ਡਿਪਟੀ ਮੁੱਖ ਮੰਤਰੀ ਦੀ ਫੇਰੀ ਵੇਲੇ ਖਾਲਸਾ ਸੁਪਰ ਸਟੋਰ ਤੇ ਹੋਈ ਲੁੱਟ ਸਾਬੋਤਾਜ ਦੀ ਕੋਸ਼ਿਸ
ਕਪੂਰਥਲਾ/ਸੁਲਤਾਨਪੁਰ ਲੋਧੀ, (ਕੌੜਾ)– ਹਲਕਾ ਸੁਲਤਾਨਪੁਰ ਲੋਧੀ ਤੋ ਕਾਂਗਰਸ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਅੱਜ ਪ੍ਰੈੱਸ ਕਾਨਫਰੰਸ ਵਿੱਚ ਇਕ ਵੱਡਾ ਖੁਲਾਸਾ ਕਰਦਿਆਂ ਧਮਾਕਾ ਕੀਤਾ ਜਿਸ ਵਿੱਚ ਉਹਨਾਂ ਨੇ ਇਕ ਗੈਂਗਸਟਰ ਨਾਲ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਫੋਟੋ ਜਾਰੀ ਕਰਦਿਆਂ ਕਥਿਤ ਤੌਰ ਤੇ ਆਰੋਪ ਲਗਾਏ ਹਨ ਕਿ ਉਕਤ ਗੈਂਗਸਟਰ 27 ਨਵੰਬਰ ਨੂੰ ਲੁੱਟ ਖੋਹ ਦੇ ਉਸ ਮਾਮਲੇ ਵਿੱਚ ਪੁਲਿਸ ਵਲੋਂ ਕਾਬੂ ਕੀਤਾ ਗਿਆ ਹੈ। ਜੋ ਕਿ ਸੁਲਤਾਨਪੁਰ ਲੋਧੀ ਵਿੱਚ ਉਹਨਾਂ ਦੇ ਘਰ ਦੇ ਬਿਲਕੁਲ ਨਜ਼ਦੀਕ ਉਸ ਵਕਤ ਲੁੱਟ ਖੋਹ ਵਾਰਦਾਤ ਹੋਈ ਸੀ ਜਦ ਉਹਨਾਂ ਦੇ ਘਰ ਸੂਬੇ ਦੇ ਉਪ ਮੁੱਖ ਮੰਤਰੀ ਤੇ ਗ੍ਰਹਿ ਵਿਭਾਗ ਦੇ ਮੁੱਖੀ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸੀ ਵਰਕਰਾਂ ਨਾਲ ਇਕ ਮੀਟਿੰਗ ਕਰ ਰਹੇ ਸਨ । ਉਹਨਾਂ ਕਿਹਾ ਕਿ ਉਹਨਾਂ ਦਾ ਖਦਸ਼ਾ ਹੈ ਕੀ ਉਕਤ ਘਟਨਾ ਨੂੰ ਇਕ ਸਾਜਿਸ਼ ਤਹਿਤ ਅੰਜਾਮ ਦਿੱਤਾ ਗਿਆ ਜਿਸ ਦੀ ਮਨਸ਼ਾਂ ਇਸ ਲੁੱਟ ਤੋ ਵੀ ਜਿਆਦਾ ਸੀ ਪਰ ਪੁਲਿਸ ਵਿਭਾਗ ਦੀ ਚੰਗੀ ਕਾਰਵਾਈ ਕਰਕੇ ਇਹ ਆਰੋਪੀ ਕਾਬੂ ਆ ਗਏ ਹਨ। ਉਹਨਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਨੂੰ ਸਵਾਲ ਕਰਦਿਆਂ ਕਿਹਾ ਕੀ ਕਿਉ ਉਹ ਅਜਿਹੇ ਗੈਂਗਸਟਰਾਂ ਨੂੰ ਉਤਸ਼ਾਹਿਤ ਕਰ ਰਹੇ ਹਨ ਜੋ ਸੂਬੇ ਦੀ ਨੌਜਵਾਨੀ ਨੂੰ ਇੱਕ ਅਪਰਾਧ ਦੀ ਅੱਗ ਵੱਲ ਲੈ ਜਾ ਰਹੇ ਹਨ।
ਉਹਨਾ ਕਿਹਾ ਕੀ ਇਹਨਾਂ ਵਰਗੇ ਸਿਆਸਤ ਕਾਰਨ ਸੂਬੇ ਦੀ ਨੌਜਵਾਨੀ ਨੂੰ ਬਰਬਾਦ ਕਰਨਾ ਬਹੁਤ ਜੋਖਿਮ ਵਾਲਾ ਕੰਮ ਹੈ। ਉਹਨਾਂ ਇਹ ਕਿਹਾ ਕਿ ਪਰ ਮੈਂ ਨੌਜਵਾਨਾਂ ਨੂੰ ਇਸ ਰਸਤੇ ਤੇ ਨਹੀਂ ਚਲਣ ਦੇਣਗੇ ਚਾਹੇ ਉਹਨਾਂ ਨੂੰ ਆਪਣੀ ਜਾਨ ਦੀ ਕੁਰਬਾਨੀ ਦੇਣੀ ਪੈ ਜਾਵੇ। ਵਿਧਾਇਕ ਨਵਤੇਜ ਸਿੰਘ ਚੀਮਾ ਨੇ ਇਹ ਵੀ ਆਰੋਪ ਲਗਾਇਆ ਕੀ ਕੈਬਨਿਟ ਮੰਤਰੀ ਯੂ ਪੀ ਵਾਂਗ ਗੁੰਡਾ ਰਾਜ ਕਾਇਮ ਕਰ ਆਪਣੇ ਸਿਆਸੀ ਬਦਲੇ ਲਈ ਉਹਨਾਂ ਨੂੰ ਜਾਨ ਤੋ ਵੀ ਮਰਵਾ ਸਕਦੇ ਹਨ। ਉਹਨਾਂ ਕਿਹਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਵੱਲੋਂ ਮੈਨੂੰ ਹਲਕੇ ਵਿੱਚ ਅਤੇ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ । ਉਹਨਾਂ ਨੇ ਕਿਹਾ ਕਿ ਇਸ ਸਮੇਂ ਪੰਜਾਬ ਵਿੱਚ ਚੋਣਾਂ ਦਾ ਮਾਹੌਲ ਚੱਲ ਰਿਹਾ ਹੈ ਕੁਝ ਸਿਆਸੀ ਆਗੂ ਪੰਜਾਬ ਨੂੰ ਲਾਂਬੂ ਲਾਕੇ ਉਸ ਕਾਲੇ ਦੌਰ ਵਿੱਚ ਧਕੇਲਣਾ ਚਹੁੰਦੇ ਹਨ ਜਿਸ ਅੱਗ ਦੀ ਭੱਠੀ ਵਿੱਚ ਪੰਜਾਬ ਨੇ ਪਹਿਲਾਂ ਹੀ ਉਸ ਸਮੇਂ 20 ਸਾਲ ਨੁਕਸਾਨ ਚੱਝਿਆ ਹੈ। ਵਿਧਾਇਕ ਨਵਤੇਜ ਚੀਮਾ ਨੇ ਤਲਖ ਅੰਦਾਜ ਵਿੱਚ ਕਿਹਾ ਕੀ ਉਹ ਇਸ ਸਾਰੀ ਘਟਨਾ ਦੀ ਗ੍ਰਹਿ ਵਿਭਾਗ ਕੋਲੋਂ ਉਚ ਪੱਧਰੀ ਜਾਂਚ ਦੀ ਮੰਗ ਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕਰਦੇ ਹਨ ਅਤੇ ਹਾਈ ਕਮਾਂਡ ਦੇ ਧਿਆਨ ਵਿੱਚ ਸਾਰੀ ਗੱਲ ਲਿਆਉਣਗੇ।
ਇਸ ਮੌਕੇ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕਿਸਾਨ ਅੰਦੋਲਨ ਦੀ ਜਿੱਤ ਤੇ ਕਿਸਾਨਾਂ ਦੇ ਧਰਨੇ ਨੂੰ ਸਮਾਪਤ ਕਰਨ ਦੇ ਐਲਾਨ ਤੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕੀ ਇਹ ਇਕ ਇਤਿਹਾਸਿਕ ਜਿੱਤ ਹੈ ਜੋ ਅਗੇ ਵੀ ਕਿਸੇ ਵੀ ਤਸ਼ਦਦ ਲਈ ਮਾਰਗਦਰਸ਼ਨ ਕਰੇਗੀ ।ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਪਰਵਿੰਦਰ ਸਿੰਘ ਪੱਪਾ, ਚੇਅਰਮੈਨ ਪੰਜਾਬ ਕੰਬੋਜ ਵੈਲਫੇਅਰ ਬੋਰਡ ਐਡਵੋਕੇਟ ਜਸਪਾਲ ਸਿੰਘ ਧੰਜੂ, ਵਾਇਸ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਹਰਜਿੰਦਰ ਸਿੰਘ ਜਿੰਦਾ, ਬਲਾਕ ਸੰਮਤੀ ਮੈਂਬਰ ਬਲਦੇਵ ਸਿੰਘ ਰੰਗੀਲਪੁਰ, ਸਰਪੰਚ ਲਖਵਿੰਦਰ ਸਿੰਘ ਲੱਖੀ, ਹਰਨੇਕ ਸਿੰਘ ਵਿਰਦੀ, ਸੰਦੀਪ ਸਿੰਘ ਕਲਸੀ ਆਦਿ ਹਾਜ਼ਰ ਸਨ।