ਕਾਗਜ਼ ਦੀ ਕਿਸ਼ਤੀ

(ਸਮਾਜਵੀਕਲੀ)-“ਹੋਰ ਫੇਰ ਕਿਵੇਂ ਆ ਨੇਕ ਸਿੰਆਂ, ਨਿਆਣੇ ਕਿਵੇਂ ਆ ਬਾਈ…?” ਮੀਤੇ ਨੇ ਸਾਈਕਲ ਤੇ ਜਾਂਦੇ ਜਾਂਦੇ ਨੇਕ ਨੂੰ ਆਪਣੇ ਅੰਦਾਜ਼ ਵਿੱਚ ਹਾਲ ਪੁੱਛਿਆ। ਨੇਕ ਨੇ ਅੱਗੋਂ ਹੁੱਬ ਕੇ ਜਵਾਬ ਦਿੱਤਾ,”ਸਭ ਕੁਛ ਬੜਾ ਵਧੀਆ ਮੀਤ ਸਿੰਆਂ,ਆਪਣਾ ਵੱਡਾ ਮੁੰਡਾ ਯੂਨੀਵਸਟੀ ਚ ਪੜ੍ਹਦਾ ਚੌਦਵੀਂ ‘ਚ… ਮਾਹਰਾਜ ਦੀ ਫੁੱਲ ਕਿਰਪਾ।” ਦੋਵੇਂ ਜਣੇ ਸੜਕ ਦੇ ਕਿਨਾਰੇ ਖੜ੍ਹੇ ਕਿੰਨੀ ਦੇਰ ਆਪਣੇ ਘਰ ਬਾਰ ਤੇ ਬੱਚਿਆਂ ਦੀਆਂ ਗੱਲਾਂ ਕਰਦੇ ਰਹੇ। ਨੇਕ ਸਿਓਂ ਆਪਣੇ ਜਵਾਕਾਂ ਦੀਆਂ ਵਡਿਆਈਆਂ ਕਰਦਾ ਥੱਕਦਾ ਨਹੀਂ ਸੀ।ਅਸਲ ਵਿੱਚ ਨੇਕ ਸਿੰਘ ਦੇ ਘਰ ਛੇ ਬੱਚੇ ਸਨ। ਉਦੋਂ ਛੇ ਬੱਚੇ ਕੋਈ ਬਹੁਤੇ ਨਹੀਂ ਲੱਗਦੇ ਸਨ। ਐਨੇ ਨਿਆਣੇ ਤਾਂ ਘਰਾਂ ਵਿੱਚ ਆਮ ਹੀ ਹੁੰਦੇ ਸਨ। ਨੇਕ ਸਿੰਘ ਬਜਾਜੀ ਦਾ ਕੰਮ ਕਰਦਾ ਸੀ ਤੇ ਉਹ ਡੱਗੀ ਲਾਉਂਦਾ ਸੀ। ਪਿੰਡ ਪਿੰਡ ਜਾ ਕੇ ਕੱਪੜੇ ਵੇਚਦਾ ਸੀ। ਉਸ ਦੀ ਖਾਸ ਗੱਲ ਇਹ ਸੀ ਕਿ ਉਹ ਆਪਣੇ ਬੱਚਿਆਂ ਨੂੰ ਪੜ੍ਹਾਉਣ ਲਈ ਸਖ਼ਤ ਮਿਹਨਤ ਕਰਦਾ ਸੀ।ਉਹ ਚਾਹੁੰਦਾ ਸੀ ਕਿ ਉਸ ਦੇ ਸਾਰੇ ਬੱਚੇ ਖੂਬ ਪੜ੍ਹਨ। ਉਸ ਲਈ ਉਹ ਮੀਂਹ-ਨ੍ਹੇਰੀ ,ਝੱਖੜ , ਤੁਫ਼ਾਨਾਂ ਦੀ ਪਰਵਾਹ ਨਹੀਂ ਕਰਦਾ ਸੀ।
ਦਿਨ ਬੀਤਦੇ ਗਏ,ਵੱਡਾ ਮੁੰਡਾ ਜੀਤ ਪੜ੍ਹਾਈ ਵਿੱਚ ਹੁਸ਼ਿਆਰ ਹੋਣ ਕਰਕੇ ਆਪਣੀ ਪੜ੍ਹਾਈ ਪੂਰੀ ਕਰਕੇ ਬਹੁਤ ਵੱਡਾ ਅਫ਼ਸਰ ਬਣ ਗਿਆ ਸੀ।ਉਸ ਤੋਂ ਛੋਟੀ ਇੱਕ ਭੈਣ ਤੇ ਇੱਕ ਭਰਾ ਸਕੂਲ ਦੀ ਪੜ੍ਹਾਈ ਪੂਰੀ ਕਰਕੇ ਕਾਲਜ ਵਿੱਚ ਪੜ੍ਹਦੇ ਸਨ। ਇੱਕ ਕੁੜੀ ਨੌਵੀਂ ਜਮਾਤ ਵਿੱਚ ਪੜ੍ਹਦੀ ਸੀ ਤੇ ਸਭ ਤੋਂ ਛੋਟੇ ਜੌੜੇ ਭੈਣ-ਭਰਾ ਸੱਤਵੀਂ ਵਿੱਚ ਪੜ੍ਹਦੇ ਸਨ। ਨੇਕ ਸਿੰਘ ਨੇ ਐਨੀ ਭਾਰੀ ਕਬੀਲਦਾਰੀ ਦੇ ਹੁੰਦੇ ਹੋਏ ਆਪਣੇ ਬੱਚਿਆਂ ਨੂੰ ਕੱਪੜੇ-ਲੀੜੇ ਅਤੇ ਖਾਣ-ਪੀਣ ਦੀ ਕਦੇ ਕੋਈ ਕਮੀ ਨਹੀਂ ਸੀ ਰਹਿਣ ਦਿੱਤੀ । ਨੇਕ ਸਿੰਘ ਦੀ ਪਤਨੀ ਸੀਤੋ ਇੱਕ ਬਹੁਤ ਸੁਚੱਜੀ ਔਰਤ ਸੀ।ਉਹ ਪਾਈ ਪਾਈ ਜੋੜ ਕੇ ਘਰ ਦੀ ਕੋਈ ਨਾ ਕੋਈ ਚੀਜ਼ ਬਣਾਉਂਦੀ ਰਹਿੰਦੀ। ਨਾਲ ਦੀ ਨਾਲ ਉਹ ਧੀਆਂ ਦੇ ਦਾਜ ਦੀ ਖਾਤਰ ਸੋਨੇ ਦੀ ਕੋਈ ਨਾ ਕੋਈ ਟੂੰਬ ਬਣਾ ਲੈਂਦੀ।ਉਹ ਥੋੜ੍ਹੀ ਕਮਾਈ ਨਾਲ ਵੀ ਬਹੁਤ ਵਧੀਆ ਗੁਜ਼ਾਰਾ ਕਰਦੀ।ਉਸ ਨੇ ਕਦੇ ਮਰੂੰ-ਮਰੂੰ ਨਹੀਂ ਕੀਤਾ ਸੀ।

ਸਿਆਲਾਂ ਦੀ ਰੁੱਤ ਸੀ ,ਸਾਰਾ ਟੱਬਰ ਵਿਹੜੇ ਵਿੱਚ ਧੁੱਪੇ ਬੈਠਾ ਸੀ। ਨੇਕ ਸਿੰਘ ਦਾ ਮਿੱਤਰ ਜੋ ਕਚਿਹਰੀਆਂ ਵਿੱਚ ਨੌਕਰੀ ਕਰਦਾ ਸੀ ,ਉਸ ਦੇ ਵੱਡੇ ਮੁੰਡੇ ਲਈ ਆਪਣੇ ਸਾਲੇ ਦੀ ਕੁੜੀ ਦਾ ਸਾਕ ਲੈ ਕੇ ਆਇਆ।ਜੋ ਸਰਕਾਰੀ ਨੌਕਰੀ ਕਰਦੀ ਸੀ। ਅਗਲੇ ਐਤਵਾਰ ਮੁੰਡੇ ਨੂੰ ਕੁੜੀ ਦਿਖਾਉਣ ਦਾ ਦਿਨ ਨਿਸ਼ਚਿਤ ਕੀਤਾ ਗਿਆ। ਜੀਤ ਦੀ‌ ਮਾਂ ਨੇ ਮੁੰਦਰੀ ਵੀ ਨਾਲ ਲੈ ਲਈ ਤੇ ਨੇਕ ਨੂੰ ਆਖਣ ਲੱਗੀ,”ਮੈਂ ਖਿਆ ਜੀ,ਜੇ ਮੁੰਡੇ ਨੂੰ ਕੁੜੀ ਪਸੰਦ ਆ ਗਈ ਤਾਂ ਆਪਾਂ ਨੇ ਮੁੰਦੀ ਪਾ ਕੇ ਰੋਕਾ ਕਰ ਦੇਣਾ ਲੱਗਦੇ ਹੱਥ।” ਨੇਕ ਸਿਓਂ ਨੇ ਪਤਨੀ ਦੀ ਗੱਲ ਵਿੱਚ ਸਹਿਮਤੀ ਪ੍ਰਗਟਾਈ। ਵਿਚੋਲੇ ਵਿਚੋਲਣ ਦੇ ਨਾਲ ਨੇਕ ਸਿੰਘ ਅਤੇ ਉਸ ਦੀ ਪਤਨੀ ਤੇ ਨਾਲ ਹੀ ਵੱਡਾ ਮੁੰਡਾ ਕੁੜੀ ਦੇਖਣ ਗਏ । ਕੁੜੀ ਬਹੁਤ ਸੁਨੱਖੀ ਸੀ, ਨਾਲ਼ੇ ਸਰਕਾਰੀ ਨੌਕਰੀ ਕਰਦੀ ਸੀ,ਬਸ ਉਮਰ ਵਿੱਚ ਮੁੰਡੇ ਨਾਲੋਂ ਚਾਰ ਕੁ ਸਾਲ ਵੱਡੀ ਸੀ। ਦੋਵੇਂ ਧਿਰਾਂ ਵਲੋਂ ਸਹਿਮਤੀ ਨਾਲ ਪੱਕ-ਠੱਕ ਹੋ ਗਈ। ਖੜ੍ਹੇ ਪੈਰ ਦੋ ਮਠਿਆਈ ਦੇ ਡੱਬੇ ਮੰਗਵਾ ਕੇ ਕੁੜੀ ਨੂੰ ਮੁੰਦਰੀ ਪਾ ਕੇ ਰੋਕਾ ਹੋ ਗਿਆ।ਨੇਕ ਸਿੰਘ ਖੁਸ਼ੀ ਚ ਫੁੱਲਿਆ ਨਹੀਂ ਸਮਾਉਂਦਾ ਸੀ ਤੇ ਕਹਿੰਦਾ,” ਵੱਡੇ ਪੁੱਤ ਵੀ ਭਰਾਵਾਂ ਵਰਗੇ ਹੁੰਦੇ ਨੇ,ਸੀਤੋ ਤੂੰ ਹੁਣ ਕੋਈ ਫ਼ਿਕਰ ਨਾ ਕਰੀਂ,ਮੇਰਾ ਮੁੰਡਾ ਮੇਰੀ ਸੱਜੀ ਬਾਂਹ ਬਣ ਗਿਆ, ਆਪਾਂ ਸਾਰੇ ਜਵਾਕਾਂ ਦਾ ਕੋਈ ਚਾਅ ਅਧੂਰਾ ਨੀ ਰਹਿਣ ਦੇਣਾ।” ਅੱਗੋਂ ਸੀਤੋ ਕਹਿੰਦੀ,” ਜੀ ਆਪਾਂ ਨੇ ਬਹੂ ਦੀ ਕਮਾਈ ਨੀ ਘਰ ਚ ਲਾਉਣੀ, ਓਹਨੂੰ ਪਹਿਲਾਂ ਈ ਕਹਿ ਦੇਣਾ ,ਭਾਈ ਇਹ ਤੂੰ ਆਪਣੇ ਕੋਲ ਈ ਰੱਖ, ਕੱਲ੍ਹ ਨੂੰ ਥੋਡੇ ਜਵਾਕ ਹੋਣਗੇ, ਓਹਨਾਂ ਦੇ ਕੰਮ ਆਉਣਗੇ ਥੋਡੇ ਜੋੜੇ ਚਾਰ ਪੈਸੇ।”

ਸਾਲ ਬਾਅਦ ਵਿਆਹ ਕਰਨਾ ਤੈਅ ਕਰ ਲਿਆ। ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਪਤਾ ਈ ਨਹੀਂ ਲੱਗਿਆ ਕਦ ਸਾਲ ਬੀਤ ਗਿਆ। ਫਿਰ ਉਹ ਭਾਗਾਂ ਵਾਲਾ ਦਿਨ ਵੀ ਆ ਗਿਆ ਜਿਸ ਦਿਨ ਨੇਕ ਸਿੰਘ ਨੇ ਆਪਣੇ ਘਰੋਂ ਬਰਾਤ ਚੜ੍ਹਾਉਣੀ ਸੀ।ਉਸ ਨੇ ਬੜੇ ਵਧੀਆ ਲੋਕਾਂ ਨਾਲ ਪਿਆਰ ਦੇ ਰਿਸ਼ਤੇ ਬਣਾਏ ਹੋਏ ਸਨ ਇਸ ਕਰਕੇ ਬਰਾਤ ਵੀ ਵੇਖਣ ਵਾਲੀ ਸੀ।ਨੇਕ ਸਿੰਘ ਦੇ ਕੋਟ ਪੈਂਟ ਪਾਇਆ, ਇੰਝ ਲੱਗਦਾ ਜਿਵੇਂ ਕਿੰਨਾ ਵੱਡਾ ਅਫ਼ਸਰ ਹੋਵੇ। ਨੇਕ ਸਿਓਂ ਨੇ ਵਿਆਹ ਵਿੱਚ ਕੋਈ ਕਮੀ ਨਾ ਛੱਡੀ। ਸ਼ਰੀਕਾਂ ਦੇ ਸੀਨੇ ਅੱਗ ਤਾਂ ਪਹਿਲਾਂ ਹੀ ਬਹੁਤ ਲੱਗੀ ਹੋਈ ਸੀ ਜਦੋਂ ਦਾ ਮੁੰਡਾ ਪੜ੍ਹ ਲਿਖ ਕੇ ਅਫਸਰ ਬਣਿਆ ਸੀ। ਹੁਣ ਤਾਂ ਐਨੀ ਠਾਠ ਬਾਠ ਦੇਖ ਕੇ ਹੋਰ ਅੱਗ ਤੋਂ ਦੀ ਲਿਟਦੇ ਸਨ।

ਵਿਆਹ ਹੋ ਗਿਆ। ਨੇਕ ਸਿੰਘ ਤੇ ਸੀਤੋ ਫੁੱਲੇ ਨਹੀਂ ਸਮਾਉਂਦੇ ਸਨ। ਪੜ੍ਹੀ ਲਿਖੀ ਭਾਬੀ ਦੇ ਕੋਲ ਨਣਦਾਂ ਮੂਹਰੇ ਹੋ ਹੋ ਬਹਿੰਦੀਆਂ।ਕਦੇ ਓਹਦੇ ਸੋਹਣੇ ਕੱਪੜਿਆਂ ਨੂੰ ਦੇਖਦੀਆਂ, ਕਦੇ ਉਹਦੇ ਮੇਕਅੱਪ ਦੇ ਸਮਾਨ ਨੂੰ ਤੇ ਕਦੇ ਘਰੇ ਆਏ ਸੋਹਣੇ ਸੋਹਣੇ ਫਰਨੀਚਰ ਨੂੰ ਦੇਖਦੀਆਂ।ਦਾਜ ਦਾ ਸਕੂਟਰ ਵਿਹੜੇ ਵਿੱਚ ਖੜ੍ਹਾ ਦੇਖ ਕੇ ਉਹਨਾਂ ਦਾ ਚਾਅ ਨੀ ਸੀ ਚੱਕਿਆ ਜਾ ਰਿਹਾ। ਕਿਉਂ ਕਿ ਉਦੋਂ ਸਕੂਟਰ ਵੀ ਪਿੰਡ ਦੇ ਇੱਕ ਦੋ ਘਰਾਂ ਦੇ ਹੀ ਸਨ। ਪਰ ਵਹੁਟੀ ਨੂੰ ਉਹਨਾਂ ਦਾ ਜ਼ਰਾ ਪਿਆਰ ਨਾ ਆਉਂਦਾ।ਸੱਸ ਵੀ ਉਹਨੂੰ ਦਫ਼ਤਰ ਜਾਂਦੀ ਨੂੰ ਨਾਸ਼ਤਾ ਖਵਾ ਕੇ ਤੋਰਦੀ ਤੇ ਸ਼ਾਮ ਨੂੰ ਖਾਣਾ ਜਲਦੀ ਬਣਾ ਲੈਂਦੀ ਤਾਂ ਕਿ ਨਵੀਂ ਵਹੁਟੀ ਦਫ਼ਤਰ ਵਿਚ ਕੰਮ ਕਰਦੀ ਨੇ ਥੱਕ ਕੇ ਆਉਣਾ ਹੈ। ਜੀਤ ਆਪਣੇ ਦਫ਼ਤਰੋਂ ਛੁੱਟੀ ਹੁੰਦੇ ਹੀ ਵਹੁਟੀ ਨੂੰ ਦਫ਼ਤਰ ਲੈਣ ਪਹੁੰਚ ਜਾਂਦਾ। ਵਿਆਹ ਨੂੰ ਕੁਝ ਦਿਨ ਹੀ ਹੋਏ ਸਨ ਕਿ ਉਸ ਨੇ ਜੀਤ ਨੂੰ ਆਖਿਆ,”ਮੈਨੂੰ ਭੀੜ ਪਸੰਦ ਨਹੀਂ,ਨਿੱਕੀ ਹੋਰੀਆਂ ਮੇਰੇ ਕੋਲ ਆ ਕੇ ਬੈਠਦੀਆਂ ਹਨ ਤਾਂ ਮੈਨੂੰ ਬਿਲਕੁਲ ਚੰਗਾ ਨਹੀਂ ਲੱਗਦਾ।” ਜੀਤ ਲਾਈ ਲੱਗ ਸੀ।ਉਸ ਨੇ ਝੱਟ ਆ ਕੇ ਆਪਣੀਆਂ ਭੈਣਾਂ ਨੂੰ ਝਿੜਕ ਦਿੱਤਾ। ਸੀਤੋ ਤੇ ਨੇਕ ਸਿੰਘ ਨੂੰ ਝਟਕਾ ਜਿਹਾ ਲੱਗਿਆ।ਉਹ ਇਕਦਮ ਸੁੰਨ ਜਿਹੇ ਹੋ ਗਏ। ਪਰ ਚੁੱਪ ਰਹਿ ਕੇ ਗੱਲ ਨੂੰ ਅਣਗੌਲਿਆਂ ਕਰ ਦਿੱਤਾ।

ਵਿਆਹ ਤੋਂ ਮਹੀਨਾ ਕੁ ਬਾਅਦ ਜੀਤ ਤੇ ਨਵੀਂ ਵਹੁਟੀ ਚਾਰ ਦਿਨ ਸ਼ਿਮਲੇ ਘੁੰਮ ਕੇ ਆਏ ਤਾਂ ਜੀਤ ਨੇ ਆਪਣੀ ਪਤਨੀ ਦੇ ਕਹੇ ਮੁਤਾਬਕ ਆਪਣੇ ਮਾਂ-ਪਿਓ ਨੂੰ ਫ਼ਰਮਾਨ ਸੁਣਾ ਦਿੱਤਾ ,” ਬੀਬੀ,ਨੀਤੂ ਕਹਿੰਦੀ ਆ ਕਿ ਸਾਡਾ ਕਮਰਾ ਛੋਟਾ…. ਨਾਲ਼ੇ ਉਹ ਕਹਿੰਦੀ ਆ …..ਕਿ ਆਪਣੀ ਸਾਰੀ ਕਮਾਈ ….ਤਾਂ ਥੋਡੀ ਕਬੀਲਦਾਰੀ ਨਜਿੱਠਦਿਆਂ ਈ ਨਿਕਲ ਜੂ …..ਨਾਲ਼ੇ…. ਕੱਲ੍ਹ ਨੂੰ ਸਾਡੇ ਜਵਾਕ ਵੀ ਹੋਣਗੇ…ਅਸੀਂ ਉਹਨਾਂ ਦੀ ਜ਼ਿੰਦਗੀ ਬਾਰੇ ਵੀ ਕੁਝ ਸੋਚਣਾ……. ਉਹ ਕਹਿੰਦੀ ਆ ….ਕਿ ….ਉਹਦੇ ਡੈਡੀ ਦੀ ਕੋਠੀ ਵਿੱਚ…… ਕਈ ਕਮਰੇ ਖਾਲੀ ਪਏ ਆ,ਨਾਲੇ…. ਕਮਰੇ ਵੱਡੇ ਵੀ ਆ। ਅਸੀਂ ਉੱਥੇ ਸ਼ਿਫਟ ਕਰ ਜਾਣਾ ਅਗਲੇ ਐਤਵਾਰ…..।” ਐਨੀ ਗੱਲ ਕਹਿ ਕੇ ਜੀਤ ਆਪਣੇ ਕਮਰੇ ਵਿੱਚ ਚਲੇ ਗਿਆ।ਨੇਕ ਸਿੰਘ ਤੇ ਉਸ ਦੀ ਪਤਨੀ ਉੱਥੇ ਹੀ ਖੜ੍ਹੇ ਰਹੇ ਉਹਨਾਂ ਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ। ਦੋਵਾਂ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਨੇਕ ਸਿੰਘ ਦੀਆਂ ਅੱਖਾਂ ਵਿੱਚੋਂ ਜਿਵੇਂ ਦੋ ਦਰਿਆ ਵਗ ਰਹੇ ਹੋਣ। ਉਸ ਵਿੱਚ ਉਸ ਦੀ ਸੁਪਨਿਆਂ ਦੀ ਕਾਗਜ਼ ਦੀ ਕਿਸ਼ਤੀ ਡੁੱਬਦੀ ਨਜ਼ਰ ਆ ਰਹੀ ਸੀ। ਉਹ ਭੱਜ ਕੇ ਉਸ ਨੂੰ ਫੜਨਾ ਚਾਹੁੰਦਾ ਸੀ ਪਰ ਹੁਣ ਫੜਿਆਂ ਵੀ ਹੱਥ ਪੱਲੇ ਕੁਝ ਨਹੀਂ ਪੈਣਾ ਸੀ।

ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਫੌਜੀ ਦੀ ਫ਼ੈਮਿਲੀ, ਮੈਂ, ਗੁਰਚੇਤ ਤੇ ਲਾਲੀ ਬਾਈ
Next articleਤਰਕਸ਼ੀਲਾਂ ਔਰਤ ਨੂੰ ਓਪਰੀ ਸ਼ੈਅ ਦੇ ਭਰਮ ਤੋਂ ਮੁਕਤ ਕੀਤਾ -ਮਾਸਟਰ ਪਰਮ ਵੇਦ