(ਸਮਾਜ ਵੀਕਲੀ)
ਸੂਬੇ ਦੀ ਕਚਹਿਰੀ ਵਿੱਚ ਬਾਲ ਬੋਲਦੇ
ਕਰਦੇ ਕਤਲ਼ ਸਿਦਕੋਂ ਨੀ ਡੋਲਦੇ
ਪਿਤਾ ਦਸ਼ਮੇਸ਼ ਦੇ ਹਾਂ ਲਾਲ ਸੂਬਿਆ
ਸਿਰ ਉੱਤੇ ਕੂਕੇ ਤੇਰੇ ਕਾਲ਼ ਸੂਬਿਆ
ਤਖ਼ਤਾਂ ਤੇ ਤਾਜ਼ਾਂ ਨੂੰ ਨਾ ਅਸੀਂ ਜਾਣਦੇ
ਸ਼ਹੀਦੀਆਂ ਦਾ ਰਹੇ ਸਦਾ ਮਾਣ ਮਾਣਦੇ
ਜਾਣੀ ਨਾ ਤੂੰ ਸਾਨੂੰ ਨਿੱਕੇ ਬਾਲ ਸੂਬਿਆ
ਸਿਰ ਉੱਤੇ ਕੂਕੇ ਤੇਰੇ ਕਾਲ਼ ਸੂਬਿਆ
ਦੇਖ ਲੈ ਇਤਿਹਾਸ ਸਾਡਾ ਤੂੰ ਫਰੋਲ਼ ਕੇ
ਦਾਦੇ ਦੀ ਸ਼ਹੀਦੀ ਪੜ੍ਹੀਂ ਅੱਖ ਖੋਲ੍ਹ ਕੇ
ਅਣਖਾਂ ਦਾ ਰੱਖੀਏ ਖਿਆਲ ਸੂਬਿਆ
ਸਿਰ ਉੱਤੇ ਕੂਕੇ ਤੇਰੇ ਕਾਲ਼ ਸੂਬਿਆ
ਕਾਜ਼ੀਆਂ ਦੇ ਫਤਵੇ ਦੀ ਲੋੜ ਕੋਈ ਨਾ
ਦੇਖ ਅਜ਼ਮਾ ਕੇ ਹੋਰ ਤੋੜ ਕੋਈ ਨਾ
ਵਾਅਦਾ ਸਾਡਾ ਅੱਜ ਤੇਰੇ ਨਾਲ਼ ਸੂਬਿਆ
ਸਿਰ ਉੱਤੇ ਕੂਕੇ ਤੇਰੇ ਕਾਲ਼ ਸੂਬਿਆ
ਸਿਜ਼ਦਾ ਸ਼ਹੀਦੀ ਨੂੰ ਐ ‘ਜੀਤ’ ਕਰਦਾ
ਅਣਖਾਂ ਤੋਂ ਬਿਨਾਂ ਨਾ ਕੋਈ ਮੌਤ ਵਰਦਾ
ਜਾਗਦੇ ਜ਼ਮੀਰ ਜਿਉਂਦੇ ਨਾਲ਼ ਸੂਬਿਆ
ਸਿਰ ਉੱਤੇ ਕੂਕੇ ਤੇਰੇ ਕਾਲ਼ ਸੂਬਿਆ
ਸਰਬਜੀਤ ਸਿੰਘ ਨਮੋਲ਼
ਪਿੰਡ ਨਮੋਲ਼ ਜ਼ਿਲ੍ਹਾ ਸੰਗਰੂਰ
9877358044
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly