(ਸਮਾਜ ਵੀਕਲੀ)
ਜਿੰਦਗੀ ਬਹੁਤ ਖੂਬਸੂਰਤ ਹੈ। ਸਾਡੀ ਜ਼ਿੰਦਗੀ ਵਿੱਚ ਬਹੁਤ ਉਤਾਰ ਚੜਾਅ ਆਉਂਦੇ ਹਨ। ਇਹ ਉਤਾਰ-ਚੜ੍ਹਾਅ ਸਾਨੂੰ ਜ਼ਿੰਦਗੀ ਨੂੰ ਹੋਰ ਵਧੀਆ ਜਿਉਂਣ ਲਈ ਪ੍ਰੇਰਿਤ ਕਰਦੇ ਹਨ। ਜੋ ਇਨਸਾਨ ਅਜਿਹੀਆਂ ਮੁਸੀਬਤਾਂ ਦਾ ਡਟ ਕੇ ਸਾਹਮਣਾ ਕਰਦਾ ਹੈ, ਉਹ ਆਪਣੀ ਮੰਜ਼ਿਲ ਨੂੰ ਸਰ ਕਰ ਲੈਂਦਾ ਹੈ। ਕਦੇ ਵੀ ਉਦਾਸ ਨਾ ਬੈਠੋ। ਕਦੇ ਵੀ ਇਹ ਨਾ ਸੋਚੋ ਕਿ ਮੇਰੀ ਕਿਸਮਤ ਬਹੁਤ ਮਾੜੀ ਹੈ। ਜੇ ਜ਼ਿੰਦਗੀ ਵਿੱਚ ਕਿਸੇ ਮੁਕਾਮ ਤੇ ਸਫ਼ਲਤਾ ਨਹੀਂ ਮਿਲਦੀ ਤਾਂ ਉਸ ਤੇ ਵਿਚਾਰ ਕਰੋ। ਸਾਡੀ ਕਿਹੜੀ ਅਜਿਹੀ ਕਮੀ ਰਹਿ ਗਈ ਕਿ ਸਾਨੂੰ ਉਹ ਟੀਚਾ ਹਾਸਿਲ ਨਾ ਹੋ ਸਕਿਆ। ਆਪਣੇ ਆਪ ਨੂੰ ਹੋਰ ਮਜ਼ਬੂਤ ਕਰੋ।
ਗਲਤੀਆਂ ਤੋਂ ਸਿੱਖੋ। ਆਪਣੇ ਅੰਦਰ ਅਜਿਹਾ ਜਨੂੰਨ ਪੈਦਾ ਕਰੋ ਕਿ ਮੈਂ ਇਹ ਟੀਚਾ ਹਾਸਲ ਕਰ ਸਕਦਾ ਹਾਂ। ਮੈਂ ਇਹ ਮੰਜ਼ਿਲ ਸਰ ਕਰ ਸਕਦਾ ਹਾਂ। ਵੱਡਾ ਟੀਚਾ ਹਾਸਲ ਕਰਨ ਲਈ ਸਾਨੂੰ ਬਹੁਤ ਮਿਹਨਤ ਦੀ ਜ਼ਰੂਰਤ ਹੁੰਦੀ ਹੈ। ਇਸ ਮੰਜ਼ਿਲ ਵੱਲ ਵਧਦੇ ਹੋਏ ਤੁਹਾਨੂੰ ਨਕਰਾਤਮਕ ਸੋਚ ਵਾਲੇ ਬੰਦੇ ਵੀ ਮਿਲਣਗੇ। ਉਹ ਤੁਹਾਨੂੰ ਕਈ ਵਾਰ ਇਹ ਗੱਲ ਵੀ ਕਹਿੱਣਗੇ ,ਛੱਡ ਪਰ੍ਹੇ! ਤੂੰ ਇਹ ਟੀਚੇ ਨਹੀਂ ਹਾਸਲ ਕਰ ਸਕਦਾ, ਤੁਹਾਡੇ ਅੰਦਰ ਨਕਰਾਤਮਕ ਊਰਜਾ ਪੈਦਾ ਕਰ ਦੇਣਗੇ।
ਸੋ ਨਕਰਾਤਮਕ ਵਿਚਾਰਾਂ ਵਾਲੇ ਇਨਸਾਨ ਹੁੰਦੇ ਹਨ, ਉਨ੍ਹਾਂ ਨੇ ਕਦੇ ਵੀ ਟੀਚਾ ਹਾਸਲ ਨਹੀਂ ਕੀਤਾ ਹੁੰਦਾ। ਨਾ ਉਹ ਕਦੇ ਇਸ ਮੁਕਾਮ ਤੇ ਪਹੁੰਚ ਸਕਦੇ ਹਨ। ਕੋਈ ਵੀ ਟੀਚਾ ਹਾਸਲ ਕਰਨ ਲਈ ਪਹਿਲਾਂ ਸਾਨੂੰ ਅੰਦਰੋਂ ਮਜ਼ਬੂਤ ਹੋਣਾ ਪੈਂਦਾ ਹੈ। ਆਪਣੇ ਅੰਦਰ ਧਾਰਨਾ ਬਣਾਉਣੀ ਪੈਂਦੀ ਹੈ ਕਿ ਮੈਂ ਇਹ ਮੁਕਾਮ ਹਰ ਕੀਮਤ ਤੇ ਹਾਸਿਲ ਕਰਨਾ ਹੈ। ਮਿਹਨਤ ਕਰਨੀ ਹੈ। ਜੇ ਬਾਰ- ਬਾਰ ਅਸਫ਼ਲ ਹੋ ਰਹੇ ਹਨ ਤਾਂ ਕਾਰਣਾਂ ਦਾ ਪਤਾ ਲਗਾਓ, ਕਿ ਕਿਉਂ ਅਸਫ਼ਲ ਹੋ ਰਹੇ ਹਾਂ। ਕਦੇ ਵੀ ਉਦਾਸ ਨਾ ਬੈਠੋ। ਠੀਕ ਹੈ, ਅਸਫ਼ਲ ਹੋਏ ਹੋ। ਅਸਫ਼ਲਤਾ ਤੋਂ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਯੋਜਨਾ ਮੁਤਾਬਕ ਵਧੀਆ ਢੰਗ ਤਰੀਕੇ ਨਾਲ ਉਸ ਮੁਕਾਮ ਨੂੰ ਹਾਸਲ ਕਰਨ ਲਈ ਆਪਣਾ ਹੋਰ ਇਰਾਦਾ ਮਜ਼ਬੂਤ ਕਰੋ। ਮਾਹਿਰਾਂ ਦੀ ਸਲਾਹ ਲਵੋ। ਵਧੀਆ ਵਧੀਆ ਲੋਕਾਂ ਦੀ ਜੀਵਨੀ ਪੜ੍ਹੋ। ਜੋ ਇਸ ਟੀਚੇ ਤੇ ਪਹੁੰਚੇ ਹਨ। ਜੇ ਅਸੀਂ ਇਮਾਨਦਾਰੀ ਨਾਲ ਮਿਹਨਤ ਕਰਾਂਗੇ ਤਾਂ ਪਰਮਾਤਮਾ ਸਾਨੂੰ ਫਲ ਜ਼ਰੂਰ ਦਿੰਦਾ ਹੈ।
ਅਜਿਹੀਆਂ ਉਦਾਹਰਨਾਂ ਸਾਡੇ ਸਾਹਮਣੇ ਬਹੁਤ ਹਨ, ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਤੇ ਫਿਰ ਅਸਫ਼ਲ ਹੋਏ, ਫਿਰ ਉਹਨੇ ਅਪਣਾ ਇਰਾਦਾ ਕਰ ਕੇ ਉਸ ਮੁਕਾਮ ਨੂੰ ਹਾਸਲ ਕੀਤਾ। ਅਬਰਾਹਿਮ ਲਿੰਕਨ ਨੂੰ ਬਹੁਤ ਚੰਗੀ ਤਰਾਂ ਜਾਣਦੇ ਹਾਂ। ਬਾਰ ਬਾਰ ਅਸਫਲ ਹੋਣ ਤੋਂ ਬਾਅਦ ਉਸ ਨੇ ਆਪਣਾ ਹੌਂਸਲਾ ਨਹੀਂ ਛੱਡਿਆ। ਇੱਕ ਦਿਨ ਮਿਹਨਤ ਕਰਕੇ ਉਹ ਅਮਰੀਕਾ ਦਾ ਰਾਸ਼ਟਰਪਤੀ ਬਣਿਆ। ਕੇਰਲ ਦੀ 104 ਉਮਰਾਂ ਦੀ ਭਾਗੀਰਥੀ ਅੰਮਾਂ ਨੇ ਦਰਜਾ ਚਾਰ ਨੌਕਰੀ ਹਾਸਲ ਕੀਤੀ। ਹਾਲਾਂਕਿ ਪਿਛਲੇ ਮਹੀਨੇ ਹੀ ਉਹ ਸਵਰਗ ਸਿਧਾਰ ਗਏ ਹਨ। ਉਹਨਾਂ ਨੇ ਮੁਸੀਬਤਾਂ ਦਾ ਡੱਟ ਕੇ ਸਾਹਮਣਾ ਕੀਤਾ ਸੀ। ਤੇ ਹੌਂਸਲਾ ਕਦੇ ਨਹੀਂ ਛੱਡਿਆ। ਅਜਿਹੀਆਂ ਉਦਾਹਰਨਾਂ ਸਾਨੂੰ ਹੋਰ ਅੱਗੇ ਮਿਹਨਤ ਕਰਨ ਲਈ ਪ੍ਰੇਰਿਤ ਕਰਦੀਆਂ ਹਨ।
ਹਰ ਇੱਕ ਦਿਨ ਜਿੰਦਗੀ ਦੀ ਨਵੀਂ ਸ਼ੁਰੂਆਤ ਲੈ ਕੇ ਆਉਂਦਾ ਹੈ। ਕਦੇ ਵੀ ਆਪਣੇ ਕਰਮਾਂ ਨੂੰ ਨਾ ਕੋਸੀਏ। ਹਰ ਇੱਕ ਦਿਨ ਦੀ ਸ਼ੁਰੂਆਤ ਵਧੀਆ ਤਰੀਕੇ ਨਾਲ ਕਰਨੀ ਚਾਹੀਦੀ ਹੈ। ਯੋਜਨਾ ਮੁਤਾਬਕ ਸਾਰਾ ਦਿਨ ਵਧੀਆ ਨਿਕਲ ਜਾਂਦਾ ਹੈ। ਜਦੋਂ ਸ਼ਾਮ ਨੂੰ ਅਸੀਂ ਮੰਜੇ ਤੇ ਸੌਣ ਲਈ ਜਾ ਰਹੇ ਹੁੰਦੇ ਹਨ ,ਤਾਂ ਪੂਰੇ ਦਿਨ ਦਾ ਮੁਲਾਂਕਣ ਕਰੀਏ। ਕੀ ਅੱਜ ਅਸੀਂ ਕੀ ਖੱਟਿਆ ਅਤੇ ਕੀ ਗੁਆਇਆ ਹੈ? ਹਰ ਇੱਕ ਦਿਨ ਜੀਵਨ ਨੂੰ ਸੇਧ ਦੇਣ ਵਾਲਾ ਹੁੰਦਾ ਹੈ। ਕਦੇ ਵੀ ਨਿਰਾਸ਼ ਨਾ ਹੋਵੋ। ਆਪਣੇ ਆਪ ਦੀ ਕਦੇ ਵੀ ਦੂਜਿਆਂ ਨਾਲ ਬਰਾਬਰੀ ਨਾ ਕਰੋ। ਹਰ ਇੱਕ ਇਨਸਾਨ ਦੇ ਅੰਦਰ ਕੁੱਝ ਨਾ ਕੁੱਝ ਕਰਨ ਦੀ ਕਲਾ ਜਰੂਰ ਹੁੰਦੀ ਹੈ। ਆਪਣੀ ਕਲਾ ਨੂੰ ਨਿਖਾਰੋ। ਲੋਕਾਂ ਦੀਆਂ ਗੱਲਾਂ ਘੱਟ ਸੁਣੋ। ਜੋ ਵਿਦਿਆਰਥੀ ਸਿਵਲ ਸਰਵਿਸਿਜ਼ ਪ੍ਰੀਖਿਆ ਦੀ ਤਿਆਰੀ ਕਰਦੇ ਹਨ ,ਅਕਸਰ ਉਨ੍ਹਾਂ ਨੂੰ ਸਫ਼ਲਤਾ ਬਹੁਤ ਦੇਰ ਬਾਅਦ ਮਿਲਦੀ ਹੈ।
ਮੁਕਾਬਲੇ ਦੀਆਂ ਪ੍ਰੀਖਿਆ ਚੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ।ਕਿਉਂਕਿ ਸਿਵਿਲ ਸੇਵਾ ਪ੍ਰੀਖਿਆ 3 ਪੜਾਅ ਵਿੱਚ ਹੁੰਦੀ ਹੈ ਤੇ ਥੋੜੀ ਮੁਸ਼ਕਿਲ ਵੀ ਹੁੰਦੀ ਹੈ। ਜੋ ਲਗਾਤਾਰ ਮਿਹਨਤ ਕਰਕੇ ਇਹ ਪ੍ਰੀਖਿਆ ਪਾਸ ਕਰਦੇ ਹਨ , ਉਨ੍ਹਾਂ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ। ਹਮੇਸ਼ਾ ਆਪਣੀਆਂ ਗਲਤੀਆਂ ਤੋਂ ਸਿੱਖੋ। ਕੋਸ਼ਿਸ਼ ਕਰੋ ਕਿ ਭਵਿੱਖ ਵਿੱਚ ਉਹ ਗਲਤੀ ਨਾ ਦੁਹਰਾਓ। ਮੁਸ਼ਕਲਾਂ ਦਾ ਡੱਟ ਕੇ ਸਾਹਮਣਾ ਕਰਨਾ ਚਾਹੀਦਾ ਹੈ। ਸਕਾਰਾਤਮਕ ਵਿਚਾਰ ਰੱਖੋ। ਵਧੀਆ ਦੋਸਤਾਂ ਨਾਲ ਮਿੱਤਰਤਾ ਕਰੋ। ਜੋ ਮੁਸੀਬਤ ਵੇਲੇ ਹੌਸਲਾ ਦੇਣ।ਹੌਂਸਲਾ ਕਦੇ ਵੀ ਨਾ ਛੱਡੋ। ਸਹਿਣਸ਼ੀਲ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਨਿਰੰਕਾਰ ਪ੍ਰਭੂ ਪ੍ਰਮਾਤਮਾ ਦੀ ਬੰਦਗੀ ਕਰੋ। ਅਜਿਹੀ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਅਸੀਂ ਆਪਣਾ ਹਰ ਦਿਨ ਵਧੀਆ ਗੁਜ਼ਾਰ ਸਕਦੇ ਹਾਂ।
ਸੰਜੀਵ ਸਿੰਘ ਸੈਣੀ, ਮੋਹਾਲੀ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly