱਚ ਇਹ ਛਾਪੇ ਮਾਰਨੇ ਸ਼ੁਰੂ ਕੀਤੇ ਗਏ ਸਨ ਜੋ ਦੇਰ ਰਾਤ ਖਤਮ ਹੋਏ। ਇਨ੍ਹਾਂ ਛਾਪਿਆਂ ਦੌਰਾਨ 150 ਕਰੋੜ ਰੁਪਏ ਦੀ ਨਕਦ ਰਾਸ਼ੀ ਮਿਲੀ ਦੱਸੀ ਜਾ ਰਹੀ ਹੈ। ਮੁੰਬਈ ਦੀ ਇੱਕ ਟੀਮ ਨੇ ਇਸ ਕਾਰਵਾਈ ਦੀ ਅਗਵਾਈ ਕੀਤੀ ਜਦਕਿ ਇਸਦੀ ਅਗਵਾਈ ਹੇਠ ਕਾਨਪੁਰ ਦੇ ਆਮਦਨ ਕਰ ਅਧਿਕਾਰੀਆਂ ਦੀ ਇੱਕ ਟੀਮ ਨੇ ਛਾਪੇ ਮਾਰੇ। ਛਾਪਿਆਂ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਕੰਪਨੀ ਨੇ ਨਕਲੀ ਕੰਪਨੀਆਂ ਦੇ ਨਾਂ ’ਤੇ ਲੋਨ ਲਏ ਸਨ। ਕੰਪਨੀ ਦਾ ਵੱਡੇ ਪੱਧਰ ’ਤੇ ਵਿਦੇਸ਼ੀ ਲੈਣ-ਦੇਣ ਵੀ ਸਾਹਮਣੇ ਆਇਆ ਹੈ। ਆਮਦਨ ਕਰ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਆਮਦਨ ਕਰ ਨਾਲ ਸਬੰਧਤ ਕਾਗ਼ਜ਼ਾਤਾਂ ਦੀ ਜਾਂਚ ਜਾਰੀ ਹੈ। ਐੱਸਬੀਆਈ ਅਧਿਕਾਰੀਆਂ ਦੀ ਮਦਦ ਨਾਲ ਨੋਟ ਗਿਣਨ ਦੀ ਪ੍ਰਕਿਰਿਆ ਵੀ ਚੱਲ ਰਹੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly