ਜੰਮੂ (ਸਮਾਜ ਵੀਕਲੀ): ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਕਿਹਾ ਹੈ ਕਿ ਜੰਮੂ ਕਸ਼ਮੀਰ ਦੇ ਲੋਕ ਤਾਨਾਸ਼ਾਹੀ ਤੋਂ ਅੱਕ ਗਏ ਹਨ ਅਤੇ ਉਨ੍ਹਾਂ ਨੂੰ ਆਪਣੇ ਮਸਲਿਆਂ ਦੇ ਹੱਲ ਲਈ ਜਮਹੂਰੀ ਤੌਰ ’ਤੇ ਚੁਣੀ ਗਈ ਸਰਕਾਰ ਦੀ ਲੋੜ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪ੍ਰੈੱਸ ਸਰਕਾਰ ਖ਼ਿਲਾਫ਼ ਲਿਖਣ ਲਈ ਆਜ਼ਾਦ ਨਹੀਂ ਹੈ ਅਤੇ ਮੰਗ ਕੀਤੀ ਕਿ ਸੰਸਦ ’ਚ ਕਾਨੂੰਨ ਲਿਆਂਦਾ ਜਾਵੇ ਤਾਂ ਜੋ ਮੀਡੀਆ ਅਦਾਰੇ ਬਿਨਾਂ ਕਿਸੇ ਡਰ ਦੇ ਆਪਣੀ ਜ਼ਿੰਮੇਵਾਰੀ ਨਿਭਾ ਸਕਣ। ਇਥੇ ਪਾਰਟੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ,‘‘ਸਾਡੇ ਨਾਲ ਵਾਅਦਾ ਕੀਤਾ ਗਿਆ ਸੀ ਕਿ ਹੱਦਬੰਦੀ ਤੋਂ ਬਾਅਦ ਵਿਧਾਨ ਸਭਾ ਚੋਣਾਂ ਕਰਵਾਈਆਂ ਜਾਣਗੀਆਂ ਅਤੇ ਕਮਿਸ਼ਨ ਨੂੰ 6 ਮਾਰਚ ਤੱਕ ਅਮਲ ਮੁਕੰਮਲ ਕਰਨ ਲਈ ਕਿਹਾ ਗਿਆ ਸੀ। ਪਰ ਹੁਣ ਉਨ੍ਹਾਂ ਸੰਸਦ ਨੂੰ ਦੱਸਿਆ ਹੈ ਕਿ ਅਮਲ ਮੁਕੰਮਲ ਕਰਨ ਦਾ ਸਮਾਂ ਤੈਅ ਨਹੀਂ ਹੋਇਆ ਹੈ।
ਸ਼ਾਇਦ ਉਹ ਚਾਹੁੰਦੇ ਹਨ ਕਿ ਹੱਦਬੰਦੀ ਦੀ ਪ੍ਰਕਿਰਿਆ ਹੋਰ ਛੇ ਸਾਲਾਂ ਤੱਕ ਜਾਰੀ ਰਹੇ।’’ ਅਬਦੁੱਲਾ ਨੇ ਕਿਹਾ ਕਿ ਨੈਸ਼ਨਲ ਕਾਨਫਰੰਸ ਦੇ ਸੰਸਦ ਮੈਂਬਰ ਵੀ ਹੱਦਬੰਦੀ ਅਮਲ ਦਾ ਹਿੱਸਾ ਹਨ ਪਰ ਉਨ੍ਹਾਂ ਨੂੰ ਅਜੇ ਤੱਕ ਮੀਟਿੰਗ ਲਈ ਨਹੀਂ ਸੱਦਿਆ ਗਿਆ ਹੈ। ‘ਲੋਕ ਲੰਬੇ ਸਮੇਂ ਤੱਕ ਉਡੀਕ ਨਹੀਂ ਕਰ ਸਕਦੇ ਹਨ। ਉਹ ਤਾਨਾਸ਼ਾਹੀ, ਅਫ਼ਸਰਸ਼ਾਹੀ ਅਤੇ ਲੈਫ਼ਟੀਨੈਂਟ ਗਵਰਨਰ ਦੇ ਸ਼ਾਸਨ ਤੋਂ ਅੱਕ ਗਏ ਹਨ।’ ਸਾਬਕਾ ਮੁੱਖ ਮੰਤਰੀ ਨੇ ਭਾਜਪਾ ’ਤੇ ਦੋਸ਼ ਲਾਇਆ ਕਿ ਉਹ ਜੰਮੂ ਕਸ਼ਮੀਰ ਦੇ ਹਾਲਾਤ ਬਾਰੇ ਝੂਠ ਬੋਲ ਰਹੀ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਲੋਕ ਮਰ ਰਹੇ ਹਨ ਤਾਂ ਦੂਜੇ ਪਾਸੇ ਭਾਜਪਾ ਸ਼ਾਂਤੀ ਦਾ ਦਾਅਵਾ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਹਾਲਾਤ ਇੰਨੇ ਖ਼ਰਾਬ ਹਨ ਕਿ ਜੇਕਰ ਫਾਰੂਕ ਅਬਦੁੱਲਾ ਦੀ ਸਰਕਾਰ ਹੁੰਦੀ ਤਾਂ ਭਾਜਪਾ ਨੇ ਮੀਡੀਆ ਨੂੰ ਉਨ੍ਹਾਂ ਖ਼ਿਲਾਫ਼ ਲਿਖਣ ਲਈ ਸੱਦਣਾ ਸੀ ਪਰ ਅੱਜ ਕੋਈ ਵੀ ਮੋਦੀ ਸਰਕਾਰ ਖ਼ਿਲਾਫ਼ ਲਿਖਣ ਦੀ ਗੁਸਤਾਖੀ ਨਹੀਂ ਕਰ ਸਕਦਾ ਹੈ। ‘ਸਰਕਾਰ ਮੀਡੀਆ ਅਦਾਰੇ ਨੂੰ ਬੰਦ ਕਰ ਦੇਵੇਗੀ ਅਤੇ ਕੇਸ ਠੋਕ ਦੇਵੇਗੀ ਤਾਂ ਜੋ ਉਹ ਜੇਲ੍ਹ ਤੋਂ ਬਾਹਰ ਹੀ ਨਾ ਆ ਸਕਣ। ਭਾਜਪਾ ਭਾਵੇਂ ਮੀਡੀਆ ਨੂੰ ਧਮਕੀਆਂ ਦੇ ਰਹੀ ਹੈ ਪਰ ਹੋਰ ਸਾਧਨਾਂ ਰਾਹੀਂ ਸੱਚਾਈ ਸਾਹਮਣੇ ਆ ਜਾਂਦੀ ਹੈ।’ ਅਬਦੁੱਲਾ ਨੇ ਧਾਰਾ 370 ਅਤੇ 35-ਏ ਦੀ ਬਹਾਲੀ ਦੀ ਮੰਗ ਕਰਦਿਆਂ ਸ਼ਾਂਤਮਈ ਸੰਘਰਸ਼ ਜਾਰੀ ਰੱਖਣ ਦਾ ਸੱਦਾ ਦਿੱਤਾ। ਉਨ੍ਹਾਂ ਪਾਰਟੀ ਵਰਕਰਾਂ ਨੂੰ ਕਿਹਾ ਕਿ ਜੰਮੂ ਕਸ਼ਮੀਰ ਨੂੰ ਮੁੜ ਤੋਂ ਖੁਸ਼ਹਾਲ ਬਣਾਉਣ ਲਈ ਉਹ ਅਹਿਮ ਭੂਮਿਕਾ ਨਿਭਾ ਸਕਦੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly