“ਗੂੰਜ”

(ਸਮਾਜ ਵੀਕਲੀ)– ਰੁਜ਼ਗਾਰ ਦੀ ਮੰਗ ਕਰ ਰਹੇ ਨੌਜਵਾਨਾਂ ਤੇ ਬੇਤਹਾਸ਼ਾ ਡੰਡੇ ਵਰ੍ਹਾਉਂਦਿਆਂ ਆਪਣੇ ਪੁਲਿਸ ਅਫ਼ਸਰ ਪਿਤਾ ਦੀ ਸ਼ੋਸਲ ਮੀਡੀਏ ‘ਤੇ ਵਾਇਰਲ ਹੋਈ ਵੀਡੀਓ ਵੇਖ ਕੇ ਨੌਜਵਾਨ ਪੁੱਤਰ ਨੇ ਬੜੀ ਗੰਭੀਰਤਾ ਨਾਲ ਜ਼ਾਲਮਾਨਾ ਰਵੱਈਏ ਦਾ ਕਾਰਨ ਪੁੱਛਿਆ ਤਾਂ ਪਿਤਾ ਨੇ ਬੜੇ ਰੋਹਬ ਅਤੇ ਅੰਦਾਜ਼ ਮਈ ਢੰਗ ਨਾਲ ਮੁੱਛਾਂ ਨੂੰ ਤਾਅ ਦਿੰਦਿਆਂ ਕਿਹਾ , “ਪੁੱਤਰ ਜੀ, ਸ਼ਾਂਤੀ ਤੇ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਲਈ ਮੈਂ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਂਦਾ ਹਾਂ, ਮੇਰੇ ਫ਼ਰਜ਼ਾਂ ਅੱਗੇ ਭਾਵਨਾਵਾਂ ਦੀ ਕੋਈ ਕਦਰ ਨਹੀਂ ਹੁੰਦੀ । ਮੰਤਰੀ-ਸੰਤਰੀ ਤੇ ਅਫ਼ਸਰ ਮੈਨੂੰ ਖ਼ੂਬ ਸ਼ਾਬਾਸ਼ ਦਿੰਦੇ ਨੇ “।

ਦਰਦ ਨਾਲ ਹਾਲੋ- ਬੇਹਾਲ ਹੋਏ ਪੁੱਤਰ ਨੇ ਆਪਣੇ ਪਿੰਡੇ ਤੇ ਗੁੱਝੀਆਂ ਸੱਟਾਂ ਵਿਖਾਉਂਦੇ ਹੋਏ ਕਿਹਾ ,”ਤੁਸੀਂ ਸਹੀ ਆਖਦੇ ਹੋ,ਪਿਤਾ ਜੀ। ਇਹ ਨਿਸ਼ਾਨ ਤੁਹਾਡੇ ਤੋਂ ਹੇਠਲੇ ਦਰਜੇ ਦੇ ਇਕ ਪੁਲੀਸ ਮੁਲਾਜ਼ਮ ਦੇ ਡੰਡਿਆਂ ਅਤੇ ਠੁੱਡਿਆਂ ਦੇ ਕਾਰਨ ਪਏ ਹਨ, ਕਿਉਂ ਜੋ ਅਸੀਂ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਦੀਆਂ ਜਾਇਜ਼ ਮੰਗਾਂ ਵਾਸਤੇ ਮੁਜ਼ਾਹਰਾ ਕਰ ਰਹੇ ਸੀ ।ਉੱਥੇ ਤਾਇਨਾਤ ਪੁਲੀਸ ਮੁਲਾਜ਼ਮ ਨਹੀਂ ਸੀ ਜਾਣਦੇ ਕਿ ਮੈਂ ਪੁਲੀਸ ਦੇ ਉੱਚ ਅਫਸਰ ਦਾ ਪੁੱਤਰ ਹਾਂ” ।

ਪੁੱਤਰ ਦੀ ਤਰਸਯੋਗ ਹਾਲਤ ਵੇਖਕੇ ਪੁਲੀਸ ਅਫ਼ਸਰ ਪਿਤਾ ਝੱਟਪਟ ਬੇਚੈਨ ਹੋ ਗਿਆ। ਉਸਦੇ ਕੰਨਾਂ ਵਿੱਚ ਡਾਂਗਾਂ ਦੀ ਪੀੜ ਝੱਲਦਿਆਂ ਰੁਜ਼ਗਾਰ ਦੀ ਮੰਗ ਕਰਦੇ ਨੌਜਵਾਨ ਮੁੰਡੇ ਕੁੜੀਆਂ ਦੇ ਨਾਅਰੇ ਗੂੰਜਣ ਲੱਗੇ ।

ਮਾਸਟਰ ਹਰਭਿੰਦਰ “ਮੁੱਲਾਂਪੁਰ”

ਸੰਪਰਕ:95308-20106

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੁਸਤਕ ਸਮੀਖਿਆ
Next articleਕਹਿਣੀ ਤੇ ਕਰਨੀ