(ਸਮਾਜ ਵੀਕਲੀ)- ਕਈ ਤਰ੍ਹਾਂ ਦੇ ਧੰਦੇ ਕਰਨ ਮਗਰੋਂ ਨਾਕਾਮ ਰਹਿਣ ‘ਤੇ ਗਿਆਨਵੀਰ ਨੂੰ ਮਸਾਂ, ਜੇਲ੍ਹ ਵਿਚ ਕੈਦੀਆਂ ਲਈ ਰੋਟੀ ਪਾਣੀ ਤਿਆਰ ਕਰਨ ਦਾ ਕੰਮ ਮਿਲਿਆ ਸੀ। ਓਧਰੋਂ, ਓਹਦੀ ਪ੍ਰੇਮਿਕਾ ਕਾਟੋ ਦੇ ਪਿਤਾ, ਜੇਹੜੇ ਕਥਾ ਵਾਚਕ ਹਨ, ਉਨ੍ਹਾਂ ਵੀ ਵਿਆਹ ਲਈ ਹਾਮੀ ਭਰ ਦਿੱਤੀ ਸੀ। ਸਵਾਮੀ ਕੁਲਭੂਸਣ ਦੇ ਕਈ ਚੇਲੇ ਹਨ : ਦੁਕਾਨਦਾਰ, ਕਾਰਖਾਨਾ ਮਾਲਕ, ਪੁਲਿਸ ਮੁਲਾਜ਼ਮ, ਗੱਲ ਕੀ ਸਮਾਜ ਦੇ ਸਾਰੇ ਮੋਹਤਬਰ ਸਵਾਮੀ ਦੇ ਚਰਣ ਧੋ ਧੋ ਪੀਂਦੇ ਨੇ। …ਕਰਨੀ ਵਾਲੇ ਜੁ ਹੋਏ!!!
ਕਾਟੋ ਤੋਂ ਚਾਅ ਈ ਨ੍ਹੀ ਚੱਕਿਆ ਜਾ ਰਿਹਾ ਕਿ ਓਹ, ਗਿਆਨਵੀਰ ਦੀ “ਓਹ” ਬਣਨ ਵਾਲੀ ਐ।
ਗਿਆਨਵੀਰ ਤੇ ਓਹਦੀ ਮਾਈ, ਕਾਟੋ ਦੇ ਘਰ ਤਿਓਹਾਰ ਦੀ ਮਠਿਆਈ ਦੇਣ ਗਏ ਸਨ। ਓਥੇ ਹੋਣ ਵਾਲਾ ਸਹੁਰਾ ਸਵਾਮੀ ਵੀ ਮੌਜੂਦ ਸੀ। ਆਮਦਨ ਬਾਰੇ ਗਿਆਨਵੀਰ ਤੋਂ ਪੁੱਛਿਆ ਤਾਂ ਓਹਨੇ ਆਖ ਦਿੱਤਾ, “ਦੇਖੋ ਜੀ, ਜੇਲ੍ਹ ਦੇ ਕੈਦੀਆਂ ਨੂੰ ਰੋਟੀ ਪਾਣੀ ਖੁਆਉਣ ਲਈ ਜੇਲ੍ਹ ਮਹਿਕਮਾ 22 ਹਜ਼ਾਰ ਮਹੀਨਾਵਾਰ ਦਿੰਦਾ ਹੈ। 20 ਕੁ ਹਜ਼ਾਰ “ਉੱਪਰੋਂ” ਵੀ ਬਣਾ ਲਈਦੇ ਨੇ। ਓਹ ਇਵੇਂ ਕਿ ਦੋ ਨੰਬਰ ਦਾ ਧੰਦਾ ਕਰਨ ਵਾਲੇ ਵਪਾਰੀਆਂ, ਕਾਰਖਾਨਾ ਮਾਲਕਾਂ, ਚਵਲ ਸਿਆਸੀ ਅਹੁਦੇਦਾਰਾਂ ਨੂੰ ਗ੍ਰਿਫਤਾਰੀ ਤੋਂ ਬੜਾ ਡਰ ਲੱਗਦਾ ਹੁੰਦੈ, ਹੱਥ ਵੇਖਣ ਵਾਲੇ ਤੇ ਪੱਤਰੀ ਵਾਚਣ ਵਾਲੇ ਇਹ ਆਖ ਦਿੰਦੇ ਨੇ ਕਿ ਯਜਮਾਨਾ ਤੇਰੇ ਭਾਗਾਂ ਵਿਚ ਹਵਾਲਾਤ ਜਾਣ ਦੇ ਯੋਗ ਬਣ ਰਹੇ ਨੇ। ਏਸ ਲਈ “ਅਗਰ” ਫੜੇ ਜਾਣ ਤੋਂ ਬਚਾਅ ਰੱਖਣਾ ਹੈ ਤਾਂ ਜੇਲ੍ਹ ਦੇ ਰਸੋਸੀਏ ਨੂੰ ਲੱਭੋ। ਓਹਨੂੰ ਆਖੋ, ਜੇਹੜੀ ਰੋਟੀ ਹਵਾਲਾਤੀਆਂ ਲਈ ਬਣਾਉਂਦਾ ਹੈ, ਓਹ ਰੋਟੀ ਵੇਚ ਦਵੇ। ਸੋ, ਯਜਮਾਨਸ਼੍ਰੀ “ਅਗਰ” ਜੇਲ੍ਹ ਦੀ ਰੋਟੀ ਖ਼ਰੀਦ ਕੇ ਡੱਫੋਗੇ ਤਾਂ ਗ੍ਰਿਫਤਾਰੀ ਟਲ ਜਾਏਗੀ।”
ਏਸ ਲਈ, “ਬਾਹਰੋਂ ਬਾਹਰ” ਜੇਲ੍ਹ ਵਾਲੀ ਰੋਟੀ ਵੇਚ ਕੇ, ਉੱਪਰਲੀ ਕਮਾਈ ਵੀ ਕਰ ਲੈਂਦੇ ਹਾਂ..!!
ਗਿਆਨੇ ਦੀ ਤਰਕੀਬ ਸੁਣ ਕੇ ਸਵਾਮੀ ਕੁਲਭੂਸਣ ਮਿੰਨਾ ਮਿੰਨਾ ਹੱਸੀ ਜਾਂਦਾ ਸੀ ਕਿਉਂਕਿ ਦੋ ਨੰਬਰ ਦੇ ਧੰਦੇ ਕਰਨ ਵਾਲਿਆਂ ਤੇ ਦੂਜੇ ਦਾ ਹਕ਼ ਮਾਰ ਕੇ ਅਮੀਰ ਬਣੇ ਵਹਿਮੀ ਅਮੀਰਾਂ ਨੂੰ ਜੇਲ੍ਹ ਜਾਣੋਂ ਬਚਣ ਲਈ ਓਹ ਵੀ ਤਾਂ “ਜੇਲ੍ਹ ਦੀ ਰੋਟੀ ਬਾਹਰੋਂ ਬਾਹਰ ਖਾਣ” ਦੀ ਸਲਾਹ ਦਿੰਦਾ ਈ ਆਇਆ ਐ..!! ਸਵਾਮੀ ਨੂੰ ਕਾਟੋ ਬੇਟੀ ਦੀ ਪਸੰਦ ਉੱਤੇ ਨਾਜ਼ ਮਹਿਸੂਸ ਹੋ ਰਿਹਾ ਸੀ!!
ਰਾਬਤਾ : ਸਰੂਪ ਨਗਰ, ਰਾਓਵਾਲੀ।
+916284336773
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly