ਗੁਪਕਾਰ ਗੱਠਜੋੜ ਵੱਲੋਂ ਹੱਦਬੰਦੀ ਕਮਿਸ਼ਨ ਦੀਆਂ ਸਿਫਾਰਸ਼ਾਂ ਰੱਦ

ਜੰਮੂ(ਸਮਾਜ ਵੀਕਲੀ): ਗੁਪਕਾਰ ਗੱਠਜੋੜ ਨੇ ਅੱਜ ਇੱਥੇ ਕਿਹਾ ਕਿ ਹੱਦਬੰਦੀ ਕਮਿਸ਼ਨ ਦੀਆਂ ਜੰਮੂ ਕਸ਼ਮੀਰ ਬਾਰੇ ਕੀਤੀਆਂ ਸਿਫਾਰਸ਼ਾਂ ਪੱਖਪਾਤੀ ਹਨ ਤੇ ਇਨ੍ਹਾਂ ਨੂੰ ਪ੍ਰਵਾਨ ਨਹੀਂ ਕੀਤਾ ਸਕਦਾ। ਉਨ੍ਹਾਂ ਇਸ ਖ਼ਿਲਾਫ਼ ਪਹਿਲੀ ਜਨਵਰੀ ਨੂੰ ਸ੍ਰੀਨਗਰ ’ਚ ਸ਼ਾਂਤਮਈ ਰੋਸ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਹੱਦਬੰਦੀ ਕਮਿਸ਼ਨ ਨੇ ਬੀਤੇ ਦਿਨ ਗੱਠਜੋੜ ਦੀਆਂ ਧਿਰਾਂ ਨਾਲ ਜਿਸ ਪੇਪਰ-1 ’ਤੇ ਚਰਚਾ ਕੀਤੀ ਸੀ ਉਸ ’ਚ ਉਸ ਨੇ ਜੰਮੂ ਕਸ਼ਮੀਰ ’ਚ 16 ਸੀਟਾਂ ਅਨੁਸੂਚਿਤ ਜਾਤੀ ਤੇ ਕਬਾਇਲੀਆਂ ਲਈ ਰਾਖਵੀਆਂ ਕਰਦਿਆਂ ਜੰਮੂ ਖੇਤਰ ਲਈ ਛੇ ਵਾਧੂ ਸੀਟਾਂ ਤੇ ਕਸ਼ਮੀਰ ਘਾਟੀ ’ਚ ਇੱਕ ਵਾਧੂ ਸੀਟ ਦੀ ਤਜਵੀਜ਼ ਰੱਖੀ ਹੈ।

ਗੁਪਕਾਰ ਗੱਠਜੋੜ ਦੇ ਬੁਲਾਰੇ ਤੇ ਸੀਪੀਆਈ (ਐੱਮ) ਆਗੂ ਐੱਮਵਾਈ ਤਰੀਗਾਮੀ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ, ‘ਅਸੀਂ ਅਮਨ ਚਾਹੁੰਦੇ ਹਾਂ ਅਤੇ ਕਿਸੇ ਸੰਸਥਾ ਜਾਂ ਸਰਕਾਰ ਨਾਲ ਕੋਈ ਟਕਰਾਅ ਨਹੀਂ ਚਾਹੁੰਦੇ। ਹਾਲਾਂਕਿ ਅਸੀਂ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਸ਼ਾਂਤਮਈ ਢੰਗ ਨਾਲ ਆਵਾਜ਼ ਚੁੱਕਾਂਗੇ ਤੇ ਅਸੀਂ ਹੱਦਬੰਦੀ ਕਮਿਸ਼ਨ ਦੀ ਤਜਵੀਜ਼ ਖ਼ਿਲਾਫ਼ ਪਹਿਲੀ ਜਨਵਰੀ ਨੂੰ ਸ੍ਰੀਨਗਰ ’ਚ ਸ਼ਾਂਤਮਈ ਢੰਗ ਨਾਲ ਰੋਸ ਪ੍ਰਗਟਾਉਣ ਦਾ ਫ਼ੈਸਲਾ ਕੀਤਾ ਹੈ। ਸਾਡੇ ਮੁਤਾਬਕ ਇਹ ਖਰੜਾ ਸਾਰੇ ਲੋਕਾਂ ਤੇ ਸਾਰੇ ਭਾਈਚਾਰਿਆਂ ਲਈ ਪ੍ਰਵਾਨ ਕਰਨਯੋਗ ਨਹੀਂ ਹੈ।’ ਗੁਪਕਾਰ ਜੰਮੂ ਕਸ਼ਮੀਰ ਦੀ ਮੁੱਖ ਧਾਰਾ ਦੀਆਂ ਪੰਜ ਸਿਆਸੀ ਪਾਰਟੀਆਂ ਵੱਲੋਂ ਬਣਾਇਆ ਗਿਆ ਗੱਠਜੋੜ ਹੈ ਤੇ ਇਸ ਵੱਲੋਂ ਜੰਮੂ ਕਸ਼ਮੀਰ ਦਾ ਅਗਸਤ 2019 ਤੋਂ ਪਹਿਲਾਂ ਵਾਲਾ ਰਾਜ ਦਾ ਵਿਸ਼ੇਸ਼ ਦਰਜਾ ਬਹਾਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ। 2019 ’ਚ ਇਹ ਗੱਠਜੋੜ ਕਾਇਮ ਹੋਣ ਮਗਰੋਂ ਜੰਮੂ ’ਚ ਇਸ ਦੀ ਇਹ ਦੂਜੀ ਮੀਟਿੰਗ ਸੀ।

ਹੱਦਬੰਦੀ ਕਮਿਸ਼ਨ ਦੀਆਂ ਸਿਫਾਰਸ਼ਾਂ ਬਾਰੇ ਤਰੀਗਾਮੀ ਨੇ ਕਿਹਾ, ‘ਸਾਡਾ ਮੰਨਣਾ ਹੈ ਕਿ ਇਹ ਤਜਵੀਜ਼ ਵੰਡੀਆਂ ਪਾਉਣ ਵਾਲੀ ਹੈ ਤੇ ਇਹ ਅੱਗੇ ਜੰਮੂ ਕਸ਼ਮੀਰ ਨੂੰ ਹੋਰ ਵੰਡੇਗੀ।’ ਉਨ੍ਹਾਂ ਕਿਹਾ, ‘ਇਹ ਤਜਵੀਜ਼ ਲੋਕਾਂ ’ਚ ਬੇਗਾਨਗੀ ਦੀ ਭਾਵਨਾ ਵਧਾੲੇਗੀ ਜੰਮੂ ਕਸ਼ਮੀਰ ਅਤੇ ਲੱਦਾਖ ਦੇ ਲੋਕਾਂ ਦੇ ਹਿੱਤਾਂ ਲਈ ਵੱਡਾ ਖਤਰਾ ਪੈਦਾ ਕਰੇਗੀ। ਇਸ ਨਾਲ ਦੇਸ਼ ਦੇ ਹਿੱਤਾਂ ਨੂੰ ਵੀ ਨੁਕਸਾਨ ਪਹੁੰਚੇਗਾ।’ ਇਸ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਤੇ ਗੁਪਕਾਰ ਗੱਠਜੋੜ ਦੇ ਚੇਅਰਮੈਨ ਫਾਰੂਕ ਅਬਦੁੱਲ੍ਹਾ ਨੇ ਕੀਤੀ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੜਕੀਆਂ ਦੇ ਵਿਆਹ ਦੀ ਉਮਰ ਵਧਾਉਣ ਦੇ ਫ਼ੈਸਲੇ ਨਾਲ ਕੁਝ ਲੋਕਾਂ ਨੂੰ ਹੋ ਰਹੀ ਹੈ ਪੀੜ: ਮੋਦੀ
Next articleਪ੍ਰਿਯੰਕਾ ਨੇ ਬੱਚਿਆਂ ਦੇ ਇੰਸਟਾਗ੍ਰਾਮ ਖਾਤੇ ਹੈਕ ਕਰਨ ਦੇ ਸਰਕਾਰ ’ਤੇ ਲਾਏ ਦੋਸ਼