ਨਵੀਂ ਦਿੱਲੀ (ਸਮਾਜ ਵੀਕਲੀ): ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਨੇ ਦਿੱਲੀ ਦੇ 150 ਤੋਂ ਵੱਧ ਆਗੂਆਂ ਨੂੰ ਸਥਾਨਕ ਆਗੂਆਂ ਨਾਲ ਮਿਲ ਕੇ ਕੰਮ ਕਰਨ ਲਈ ਨਿਯੁਕਤ ਕੀਤਾ ਹੈ। ਇਹ ਆਗੂ ਦੋਵਾਂ ਸੂਬਿਆਂ ਵਿੱਚ ਘੱਟੋ-ਘੱਟ 50 ਦਿਨ ਰਹਿਣਗੇ। ਭਾਜਪਾ ਆਗੂਆਂ ਨੇ ਦੱਸਿਆ ਕਿ ਚੋਣ ਪ੍ਰਚਾਰ ਕਰਨ ਅਤੇ ਚੋਣ ਬੂਥਾਂ ਦੇ ਪ੍ਰਬੰਧ ਨੂੰ ਤਾਲਮੇਲ ਬਣਾ ਕੇ ਸੁਚਾਰੂ ਢੰਗ ਨਾਲ ਚਲਾਉਣ ਲਈ ਪੱਛਮੀ ਯੂਪੀ ਦੇ 44 ਵਿਧਾਨ ਸਭਾ ਹਲਕਿਆਂ ਵਿੱਚ 100 ਤੋਂ ਵੱਧ ਸੀਨੀਅਰ ਆਗੂਆਂ ਅਤੇ ਕਾਰਕੁਨਾਂ ਨੂੰ ਜ਼ਿਲ੍ਹਾ ਇੰਚਾਰਜਾਂ ਵਜੋਂ ਕੰਮ ਕਰਨ ਲਈ ਤਾਇਨਾਤ ਕੀਤਾ ਗਿਆ ਹੈ।
ਇਸ ਟੀਮ ਦੀ ਨਿਗਰਾਨੀ ਭਾਜਪਾ ਦੀ ਦਿੱਲੀ ਇਕਾਈ ਦੇ ਸਾਬਕਾ ਪ੍ਰਧਾਨ ਵਿਜੇਂਦਰ ਗੁਪਤਾ ਤੇ ਮੌਜੂਦਾ ਜਨਰਲ ਸਕੱਤਰ ਦਿਨੇਸ਼ ਪ੍ਰਤਾਪ ਸਿੰਘ ਵੱਲੋਂ ਕੀਤੀ ਜਾਵੇਗੀ। ਦਿੱਲੀ ਭਾਜਪਾ ਦੇ ਇੱਕ ਸੀਨੀਅਰ ਨੇਤਾ ਨੇ ਦੱਸਿਆ ਕਿ ਜਿੱਥੇ ਪਾਰਟੀ ਚੋਣ ਲੜ ਰਹੀ ਹੁੰਦੀ ਹੈ, ਉੱਥੇ ਵੱਖ-ਵੱਖ ਸੂਬਿਆਂ ਤੋਂ ਆਗੂਆਂ ਨੂੰ ਮਦਦ ਲਈ ਭੇਜਣਾ ਇੱਕ ਆਮ ਅਭਿਆਸ ਹੈ। ਉਨ੍ਹਾਂ ਕਿਹਾ, ‘‘ਦਿੱਲੀ ਦੇ ਉੱਤਰਾਖੰਡ ਤੇ ਪੱਛਮੀ ਉੱਤਰ ਪ੍ਰਦੇਸ਼ ਨਾਲ ਨੇੜਤਾ ਦਾ ਮਤਲਬ ਹੈ ਕਿ ਉੱਥੇ ਕੰਮ ਕਰਨ ਵਾਲੇ ਸਾਡੇ ਆਗੂਆਂ ਦਾ ਜ਼ਮੀਨੀ ਪੱਧਰ ’ਤੇ ਕੁਝ ਪ੍ਰਭਾਵ ਪਵੇਗਾ।’’ ਉਨ੍ਹਾਂ ਕਿਹਾ ਕਿ ਦਿੱਲੀ ਦੇ ਆਗੂ ਸਥਾਨਕ ਆਗੂਆਂ ਨਾਲ ਮਿਲ ਕੇ 44 ਵਿਧਾਨ ਸਭਾ ਹਲਕਿਆਂ ਵਿੱਚ ਘੱਟੋ-ਘੱਟ 50 ਦਿਨ ਕੰਮ ਕਰਨਗੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly