ਤਰਕਸ਼ੀਲਾਂ ਔਰਤ ਨੂੰ ਓਪਰੀ ਸ਼ੈਅ ਦੇ ਭਰਮ ਤੋਂ ਮੁਕਤ ਕੀਤਾ -ਮਾਸਟਰ ਪਰਮ ਵੇਦ

(ਸਮਾਜਵੀਕਲੀ)– ਤਾਂਤਰਿਕਾਂ,ਅਖੌਤੀ ਸਿਆਣਿਆਂ, ਬਾਬਿਆਂ ਦੁਆਰਾ ਹਰ ਤਰ੍ਹਾਂ ਦੀ ਬਿਮਾਰੀ, ਰੁਕੇ ਹੋਏ ਕੰਮ, ‘ਕਰੇ ਕਰਾਏ’ ਓਪਰੀ ਸ਼ੈਅ ਦਾ ਅਸਰ ਖਤਮ ਜਾਂ ਘੱਟ ਕਰਨਾ ਆਦਿ ਅਲਾਮਤਾਂ ਦਾ ਜ਼ਿਕਰ ਕਰਕੇ ਗਾਰੰਟੀ ਸ਼ੁਦਾ ਇਲਾਜ ਕਰਨ ਦਾ ਦਾਅਵਾ ਕਰਨ ਅਤੇ ਇੱਕ ਵਾਰ ਮੌਕਾ ਦੇਣ ਦੀ ਗੱਲ ਕਹੀ ਹੁੰਦੀ ਹੈ। ਕਈ ਵਾਰੀ ਤਾਂ ਮਸ਼ਹੂਰੀ ਵਿੱਚ ਕਾਰਨ ਦੱਸਣ ਦਾ ਕੰਮ ਮੁਫਤ ਅਤੇ ਸਿਰਫ਼ ਇਲਾਜ ਕਰਨ ਦੀ ਹੀ ਫੀਸ ਦਾ ਜ਼ਿਕਰ ਹੁੰਦਾ ਹੈ।

ਆਮ ਤੌਰ ’ਤੇ ਇਹ ਪੇਸ਼ਾਵਰ ਲੋਕ ਤਜ਼ਰਬੇ ਕਾਰਨ ਤੇ ਲੋਕਾਂ ਦੇ ਲਾਈਲੱਗ ਸੁਭਾਅ ਕਾਰਨ ਮਾਹਿਰ ਹੋ ਜਾਂਦੇ ਹਨ ਅਤੇ ਆਏ ‘ਗਾਹਕ’ ਤੋਂ ਉਸਦੀ ਪਰਿਵਾਰਕ, ਆਰਥਿਕ ਅਤੇ ਮਾਨਸਿਕ ਹਾਲਤ ਬਾਰੇ ਸੌਖਿਆਂ ਹੀ ਜਾਣਕਾਰੀ ਪ੍ਰਾਪਤ ਕਰ ਲੈਂਦੇ ਹਨ ਤੇ ਫਿਰ ਬਹੁਤ ਸਾਰੀਆਂ ਗੋਲ-ਮੋਲ ਗੱਲਾਂ ਕਰਕੇ, ਜਿੰਨ੍ਹਾਂ ਦੇ ਕਈ ਸਾਰੇ ਅਰਥ ਬਣਦੇ ਹੁੰਦੇ ਹਨ, ਦੱਸਦੇ ਹਨ। ਗਾਹਕ ਆਪਣੇ ਆਪ ਹੀ ਆਪਣੇ ਉੱਤੇ ਢੁਕਦਾ ਅਰਥ ਕੱਢ ਲੈਂਦੇ ਹਨ। ਆਮ ਕਰਕੇ ਇਹ ਸਾਰੇ ਪਾਖੰਡੀ ਦੁੱਖਾਂ-ਤਕਲੀਫ਼ਾਂ ਲਈ ਕਿਸੇ ਗੁਆਂਢੀ ਨੂੰ ਜ਼ਿੰਮੇਵਾਰ ਠਹਿਰਾਉਦੇ ਹਨ, ਗ੍ਰਹਿਆਂ ਦੇ ਕ੍ਰੋਪ ਹੋਣ ਦੀ ਗੱਲ ਜਾਂ ਗ੍ਰਹਿਆਂ ਦਾ ਉਹਨਾਂ ਦੀ ਰਾਸ਼ੀ ਦੇ ਅਨੁਕੂਲ ਨਾ ਹੋਣਾ, ਕਿਸੇ ਦਾ ਖੁਵਾਇਆ, ਕਿਸੇ ਦਾ ਕਰਾਇਆ, ਟੂਣਾ ਟੱਪਿਆ ਆਦਿ ਵਰਗੀਆਂ ਝੂਠੀਆਂ ਗੱਲਾਂ ਦਸਦੇ ਹਨ। ਜਿਨ੍ਹਾਂ ਨੂੰ ਦੁਖੀ ਹੋਇਆ ਮਨ ਬਹੁਤ ਜਲਦੀ ਸਵੀਕਾਰ ਕਰ ਲੈਂਦਾ ਹੈ। ਬਹੁਤ ਸਾਰੀਆਂ ਗੱਲਾਂ ਜਾਂ ਭਵਿੱਖ -ਬਾਣੀਆਂ ਕੁਦਰਤੀ ਹੀ ਜਾਂ ਮੌਕਾ-ਮੇਲ ਦੇ ਤੌਰ ਤੇ ਹੀ ਸਹੀ ਹੋ ਜਾਂਦੀਆਂ ਹਨ ਜਿਵੇਂ ਕਿ ਪਾਸ/ਫੇਲ੍ਹ ਹੋਣਾ, ਲੜਕਾ/ਲੜਕੀ ਹੋਣਾ, ਕਾਰੋਬਾਰ ਦਾ ਚੱਲ ਪੈਣਾ, ਨੌਕਰੀ ਦਾ ਮਿਲ ਜਾਣਾ, ਪਰਿਵਾਰਕ ਸਮੱਸਿਆ ਦਾ ਹੱਲ ਹੋ ਜਾਣਾ ਆਦਿ-ਆਦਿ। ਇਸ ਕਾਰਨ ਗਾਹਕ ਦਾ ਵਿਸ਼ਵਾਸ ਅਜਿਹੀਆਂ ਸ਼ਕਤੀਆਂ ਵਿੱਚ ਪੱਕਾ ਹੋ ਜਾਂਦਾ ਹੈ।
ਸਮਾਜ ਦਾ ਵੱਡਾ ਹਿੱਸਾ, ਆਪਣੀਆਂ ਸਮੱਸਿਆਵਾਂ ਦੇ ਅਸਲ ਕਾਰਨ ਲੱਭਣ ਤੋਂ ਅਸਮਰੱਥ ਹੋਣ ਕਾਰਨ, ਇਨ੍ਹਾਂ ਪਾਖੰਡੀਆਂ ਵੱਲ ਤੁਰਿਆ ਰਹਿੰਦਾ ਹੈ। ਪੜਤਾਲ ਕਰਕੇ ਵਿਸ਼ਵਾਸ ਕਰਨ ਦੀ ਗੱਲ ਤਾਂ ਅਜੇ ਬਹੁਤ ਦੂਰ ਹੈ। ਇਸ ਤਰ੍ਹਾਂ ਦੇ ਕੇਸ ਅਕਸਰ ਤਰਕਸ਼ੀਲ ਸੁਸਾਇਟੀ ਕੋਲ ਆਉਂਦੇ ਰਹਿੰਦੇ ਹਨ। ਉਨ੍ਹਾ ਵਿੱਚੋਂ ਕਿਸੇ ਦੁਆਰਾ’ ਕੀਤੇ ਕਰਾਏ ‘ਤੇ ‘ਓਪਰੀ ਸ਼ੈਅ ‘ਦੇ ਅਸਰ ਦਾ ਭਰਮ ਪਾਲੇ ਪਰਿਵਾਰ ਦੇ ਇਕ ਕੇਸ ਤੁਹਾਡੇ ਨਾਲ ਨਾਲ ਸਾਂਝਾ ਕਰ ਰਿਹਾ ਹਾਂ।
ਪਿਛਲੇ ਸਾਲ ਤਰਕਸ਼ੀਲ ਇੱਕ ਔਰਤ ਆਈ ਤੇ ਕਹਿਣ ਲੱਗੀ,
“ਸਾਡੀ ਨੂੰਹ ਦੇ ਬੱਚਾ ਹੋਣ ਵਾਲਾ ਹੈ। ਕਿਸੇ ਨੇ ਕੁੱਝ ਕਰਵਾ ‘ਤਾ। ਅਸੀਂ ਬਹੁਤ ਸਾਰੇ ਸਿਆਣਿਆਂ ਕੋਲ ਜਾ ਚੁੱਕੇ ਹਾਂ, ਪਰ ਕਿਤੋਂ ਵੀ ਫ਼ਰਕ ਨਹੀਂ ਪੈ ਰਿਹਾ। ਉਸਨੂੰ ਦੌਰੇ ਪੈਂਦੇ ਨੇ।”

ਉਸ ਨੇ ਜੋ ਕੁੱਝ ਦੱਸਿਆ, ਸੁਣ ਕੇ ਮਨ ਨੂੰ ਬਹੁਤ ਠੇਸ ਪਹੁੰਚੀ। ਉਸ ਨੇ ਕਿਹਾ, “ਭਾਈ ਉਹ ਕਹਿੰਦੇ ਨੇ ਤੁਹਾਡੀ ਬਹੂ ਨੂੰ ਓਪਰੀ ਸ਼ੈਅ ਰੂਪੀ ਕਚੀਲ ਚਿੰਬੜੀ ਹੋਈ ਐ। ਕਿਸੇ ਨੇ ਗੰਦ ਦੀ ਧੂਣੀ ਦੇਣ ਲਈ ਕਿਹਾ, ਅਸੀਂ ਉਹ ਵੀ ਕੀਤਾ। ਕਿਸੇ ਨੇ ਗੰਦੀ ਜੁੱਤੀ ਸੁੰਘਾਉਣ ਨੂੰ ਕਿਹਾ, ਅਸੀਂ ਉਹ ਵੀ ਕੀਤਾ। ਕਿਸੇ ਨੇ ਭੂਤ ਭਜਾਉਣ ਲਈ ਗੰਦੀ ਜੁੱਤੀ ਮੂੰਹ ਵਿੱਚ ਪਾਉਣ ਲਈ ਕਿਹਾ, ਅਸੀਂ ਉਹ ਵੀ ਕੀਤਾ। ਇੱਕ ਵਾਰੀ ਤਾਂ ‘ਸਿਆਣੇ’ ਨੇ ਇਸ ਨੂੰ ਚਿਮਟਿਆਂ ਨਾਲ ਬਹੁਤ ਕੁੱਟਿਆ। ਕਿਸੇ ਨੇ ਵਾਲ ਖਿੱਚੇ। ਇੱਕ ਸਿਆਣਾ ਇਸ ਨੂੰ ਗਰਮ ਕੋਲਿਆਂ ‘ਤੇ ਖੜ੍ਹਾਉਣਾ ਚਾਹੁੰਦਾ ਸੀ, ਪਰ ਅਸੀਂ ਅਜਿਹਾ ਨਹੀਂ ਹੋਣ ਦਿੱਤਾ।। ਸਾਡੇ ਪਿੰਡ ਕੁਲਵਿੰਦਰ ਮਾਸਟਰ ਨੇ ਤੁਹਾਡੀ ਦੱਸ ਪਾਈ ਹੈ। ਸੋ, ਭਾਈ ਅਸੀਂ ਬਹੂ ਦੇ ਇਲਾਜ ਲਈ ਤੁਹਾਡੇ ਕੋਲ ਆਏ ਹਾਂ।”

ਅਸੀਂ ਕੱਲ੍ਹ ਉਨ੍ਹਾਂ ਦੇ ਘਰ ਆਉਣ ਬਾਰੇ ਕਹਿ ਕੇ ਉਸ ਨੂੰ ਤੋਰ ਦਿੱਤਾ। ਮੈਂ ਆਪਣੇ ਤਰਕਸ਼ੀਲ ਸਾਥੀਆਂ ਨਾਲ ਮੀਟਿੰਗ ਕਰਕੇ ਸਾਰੀ ਗੱਲ ਸਾਂਝੀ ਕੀਤੀ। ਤਰਸੇਮ , ਗੁਰਦੀਪ ਸਿੰਘ ਲਹਿਰਾ,ਕਰਿਸ਼ਨ ਸਿੰਘ ਤੇ ਮੈਂ ਅਗਲੇ ਦਿਨ ਪੀੜਤ ਪਰਿਵਾਰ ਦੇ ਘਰ ਜਾਣ ਦੀ ਸਲਾਹ ਕਰਕੇ ਸਵੇਰੇ ਹੀ ਸਬੰਧਿਤ ਘਰੇ ਜਾ ਪਹੁੰਚੇ। ਅਸੀਂ ਮਨੋਵਿਗਿਆਨਕ ਤੇ ਵਿਗਿਆਨਕ ਪੱਖ ਤੋਂ ਕੁੜੀ ਦੇ ਡਰ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ। ਜਾਣਕਾਰੀ ਲੈ ਕੇ ਪਤਾ ਲੱਗਿਆ ਕਿ ਲੜਕੀ ਦੀ ਪਹਿਲੀ ਡਲਿਵਰੀ ਸੀ ਤੇ ਇਸ ਸਬੰਧੀ ਉਸ ਦੇ ਮਨ ਵਿੱਚ ਤਰ੍ਹਾਂ-ਤਰ੍ਹਾਂ ਦੇ ਖ਼ਿਆਲ ਆਉਂਦੇ ਸਨ। ਬਾਕੀ ਦਾ ਡਰ ਤਾਂ ਅਖੌਤੀ ਸਿਆਣਿਆਂ ਨੇ ਉਸ ਦੇ ਮਨ ਵਿੱਚ ਭਰ ਦਿੱਤਾ ਸੀ। ਪਰਿਵਾਰ ਅੰਧ – ਵਿਸ਼ਵਾਸੀ ਸੀ, ਜਿਵੇਂ – ਜਿਵੇਂ ਅਖੌਤੀ ਸਿਆਣੇ ਡਰਾਉਂਦੇ ਰਹੇ, ਉਹ ਡਰਦੇ ਰਹੇ ਤੇ ਗੈਰ ਵਿਗਿਆਨਕ ਢੰਗ ਨਾਲ ਇਲਾਜ ਅਤੇ ਲੁੱਟ ਕਰਾਉਂਦੇ ਰਹੋ। ‘ਸਿਆਣਿਆਂ’ ਨੇ ਰੱਜ ਕੇ ਉਨ੍ਹਾਂ ਨੂੰ ਲੁੱਟਿਆ।

ਅਸੀਂ ਡਰ ਦੇ ਕਾਰਨ ਜਾਣ ਚੁੱਕੇ ਸਾਂ। ਉਸਦੀਆਂ ਅੱਖਾਂ ਬੰਦ ਕਰਵਾ ਕੇ ਉਸਦੇ ਮਨ ਵਿਚੋਂ ਓਪਰੀ ਸ਼ੈਅ ਦਾ ਡਰ ਦੂਰ ਕੀਤਾ ਤੇ ਫਿਰ ਇਨ੍ਹਾਂ ਕਾਲਪਨਿਕ ਚੀਜ਼ਾਂ ਦੀ ਅਸਲੀਅਤ’ ਗੱਲਬਾਤ ਵਿਧੀ ‘ਰਾਹੀਂ ਉਸਨੂੰ ਦੱਸੀ। ਉਸਨੂੰ ਸਮਝਾਇਆ ਗਿਆ ਕਿ ਡਲਿਵਰੀ ਤੋਂ ਡਰਨ ਦੀ ਲੋੜ ਨਹੀਂ। ਉਸਨੂੰ ਪੁੱਛਿਆ ਗਿਆ ਕਿ ਘਰਦਿਆਂ ਵੱਲੋਂ ਮੁੰਡੇ – ਕੁੜੀ ਬਾਰੇ ਕੋਈ ਗੱਲ ਤਾਂ ਨਹੀਂ ਚੱਲ ਰਹੀ! ਤੇਰਾ ਸਹੁਰਾ ਪਰਿਵਾਰ ਸਿਰਫ਼ ਮੁੰਡੇ ਦੀ ਇੱਛਾ ਤਾਂ ਨਹੀਂ ਕਰ ਰਿਹਾ ?

ਉਸ ਨੇ ਕਿਹਾ ” ਮੇਰਾ ਸਹੁਰਾ ਪਰਿਵਾਰ ਬਹੁਤ ਚੰਗਾ ਹੈ। ਮੇਰਾ ਬਹੁਤ ਜ਼ਿਆਦਾ ਖਿਆਲ ਰੱਖਦਾ ਹੈ। ਸਾਰਿਆਂ ਵੱਲੋਂ ਮੈਨੂੰ ਪੂਰਾ ਮਾਣ – ਸਤਿਕਾਰ ਮਿਲਦਾ ਹੈ। ਮੇਰਾ ਘਰਵਾਲਾ ਮੇਰਾ ਬਹੁਤ ਖਿਆਲ ਰੱਖਦਾ ਹੈ। ਮੈਨੂੰ ਡਲਿਵਰੀ ਦਾ ਡਰ ਲੱਗਿਆ ਰਹਿੰਦਾ ਹੈ। ਮੇਰੇ ਮਨ ਵਿੱਚੋਂ ਇਹ ਗੱਲ ਜਾਂਦੀ ਨਹੀਂ। ਪਿਛਲੇ ਸਾਲ ਸਾਡੀ ਗੁਆਂਢਣ ਦੀ ਡਲਿਵਰੀ ਨਾਲ ਮੌਤ ਹੋ ਗਈ ਸੀ।”

ਅਸੀਂ ਉਸ ਨੂੰ ਸਮਝਾਇਆ ਕਿ ਤੇਰੇ ਸਹੁਰਾ ਪਰਿਵਾਰ ਨੂੰ ਤੇਰੀ ਡਲਿਵਰੀ ਹਸਪਤਾਲ ਵਿੱਚ ਕਰਵਾਉਣ ਬਾਰੇ ਕਹਾਂਗੇ। ਕਿਸੇ ਸਿਆਣੀ ਲੇਡੀ ਡਾਕਟਰ ਨਾਲ ਲਗਾਤਾਰ ਸੰਪਰਕ ਵਿੱਚ ਰਹਿਣ ਲਈ ਕਹਾਂਗੇ। ਉਨ੍ਹਾਂ ਔਰਤਾਂ ਨਾਲ ਹੀ ਅਜਿਹੀ ਮੰਦਭਾਗੀ ਘਟਨਾ ਵਾਪਰਦੀ ਹੈ, ਜਿਹੜੇ ਪਰਿਵਾਰ ਡਾਕਟਰਾਂ ਦੇ ਸੰਪਰਕ ਵਿੱਚ ਨਹੀਂ ਰਹਿੰਦੇ। ਅਸੀਂ ਫਿਰ ਉਸਨੂੰ ਹੌਂਸਲਾ ਦਿੱਤਾ ਤੇ ਓਪਰੀ ਸ਼ੈਅਦਾ ਡਰ ਖਤਮ ਕਰਨ ਦਾਯਤਨ ਕਰਦੇ ਹੋਏ ਕਿਹਾ,’ ਮਨਘੜਤ ਭੂਤਾਂ-ਪ੍ਰੇਤਾਂ, ਚੁੜੇਲਾਂ, ਕਚੀਲਾਂ ਤੋਂ ਡਰਨ ਦੀ ਲੋੜ ਨਹੀਂ। ਜਿਸ ਘਰ ਅਸੀਂ ਆ ਜਾਂਦੇ ਹਾਂ, ਤਾਂ ਇਹ ਉੱਥੇ ਜ਼ਿੰਦਗੀ ਭਰ ਨਹੀਂ ਆਉਂਦੀਆਂ। ਇਹ ਤਾਂ ਸਾਡੇ ਨਾਂ ਤੋਂ ਹੀ ਡਰਦੀਆਂ ਨੇ।” ਉਸਦੀਆਂ ਅੱਖਾਂ ਬੰਦ ਕਰਾ ਕੇ ਅਸੀਂ ਉਸਨੂੰ ਭੂਤਾਂ – ਪ੍ਰੇਤਾਂ ਤੋਂ ਨਾ ਡਰਨ ਦਾ ਸੁਝਾਅ ਦਿੱਤਾ ਤੇ ਉਨ੍ਹਾਂ ਦੀ ਅਸਲੀਅਤ ਤੋਂ ਜਾਣੂ ਕਰਾ ਕੇ ਉਸ ਦੇ ਮਨ ਵਿੱਚ ਭਰੇ ਇਨ੍ਹਾਂ ਕਾਲਪਨਿਕ ਚੀਜ਼ਾਂ ਦੇ ਡਰ ਤੋਂ ਮੁਕਤ ਕੀਤਾ। ਉਸ ਦਾ ਮੁਰਝਾਇਆ ਚਿਹਰਾ ਖਿੜ ਗਿਆ ਤੇ ਮੁਸਕਰਾਹਟਾਂ ਵਿਖੇਰਨ ਲੱਗਿਆ। ਡਰ ਖੰਭ ਲਾ ਕੇ ਉੱਡ ਚੁੱਕਿਆ ਸੀ। ਉਸਨੂੰ ਜ਼ਿੰਦਗੀ ਦੀ ਅਸਲੀਅਤ ਤੇ ਭੂਤਾਂ – ਪ੍ਰੇਤਾਂ ਦੀ ਅਣਹੋਂਦ ਬਾਰੇ ਦੱਸਣਾ ,ਉਸ ਉੱਪਰ ਡੂੰਘਾ ਅਸਰ ਪਾ ਰਿਹਾ ਸੀ। ਅਸੀਂ ਉਸ ਨੂੰ ਪੁੱਛਿਆ, “ਹੁਣ ਤੂੰ ਕਿਵੇਂ ਮਹਿਸੂਸ ਕਰ ਰਹੀ ਐਂ ?” ਉਸ ਨੇ ਕਿਹ , “ਅੰਕਲ, ਤੁਸੀਂ ਮੈਨੂੰ ਬਚਾ ਲਿਆ, ਇਨ੍ਹਾਂ ਨਾਮੁਰਾਦ ਅਖੌਤੀ ਸਿਆਣਿਆਂ ਨੇ ਤਾਂ ਮੈਨੂੰ ਮਾਰ ਹੀ ਦੇਣਾ ਸੀ।”

ਫਿਰ ਅਸੀਂ ਪਰਿਵਾਰਕ ਮੈਂਬਰਾਂ ਨੂੰ ਇਕੱਠੇ ਕੀਤਾ ਤੇ ਕਿਹਾ, “ਅਖੌਤੀ ਸਿਆਣੇ ਸਾਨੂੰ ਡਰਾ ਕੇ ਲੁੱਟਦੇ ਨੇ। ਜਦ ਉਹ ਆਪ ਬੀਮਾਰ ਹੁੰਦੇ ਨੇ ਤਾਂ ਉਹ ਡਾਕਟਰਾਂ ਤੋਂ ਇਲਾਜ ਕਰਾਉਂਦੇ ਨੇ। ਅੱਜ ਕੱਲ੍ਹ ਵਿਗਿਆਨ ਦਾ ਯੁੱਗ ਹੈ। ਵਿਗਿਆਨ ਨੇ ਸਾਨੂੰ ਜ਼ਿੰਦਗੀ ਲਈ ਬਹੁਤ ਸਾਰੀਆਂ ਸੁੱਖ – ਸਹੂਲਤਾਂ ਦਿੱਤੀਆਂ ਨੇ। ਤੁਸੀਂ ਡਰੀ ਜਾਂਦੇ ਹੋ, ਇਹ ਡਰਾਈ ਜਾਂਦੇ ਨੇ। ਤੁਸੀਂ ਝੜੀ ਜਾਂਦੇ ਹੋ ਤੇ ਇਹ ਤੁਹਾਨੂੰ ਝਾੜਨ ਦੇ ਹੋਰ ਢੰਗ ਤਰੀਕੇ ਲੱਭੀ ਜਾਂਦੇ ਨੇ। ਸੋ ਇਹ ਤੁਹਾਨੂੰ ਡਰਾ ਕੇ ਖੂਬ ਲੁੱਟਦੇ ਨੇ। ਲੋਕੋ! ਇਨ੍ਹਾਂ ਕੋਲ ਕਿਹੜੀ ਸ਼ਕਤੀ ਹੈ ਜਿਸ ਨਾਲ ਇਹ ਤੁਹਾਡਾ ਇਲਾਜ ਕਰ ਸਕਣ। ਇਨ੍ਹਾਂ ਕੋਲ ਇੱਕੋ ਗੱਲ ਹੈ ਤੁਹਾਨੂੰ ਡਰਾ ਕੇ ਲੁੱਟਣਾ। ਆਪ ਸਿਆਣੇ ਬਣੋ। ਧਾਗੇ – ਤਵੀਤ , ਟੂਣੇ – ਟਾਮਣ ਤਿਆਗੋ, ਵਿਗਿਆਨਕ ਸੋਚ ਅਪਣਾਓ।”

ਅਸੀਂ ਉਨ੍ਹਾਂ ਨੂੰ ਕੁੱਝ ਗੱਲਾਂ ਦੀ ਹਦਾਇਤ ਕੀਤੀ। ਅਸੀਂ ਕਿਹਾ ਕਿ ਤੁਸੀਂ ਕਦੇ ਵੀ ਕਿਸੇ ਅਖੌਤੀ ਸਿਆਣੇ ਕੋਲ ਪੁੱਛ ਲੈਣ ਲਈ ਨਹੀਂ ਜਾਵੋਂਗੇ। ਇਸ ਦੀ ਡਲਿਵਰੀ ਲਈ ਕਿਸੇ ਮਾਹਿਰ ਡਾਕਟਰ ਨਾਲ ਸੰਪਰਕ ਕਰੋ। ਤੇ ਡਲਿਵਰੀ ਹੋਣ ਤੱਕ ਡਾਕਟਰ ਦੀ ਸਲਾਹ ਲੈਂਦੇ ਰਹੋ।

10 ਦਿਨ ਬਾਅਦ ਅਸੀਂ ਉਨ੍ਹਾਂ ਦੇ ਘਰ ਗਏ। ਸਾਰੇ ਬੜੇ ਖ਼ੁਸ਼ ਸਨ। ਸਾਡੀ ਅਚਨਚੇਤ ਆਮਦ ‘ ਤੇ ਉਹ ਬਹੁਤ ਜ਼ਿਆਦਾ ਅਹਿਸਾਨਮੰਦ ਮਹਿਸੂਸ ਕਰ ਰਹੇ ਸਨ। ਅਸੀਂ ਕਿਹਾ ਕਿ ਕਈ ਵਾਰੀ ਸਬੰਧਿਤ ਪਰਿਵਾਰ ਠੀਕ ਹੋਣ ਮਗਰੋਂ ਸਾਡੇ ਨਾਲ ਸੰਪਰਕ ਨਹੀਂ ਕਰਦੇ। ਇਸ ਲਈ ਅਸੀਂ ਠੀਕ ਹੋਣ ਤੱਕ ਪਰਿਵਾਰ ਨਾਲ ਸੰਪਰਕ ਰੱਖਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਸਾਡਾ ਗਿਆਨ ਕਿਸੇ ਦੇ ਕੰਮ ਆ ਸਕੇ। ਕੁੜੀ ਦੇ ਚਿਹਰੇ ਦੀ ਰੌਣਕ ਉਸ ਦੇ ਠੀਕ ਹੋਣ ਦਾ ਪ੍ਰਗਟਾਵਾ ਸੀ।ਇਸ ਤਰ੍ਹਾਂ ਤਰਕਸ਼ੀਲਾਂ ਕੀਤਾ ਉਸ ਔਰਤ ਨੂੰ ਓਪਰੀ ਸ਼ੈਅ ਦੇ ਡਰ ਤੋਂ ਮੁਕਤ ।ਅਸੀਂ ਤਰਕਸ਼ੀਲ ਸਾਥੀ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਸੀ।

ਮਾਸਟਰ ਪਰਮ ਵੇਦ
ਤਰਕਸ਼ੀਲ ਆਗੂ
ਤਰਕਸ਼ੀਲ ਸੁਸਾਇਟੀ ਪੰਜਾਬ
9417422349
ਅਫਸਰ ਕਲੋਨੀ ਸੰਗਰੂਰ

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਗਜ਼ ਦੀ ਕਿਸ਼ਤੀ
Next articleਸਾਈਕਲ ਚਲਾਓ…