- ਨਾਗਾਲੈਂਡ ’ਚ 14 ਨਾਗਰਿਕਾਂ ਦੀ ਹੱਤਿਆ ਅਤੇ ਰਾਜ ਸਭਾ ਦੇ 12 ਮੈਂਬਰਾਂ ਦੀ ਮੁਅੱਤਲੀ ਜਿਹੇ ਮੁੱਦਿਆਂ ’ਤੇ ਜਤਾਈ ਨਾਰਾਜ਼ਗੀ
ਨਵੀਂ ਦਿੱਲੀ (ਸਮਾਜ ਵੀਕਲੀ):ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਮਹਿੰਗਾਈ, ਕਿਸਾਨਾਂ ਦੀਆਂ ਮੰਗਾਂ ਅਤੇ ਸਰਹੱਦਾਂ ’ਤੇ ਤਣਾਅ ਜਿਹੇ ਮੁੱਦਿਆਂ ’ਤੇ ਮੋਦੀ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਖੇਤੀ ਖੇਤਰ ਨੂੰ ਦਰਪੇਸ਼ ਚੁਣੌਤੀਆਂ ਦੇ ਟਾਕਰੇ ਅਤੇ ਸਰਹੱਦੀ ਤਣਾਅ ਬਾਰੇ ਸੰਸਦ ’ਚ ਬਹਿਸ ’ਤੇ ਜ਼ੋਰ ਦੇਵੇਗੀ। ਕਾਂਗਰਸ ਸੰਸਦੀ ਦਲ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਸੋਨੀਆ ਨੇ ਨਾਗਾਲੈਂਡ ’ਚ 14 ਆਮ ਨਾਗਰਿਕਾਂ ਦੀ ਹੱਤਿਆ ’ਤੇ ਨਾਰਾਜ਼ਗੀ ਜਤਾਉਂਦਿਆਂ ਕਿਹਾ ਕਿ ਪੀੜਤ ਪਰਿਵਾਰਾਂ ਨੂੰ ਫੌਰੀ ਇਨਸਾਫ਼ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਰਾਜ ਸਭਾ ਦੇ 12 ਮੈਂਬਰਾਂ ਦੀ ਮੁਅੱਤਲੀ ਦਾ ਮੁੱਦਾ ਵੀ ਉਠਾਇਆ ਅਤੇ ਕਿਹਾ ਕਿ ਇਹ ਸੰਵਿਧਾਨ ਤੇ ਨੇਮਾਂ ਦੀ ਘੋਰ ਉਲੰਘਣਾ ਹੈ। ਸੰਸਦ ਦੇ ਕੇਂਦਰੀ ਹਾਲ ’ਚ ਬੈਠਕ ਦੌਰਾਨ ਰਾਹੁਲ ਗਾਂਧੀ ਸਮੇਤ ਦੋਵੇਂ ਸਦਨਾਂ ਦੇ ਸਾਰੇ ਕਾਂਗਰਸੀ ਮੈਂਬਰ ਹਾਜ਼ਰ ਸਨ।
ਕਾਂਰਗਸ ਪ੍ਰਧਾਨ ਨੇ ਕਿਹਾ ਕਿ ਸਰਹੱਦਾਂ ’ਤੇ ਮਿਲ ਰਹੀਆਂ ਚੁਣੌਤੀਆਂ ਬਾਰੇ ਸੰਸਦ ’ਚ ਅਜੇ ਤੱਕ ਕਿਸੇ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ ਹੈ। ‘ਸਰਕਾਰ ਭਾਵੇਂ ਮੁਸ਼ਕਲ ਸਵਾਲਾਂ ਦੇ ਜਵਾਬ ਨਹੀਂ ਦੇਣਾ ਚਾਹੁੰਦੀ ਹੋਵੇਗੀ ਪਰ ਵਿਰੋਧੀ ਧਿਰ ਦਾ ਫਰਜ਼ ਹੈ ਕਿ ਉਹ ਸਪੱਸ਼ਟੀਕਰਨ ਮੰਗੇ। ਮੈਂ ਮੁੜ ਅਪੀਲ ਕਰਦੀ ਹਾਂ ਕਿ ਸਰਹੱਦੀ ਹਾਲਾਤ ਅਤੇ ਗੁਆਂਢੀਆਂ ਨਾਲ ਸਬੰਧਾਂ ਬਾਰੇ ਬਹਿਸ ਹੋਵੇ।’ ਸੋਨੀਆ ਗਾਂਧੀ ਨੇ ਕਿਹਾ ਕਿ ਸਰਕਾਰ ਨੇ ਗ਼ੈਰਜਮਹੂਰੀ ਢੰਗ ਨਾਲ ਪਿਛਲੇ ਸਾਲ ਖੇਤੀ ਕਾਨੂੰਨ ਪਾਸ ਕਰਵਾਏ ਸਨ ਅਤੇ ਅਖੀਰ ਹੁਣ ਉਨ੍ਹਾਂ ਨੂੰ ਵਾਪਸ ਲੈਣਾ ਪੈ ਗਿਆ ਹੈ। ‘ਕਿਸਾਨਾਂ ਦੀ ਇਕਜੁੱਟਤਾ, ਦ੍ਰਿੜ੍ਹਤਾ, ਅਨੁਸ਼ਾਸਨ ਅਤੇ ਸਮਰਪਣ ਅੱਗੇ ਹੰਕਾਰੀ ਸਰਕਾਰ ਨੂੰ ਝੁਕਣਾ ਪਿਆ ਹੈ।’ ਅੰਦੋਲਨ ਦੌਰਾਨ ਸ਼ਹੀਦ ਹੋਏ 700 ਤੋਂ ਜ਼ਿਆਦਾ ਕਿਸਾਨਾਂ ਨੂੰ ਯਾਦ ਕਰਦਿਆਂ ਉਨ੍ਹਾਂ ਸਰਕਾਰ ਨੂੰ ਕਿਹਾ ਕਿ ਉਹ ਕਿਸਾਨਾਂ ਦਾ ਸਨਮਾਨ ਕਰੇ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕਿਸਾਨਾਂ ਨੂੰ ਫ਼ਸਲਾਂ ’ਤੇ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਸਮੇਤ ਹੋਰ ਮੰਗਾਂ ਮਨਵਾਉਣ ਲਈ ਉਨ੍ਹਾਂ ਦਾ ਸਾਥ ਦੇਵੇਗੀ। ਉਨ੍ਹਾਂ ਮੋਦੀ ਸਰਕਾਰ ’ਤੇ ਬੈਂਕ, ਬੀਮਾ ਕੰਪਨੀਆਂ, ਜਨਤਕ ਖੇਤਰ ਦੇ ਅਦਾਰਿਆਂ, ਰੇਲਵੇ ਅਤੇ ਹਵਾਈ ਅੱਡੇ ਜਿਹੇ ਬੇਸ਼ਕੀਮਤੀ ਸਰਮਾਏ ਵੇਚਣ ਦੇ ਵੀ ਦੋਸ਼ ਲਾਏ। ਕੋਵਿਡ ਹਾਲਾਤ ਬਾਰੇ ਉਨ੍ਹਾਂ ਕਿਹਾ ਕਿ ਹਕੀਕਤ ਇਹ ਹੈ ਕਿ ਸਰਕਾਰ ਸਾਲ ਦੇ ਅਖੀਰ ਤੱਕ ਮੁਕੰਮਲ ਵੈਕਸੀਨੇਸ਼ਨ ਦੇ ਟੀਚੇ ਨੇੜੇ ਵੀ ਨਹੀਂ ਪਹੁੰਚ ਸਕੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly