ਓਸਾਕਾ (ਸਮਾਜ ਵੀਕਲੀ): ਪੱਛਮੀ ਜਾਪਾਨ ਦੇ ਓਸਾਕਾ ਵਿੱਚ ਇੱਕ ਇਮਾਰਤ ’ਚ ਅੱਗ ਲੱਗਣ ਕਾਰਨ 20 ਜਣਿਆਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲੀਸ ਵੱਲੋਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਮੁਤਾਬਕ 70 ਫਾਇਰ ਬ੍ਰਿਗੇਡ ਮੌਕੇ ’ਤੇ ਭੇਜੀਆਂ ਗਈਆਂ ਅਤੇ ਅੱਗ ਬੁਝਾਉਣ ’ਚ 6 ਘੰਟੇ ਤੋਂ ਵੱਧ ਸਮਾਂ ਲੱਗਾ।
ਓਸਾਕਾ ਫਾਇਰ ਵਿਭਾਗ ਅਧਿਕਾਰੀ ਦੇ ਅਕੀਰਾ ਕਿਸ਼ੀਮੋਟੋ ਨੇ ਦੱਸਿਆ ਕਿ ਓਸਾਕਾ ਦੇ ਵੱਡੇ ਕਾਰੋਬਾਰ, ਸ਼ਾਪਿੰਗ ਅਤੇ ਐਂਟਰਟੇਨਮੈਂਟ ਵਾਲੇ ਇਲਾਕੇ ਕਿਟਾਸ਼ਿੰਚੀ ਵਿੱਚ ਸਥਿਤ ਅੱਠ ਮੰਜ਼ਿਲਾ ਇਮਾਰਤ ਦੀ ਚੌਥੀ ਮੰਜ਼ਿਲ ਤੋਂ ਅੱਗ ਸ਼ੁਰੂ ਹੋਈ। ਉਨ੍ਹਾਂ ਦੱਸਿਆ ਕਿ 27 ਜਣਿਆਂ ਨੂੰ ਦਿਲ ਦਾ ਪਿਆ ਅਤੇ ਇੱਕ ਮਹਿਲਾ ਜ਼ਖ਼ਮੀ ਹੋਈ ਹੈ। ਮਹਿਲਾ ਹੋਸ਼ ਵਿੱਚ ਸੀ ਅਤੇ ਉਸ ਨੂੰ ਇਮਾਰਤ ਦੀ ਛੇਵੀਂ ਮੰਜ਼ਿਲ ਤੋਂ ਇੱਕ ਖਿੜਕੀ ਰਾਹੀਂ ਪੌੜੀ ਨਾਲ ਹੇਠਾਂ ਲਿਆਂਦਾ ਗਿਆ। ਹਸਪਤਾਲ ਵਿੱਚ ਉਸ ਦਾ ਇਲਾਜ ਚੱਲ ਰਿਹਾ ਹੈ।
ਜਾਪਾਨ ਦੇ ਕੌਮੀ ਟੈਲੀਵਿਜ਼ਨ ਐੱਨਐੱਚਕੇ ਅਤੇ ਹੋਰ ਮੀਡੀਆ ਰਿਪੋਰਟਾਂ ’ਚ ਦੱਸਿਆ ਗਿਆ ਕਿ 19 ਜਣਿਆਂ ਨੂੰ ਮ੍ਰਿਤਕ ਐਲਾਨਿਆ ਗਿਆ ਹੈ ਅਤੇ ਤਿੰਨ ਹੋਰਨਾਂ ਨੂੰ ਬਚਾ ਲਿਆ ਗਿਆ ਹੈ। ਪਰ ਜਾਪਾਨੀ ਅਧਿਕਾਰੀਆਂ ਨੇ ਇਨ੍ਹਾਂ ਰਿਪੋਰਟਾਂ ਦੀ ਪੁਸ਼ਟੀ ਕਰਨ ਤੋਂ ਇਨਕਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਜਾਪਾਨ ਵਿੱਚ ਕਿਸੇ ਦੀ ਮੌਤ ਦਾ ਅਧਿਕਾਰਤ ਐਲਾਨ ਹਸਪਤਾਲ ’ਚ ਮੌਤ ਦੀ ਪੁਸ਼ਟੀ ਹੋਣ ਅਤੇ ਹੋਰ ਪ੍ਰਕਿਰਿਆਵਾਂ ਪੂਰੀਆਂ ਹੋਣ ਤੱਕ ਨਹੀਂ ਕੀਤਾ ਜਾਂਦਾ ਹੈ। ਪੀੜਤਾਂ ਨੂੰ ਜਿਹੜੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ ਉਨ੍ਹਾਂ ਵਿੱਚ ਇੱਕ ਦੇ ਡਾਕਟਰ ਨੇ ਦੱਸਿਆ ਕਿ ਅਜਿਹਾ ਲੱਗਦਾ ਹੈ ਕਿ ਬਹੁਤੇ ਲੋਕਾਂ ਦੀ ਮੌਤ ਫੇਫੜਿਆਂ ਵਿੱਚ ਕਾਰਬਨ ਮੋਨੋਆਕਸਾਈਡ ਜਾਣ ਕਾਰਨ ਹੋਈ ਹੈ ਕਿਉਂਕਿ ਉਨ੍ਹਾਂ ਦੇ ਸਰੀਰ ’ਤੇ ਝੁਲਸਣ ਦੇ ਬਹੁਤ ਘੱਟ ਨਿਸ਼ਾਨ ਹਨ।
ਮੁੱਖ ਕੈਬਨਿਟ ਸਕੱਤਰ ਹਿਰੋਕਾਜ਼ੂ ਮਾਤਸੁਨੋ ਨੇ ਕਿਹਾ, ‘‘ਕਈ ਲੋਕ ਮਾਰੇ ਗੲੇ ਜਾਂ ਉਨ੍ਹਾਂ ਦੇ ਦਿਲ ਅਤੇ ਫੇਫੜਿਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ।’’ ਉਨ੍ਹਾਂ ਨੇ ਮੌਤਾਂ ਦੀ ਗਿਣਤੀ ਦੀ ਪੁਸ਼ਟੀ ਨਹੀਂ ਕੀਤੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly