ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦਾ ਭਾਜਪਾ ਨਾਲ ਚੋਣ ਗੱਠਜੋੜ ਤੈਅ

ਚੰਡੀਗੜ੍ਹ (ਸਮਾਜ ਵੀਕਲੀ):  ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋਂ ਵੀ ਭਾਜਪਾ ਨਾਲ ਚੋਣ ਗੱਠਜੋੜ ਨੂੰ ਅੰਤਿਮ ਰੂਪ ਦਿੱਤਾ ਜਾਣ ਲੱਗਾ ਹੈ। ਸੂਤਰਾਂ ਮੁਤਾਬਕ ਦਲ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਅਤੇ ਭਾਜਪਾ ਦੇ ਪੰਜਾਬ ਮਾਮਲਿਆਂ ਦੇ ਮੁਖੀ ਗਜਿੰਦਰ ਸਿੰਘ ਸ਼ੇਖਾਵਤ ਦਰਮਿਆਨ ਮੀਟਿੰਗ ਹੋਈ ਜਿਸ ਦੌਰਾਨ ਚੋਣਾਂ ਦੀ ਰਣਨੀਤੀ ਸਬੰਧੀ ਚਰਚਾ ਕੀਤੀ ਗਈ। ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸ੍ਰੀ ਢੀਂਡਸਾ ਵੱਲੋਂ ਭਗਵਾਂ ਪਾਰਟੀ ਨਾਲ ਗੱਠਜੋੜ ਦੇ ਰਸਮੀ ਐਲਾਨ ਤੋਂ ਪਹਿਲਾਂ ਇੱਕ ਮੀਟਿੰਗ ਬੁਲਾਈ ਜਾਣੀ ਹੈ ਜਿਸ ਵਿੱਚ ਭਾਜਪਾ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪਾਰਟੀ ਨਾਲ ਗੱਠਜੋੜ ਬਾਰੇ ਚਰਚਾ ਕੀਤੀ ਜਾਵੇਗੀ। ਇਸ ਤਰ੍ਹਾਂ ਨਾਲ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦਾ ਸੁਖਦੇਵ ਸਿੰਘ ਢੀਂਡਸਾ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪਾਰਟੀ ਨਾਲ ਚੋਣ ਗੱਠਜੋੜ ਹੋਣ ਨਾਲ ਇੱਕ ਧਿਰ ਸਾਹਮਣੇ ਆ ਗਈ ਹੈ। ਕੈਪਟਨ ਅਮਰਿੰਦਰ ਸਿੰਘ ਵੀ ਸ਼ੁੱਕਰਵਾਰ ਨੂੰ ਹੀ ਸ੍ਰੀ ਸ਼ੇਖਾਵਤ ਨੂੰ ਮਿਲ ਕੇ ਗੱਠਜੋੜ ਸਬੰਧੀ ਚਰਚਾ ਕਰ ਕੇ ਆਏ ਹਨ।

ਸੁਖਦੇਵ ਸਿੰਘ ਢੀਂਡਸਾ ਵੱਲੋਂ ਕੁਝ ਹਫ਼ਤੇ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਤੋਂ ਬਾਅਦ ਭਾਜਪਾ ਨਾਲ ਚੋਣ ਗੱਠਜੋੜ ਸਬੰਧੀ ਚਰਚਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਆਗੂਆਂ ਦੀ ਇੱਕ ਮੀਟਿੰਗ ਬੁਲਾਈ ਗਈ ਸੀ ਜਿਸ ਦੌਰਾਨ ਜ਼ਿਆਦਾਤਰ ਆਗੂਆਂ ਨੇ ਭਾਜਪਾ ਨਾਲ ਗੱਠਜੋੜ ਸਬੰਧੀ ਹਾਮੀ ਨਹੀਂ ਸੀ ਭਰੀ ਸਗੋਂ ਵਿਰੋਧ ਦਰਜ ਕਰਵਾਇਆ ਸੀ। ਆਗੂਆਂ ਦੀ ਦਲੀਲ ਸੀ ਕਿ ਪੰਜਾਬ ਦੇ ਦਿਹਾਤੀ ਖੇਤਰ ਵਿੱਚ ਭਾਜਪਾ ਨੂੰ ਲੋਕ ਮੂੰਹ ਲਾਉਣ ਲਈ ਤਿਆਰ ਨਹੀਂ ਹਨ। ਇਸ ਲਈ ਦਿਹਾਤੀ ਖੇਤਰ ਵਿੱਚ ਆਧਾਰ ਰੱਖਣ ਵਾਲੀ ਕਿਸੇ ਵੀ ਪਾਰਟੀ ਨੂੰ ਭਾਜਪਾ ਨਾਲ ਸਾਂਝ ਪਾਉਣ ਦਾ ਲਾਭ ਹੋਣ ਦੀ ਥਾਂ ਹਾਨੀ ਹੋ ਸਕਦੀ ਹੈ। ਅਜਿਹੇ ਵਿਚਾਰ ਸਾਹਮਣੇ ਆਉਣ ਤੋਂ ਬਾਅਦ ਢੀਂਡਸਾ ਧੜੇ ਨੇ ਭਾਜਪਾ ਨਾਲ ਗੱਠਜੋੜ ਦਾ ਅਮਲ ਲਟਕਾ ਦਿੱਤਾ ਸੀ। ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਇੱਕ ਸੀਨੀਅਰ ਆਗੂ ਨੇ ਕਿਹਾ ਕਿ ਜਦੋਂ ਪਾਰਟੀ ਦੀ ਮੀਟਿੰਗ ਬੁਲਾਈ ਗਈ ਸੀ, ਉਦੋਂ ਤੱਕ ਕੇਂਦਰ ਸਰਕਾਰ ਵੱਲੋਂ ਕਿਸਾਨੀ ਮੰਗਾਂ ਨਹੀਂ ਮੰਨੀਆਂ ਗਈਆਂ ਸਨ। ਇਸ ਆਗੂ ਦਾ ਕਹਿਣਾ ਹੈ ਕਿ ਹੁਣ ਜਦੋਂ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਗਈਆਂ ਹਨ ਤੇ ਕਿਸਾਨ ਜਥੇਬੰਦੀਆਂ ਨੇ ਦਿੱਲੀ ਤੇ ਪੰਜਾਬ ਵਿੱਚ ਲੱਗੇ ਮੋਰਚੇ ਵੀ ਚੁੱਕ ਦਿੱਤੇ ਹਨ ਤਾਂ ਸਥਿਤੀ ਵਿੱਚ ਫ਼ਰਕ ਆ ਗਿਆ ਹੈ। ਇਸ ਲਈ ਅਕਾਲੀ ਦਲ ਸੰਯੁਕਤ ਨੂੰ ਭਾਜਪਾ ਨਾਲ ਗੱਠਜੋੜ ਕਰਨ ਵਿੱਚ ਕੋਈ ਸੰਕੋਚ ਨਹੀਂ ਹੈ।

ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਸਿਆਸੀ ਸਾਂਝ ਤੋੜਨ ਉਪਰੰਤ ਭਾਜਪਾ ਨਵੇਂ ਭਾਈਵਾਲਾਂ ਨਾਲ ਪੰਜਾਬ ਦੀ ਸਿਆਸਤ ਵਿੱਚ ਪਹਿਲੀ ਵਾਰੀ ਜ਼ਿਆਦਾ ਸੀਟਾਂ ’ਤੇ ਜ਼ੋਰ ਅਜ਼ਮਾਈ ਕਰ ਕੇ ਸਥਾਪਤ ਹੋਣ ਦੇ ਯਤਨ ਕਰ ਰਹੀ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleChina axes ‘Wuhan Diary’ writer from literary body for ‘handing a sword’ to Western forces
Next articleਹਰਿਆਣਾ ਦੇ ਕਿਸਾਨ ਆਗੂ ਵੱਲੋਂ ਸੰਯੁਕਤ ਸੰਘਰਸ਼ ਪਾਰਟੀ ਦੇ ਗਠਨ ਦਾ ਐਲਾਨ