ਕੋਲਕਾਤਾ (ਸਮਾਜ ਵੀਕਲੀ): ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਜਿੱਤਣ ਦੇ ਸੱਤ ਮਹੀਨਿਆਂ ਬਾਅਦ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਨੇ ਮੰਗਲਵਾਰ ਨੂੰ ਕੋਲਕਾਤਾ ਮਿਊਂਸਿਪਲ ਕਾਰਪੋਰੇਸ਼ਨ ਦੀਆਂ ਚੋਣਾਂ ’ਚ ਜਿੱਤ ਦੀ ਹੈਟ੍ਰਿਕ ਬਣਾ ਲਈ ਹੈ। ਟੀਐੱਮਸੀ ਨੇ 144 ਵਾਰਡਾਂ ’ਚੋਂ 134 ’ਤੇ ਜਿੱਤ ਹਾਸਲ ਕੀਤੀ ਹੈ। ਭਾਜਪਾ ਨੂੰ ਚਾਰ ਸੀਟਾਂ ਮਿਲੀਆਂ ਹਨ ਜਦਕਿ ਕਾਂਗਰਸ ਅਤੇ ਸੀਪੀਐੱਮ ਦੀ ਅਗਵਾਈ ਹੇਠਲੇ ਖੱਬੇ ਪੱਖੀ ਮੋਰਚੇ ਨੂੰ ਦੋ-ਦੋ ਸੀਟਾਂ ’ਤੇ ਜਿੱਤ ਮਿਲੀ ਹੈ। ਤਿੰਨ ਆਜ਼ਾਦ ਉਮੀਦਵਾਰ ਚੋਣ ਜਿੱਤੇ ਹਨ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮਹਾਨਗਰ ’ਚ ਵੱਡੀ ਜਿੱਤ ਲਈ ਲੋਕਾਂ ਦਾ ਧੰਨਵਾਦ ਕੀਤਾ ਹੈ।
ਆਪਣੀ ਰਿਹਾਇਸ਼ ਦੇ ਬਾਹਰ ਮਮਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ,‘‘ਮੈਂ ਇਹ ਜਿੱਤ ਸੂਬੇ ਦੇ ਲੋਕਾਂ ਅਤੇ ‘ਮਾਂ, ਮਾਟੀ, ਮਾਨੁਸ਼’ ਨੂੰ ਸਮਰਪਿਤ ਕਰਨਾ ਚਾਹੁੰਦੀ ਹਾਂ। ਭਾਜਪਾ, ਕਾਂਗਰਸ ਅਤੇ ਸੀਪੀਐੈੱਮ ਵਰਗੀਆਂ ਕਈ ਕੌਮੀ ਪਾਰਟੀਆਂ ਨੇ ਸਾਡੇ ਖ਼ਿਲਾਫ਼ ਚੋਣਾਂ ਲੜੀਆਂ ਪਰ ਉਹ ਸਾਰੀਆਂ ਹਾਰ ਗਈਆਂ। ਇਹ ਜਿੱਤ ਆਉਂਦੇ ਦਿਨਾਂ ’ਚ ਕੌਮੀ ਸਿਆਸਤ ਦਾ ਰਾਹ ਪੱਧਰਾ ਕਰਨਗੀਆਂ।’’ ਵੋਟ ਸ਼ੇਅਰ ਦੇ ਹਿਸਾਬ ਨਾਲ ਟੀਐੱਮਸੀ ਤੋਂ ਬਾਅਦ ਭਾਜਪਾ ਦਾ ਨੰਬਰ ਆਉਂਦਾ ਹੈ ਪਰ ਖੱਬੇ-ਪੱਖੀ ਮੋਰਚਾ ਜ਼ਿਆਦਾਤਰ ਵਾਰਡਾਂ ’ਚ ਮੁੱਖ ਵਿਰੋਧੀ ਵਜੋਂ ਉਭਰਿਆ ਹੈ। ਟੀਐੱਮਸੀ ਨੇ ਅਪਰੈਲ-ਮਈ ’ਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਸ਼ਹਿਰ ਦੇ ਸਾਰੇ 16 ਵਿਧਾਨ ਸਭਾ ਹਲਕਿਆਂ ’ਚ ਹੂੰਝਾ ਫੇਰਿਆ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly