(ਸਮਾਜ ਵੀਕਲੀ)
ਸਿੱਖਿਆ ਵਿਭਾਗ ਪੰਜਾਬ ਵਿੱਚ ਅਧਿਆਪਕਾਂ ਦੀਆਂ ਅਨੇਕਾਂ ਅਸਾਮੀਆਂ ਸਿਰਜੀਆਂ ਗਈਆਂ ਜਿਵੇਂ ਸਿੱਖਿਆ ਵਲੰਟੀਅਰ,ਟੀਚਿੰਗ ਫੈਲੋਜ,ਐੱਸ.ਟੀ .ਆਰ ਵਲੰਟੀਅਰ,ਐੱਸ.ਐੱਸ.ਏ ਅਧਿਆਪਕ,ਸਿੱਖਿਆ ਪ੍ਰੋਵਾਈਡਰ ,ਰਮਸਾ ਅਧਿਆਪਕ ਪਿਕਟਸ ਤਹਿਤ ਕੰਪਿਊਟਰ ਅਧਿਆਪਕ ਆਦਿ ਬੱਝਵੀਆਂ ਤਨਖਾਹਾਂ ਜਾਂ ਨਿਗੁਣੇ ਮਾਣਭੱਤਿਆਂ ਤੇ ਕਈ ਸਾਲਾਂ ਤੋਂ ਠੇਕਾ ਅਧਾਰਿਤ ਕੰਮ ਕਰ ਰਹੇ ਸਨ।ਮੌਜੂਧਾ ਸਮਿਆਂ ਦੌਰਾਨ ਕੁਝ ਕੁ ਕੈਟਾਗਿਰੀਆਂ ਦੇ ਅਧਿਆਪਕਾਂ ਦੀਆ ਸੇਵਾਵਾਂ ਨੂੰ ਤਾਂ ਮਹਿਕਮੇ ਨੇ ਰੈਗੂਲਰ ਕਰ ਦਿੱਤਾ ਪਰ ਬਹੁਤੇ ਅਧਿਆਪਕ ਅਜੇ ਵੀ ਆਪਣੀਆਂ ਸੇਵਾਵਾਂ ਰੈਗੂਲਰ ਜਾਂ ਪੱਕੀਆਂ ਕਰਨ ਲਈ ਸਰਕਾਰਾਂ ਦੀਆਂ ਮੁਲਾਜਮ ਮਾਰੂ ਨੀਤੀਆਂ ਖਿਲਾਫ ਰੋਸ,ਪ੍ਰਦਰਸ਼ਨ,ਧਰਨੇ,ਮੁਜਾਹਰ,ਮਰਨ ਵਰਤ,ਭੂੱਖ ਹੜਤਾਲਾਂ ਕਰਦਿਆਂ ਪੁਲਿਸ ਦੀਆਂ ਡਾਂਗਾਂ,ਪਾਣੀਆਂ ਦੀਆਂ ਬੁਛਾੜਾਂ,ਟੈਂਕੀਆਂ,ਖੰਭਿਆਂ,ਟਾਵਰਾਂ ਤੇ ਚੜਨਾ,ਝੂਠੇ ਕੇਸਾਂ ਅਤੇ ਜੇਲਾਂ ਭਰਨ ਲਈ ਮਜਬੂਰ ਹਨ।ਸਿੱਖਿਆ ਮਹਿਕਮੇ ਵਿੱਚ ਕੱਚੇ,ਪੱਕੇ,ਠੇਕਾ ਅਧਾਰਿਤ ਅਨੇਕਾਂ ਅਧਿਆਪਕ ਸ਼੍ਰੇਣੀਆਂ ਹੋਣ ਦੇ ਬਾਵਜੂਦ ਅਧਿਆਪਕ ਜਥੇਬੰਦੀਆਂ “ਸਾਂਝੇ ਅਧਿਆਪਕ ਮੋਰਚੇ”ਰਾਹੀਂ ਸਰਕਾਰੀ ਜਬਰ ਵਿਰੱਧ ਤਿੱਖੇ ਘੋਲ ਕਰ ਰਹੀਆਂ ਹਨ।
ਕੁਝ ਵਰ੍ਹੇ ਪਹਿਲਾਂ ਬੱਝਵੀਆਂ ਤੇ ਨਿਗੂਣੀਆਂ ਤਨਖਾਹਾਂ ਤੇ ਕੰਮ ਕਰਦੇ ਅਧਿਆਪਕਾਂ ਦੀ ਇੱਕ ਯੂਨੀਅਨ ਨੇ ਆਪਣੀਆ ਸੇਵਾਵਾਂ ਰੈਗੂਲਰ ਕਰਵਾਉਣ ਦੀ ਮੰਗ ਨੂੰ ਲੈ ਕੇ ਲੁਧਿਆਣਾ ਸ਼ਹਿਰ ਵਿੱਚ ਸ਼ਾਤਮਈ ਰੋਸ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਉਲੀਕਿਆ ਤਾਂ ਇਸ ਧਰਨੇ ਵਿੱਚ ਸ਼ਮੂਲੀਅਤ ਕਰਨ ਹਿੱਤ ਭਰਾਤਰੀ ਅਧਿਆਪਕ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ ਫਰੰਟ ਨੇ ਵੀ ਆਪਣੇ ਸਰਗਰਮ ਆਗੂਆਂ ਨਾਲ ਸ਼ੰਘਰਸ਼ ਵਿੱਚੀ ਸ਼ਮੂਲੀਅਤ ਕੀਤੀ ,ਅਧਿਆਪਕਾਂ ਦੇ ਠਾਠਾਂ ਮਾਰਦੇ ਇਕੱਠ ਵਿੱਚ ਸਰਕਾਰ ਵਿਰੋਧੀ ਰੋਹ ਪ੍ਰਚੰਡ ਸੀ,ਉੰਨ੍ਹਾਂ ਨੇ ਸੜਕ ਜਾਮ ਕੀਤੀ ਤਾਂ ਪੁਲਿਸ ਪ੍ਰਸ਼ਾਸਨ ਨੇ ਜਵਾਬੀ ਕਾਰਵਾਈ ਕਰਦਿਆਂ ਡੀ.ਟੀ.ਐੱਫ ਦੇ ਮੋਹਰੀ ਅਤੇ ਜੁਝਾਰੂ ਆਗੂ ਹਰਦੇਵ “ਮੁੱਲਾਂਪਰ” ਨੂੰ ਸਾਥੀਆਂ ਸਮੇਤ ਜੇਲ ਵਿੱਚ ਡੱਕ ਦਿੱਤਾ।ਵੈਸੇ ਵੀ ਕਿਸੇ ਸ਼ੰਘਰਸ ਨੂੰ ਤਾਰੋ ਪੀਡਾ ਕਰਨ ਲਈ ਸਰਕਾਰ ਦੀ ਇਹੌ ਨੀਤੀ ਹੁੰਦੀ ਹੈ । ਹੁਣ ਸਾਥੀ ਅਧਿਆਪਕਾਂ ਦੀਆ ਮੰਗਾਂ ਮੰਨਵਾਉਣ ਦੇ ਨਾਲ ਨਾਲ ਜੇਲ ਭੇਜੇ ਆਗੂਆਂ ਨੂੰ ਰਿਹਾਅ ਕਰਵਾਉਣ ਦਾ ਮਸਲਾ ਵੀ ਅਹਿਮ ਸੀ।
ਜਦੋਂ ਪਹਿਲੀ ਕਤਾਰ ਦੇ ਆਗੂ ਜੇਲਾਂ ਵਿੱਚ ਹੋਣ ਤਾਂ ਦੂਜੀ ਕਤਾਰ ਦੇ ਵਰਕਰਾ ਵਾਸਤੇ ਸ਼ੰਘਰਸ਼ ਨੂੰ ਨਿਰੰਤਰ ਤੇ ਨਿਰਵਿਘਨ ਰੂਪ ਵਿੱਚ ਜਾਰੀ ਰੱਖਣ ਦੀ ਡਿਊਟੀ ਵੀ ਚੁਣੌਤੀ ਭਰਪੂਰ ਹੁੰਦੀ ਹੈ।ਸਰਕਾਰ ਦੀ ਇਸ ਕਾਰਵਾਈ ਸਦਕਾ ਇੱਕ ਪਾਸੇ ਤਾਂ ਅਧਿਆਪਕਾਂ ਵਿੱਚ ਸਰਕਾਰ ਵਿਰੁੱਧ ਗੁੱਸਾ ਦਿਨੋ ਦਿਨ ਵਧਦਾ ਜਾ ਰਿਹਾ ਸੀ ਤੇ ਦੂਜੇ ਪਾਸੇ ਸਰਕਾਰ ਦੀਆਂ ਖੁਫੀਆ ਏਜੰਸੀਆਂ ਸਰਕਾਰ ਵਿਰੋਧੀ ਰੋਹ ਨੂੰ ਮੱਠਾ ਪਾਉਣ ਵਾਸਤੇ ਸਰਗਰਮ ਆਗੂਆਂ ਦੇ ਘਰਾਂ ਤੇ ਛਾਪੇ ਮਾਰ ਰਹੀਆ ਸਨ।ਫਿਰ ਵੀ ਗੁਪਤ ਤਾਲਮੇਲ ਰਾਹੀਂ ਮਾਸਟਰ ਬਲਵੀਰ ਸਿੰਘ ਬਾਸੀਆਂ,ਮਾਸਟਰ ਪਰਗਟ ਸਿੰਘ ,ਮਾਸਟਰ ਗੁਰਮੀਤ ਸਿੰਘ,ਮਾਸਟਰ ਬਲਦੇਵ ਸਿੰਘ ,ਹਰਕੇਸ਼ ਚੌਧਰੀ ਅਤੇ ਸੁਰਿੰਦਰ ਸ਼ਰਮਾਂ ਸਮੇਤ ਜਥੇਬੰਦੀ ਦੇ ਹੋਰ ਸਰਗਰਮ ਆਗੂ ਸਾਥੀਆਂ ਨੇ ਅਧਿਆਪਕਾਂ ਅਤੇ ਅਧਿਆਪਕਾਵਾਂ ਨੂੰ ਸੁਨੇਹੇ ਲਗਾ ਕੇ ਪਹਿਲੇ ਪੜਾਅ ਦੇ ਪ੍ਰੋਗਰਾਮ ਤਹਿਤ ਸਥਾਨਕ ਪੱਧਰ ਤੇ ਰੋਸ ਪ੍ਰਦਰਸ਼ਨਾਂ ਦੀ ਲੜੀ ਸ਼ੁਰੂ ਕਰ ਦਿੱਤੀ ਜਿਸਦੇ ਤਹਿਤ ਸਰਕਾਰੀ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪੇ ਪਰ ਸਾਰਥਕ ਨਤੀਜੇ ਨਾ ੋਿਨੱਕਲੇ।ਫਿਰ ਜਿਲ੍ਹਾ ਪੱਧਰ ‘ਤੇ ਡੀ.ਸੀ ਨੂੰ ਆਪਣਾ ਮੈਮੋਰੰਡਮ ਦੇਣ ਦਾ ਪ੍ਰੋਗਾਰਾਮ ਉਲੀਕਿਆ ਤਾਂ ਰਸਤੇ ਵਿੱਚ ਹੀ ਟਰੇਡ ਯੂਨੀਅਨ ਆਗੂ ਕੰਵਲਜੀਤ ਖੰਨਾ ਸਮੇਤ ਕੁਝ ਹੋਰ ਅਧਿਆਪਕਾਂ ਨੂੰ ਗ੍ਰਿਫਤਾਰ ਕਰਕੇ ਜੇਲ਼ ਭੇਜ ਦਿੱਤਾ ਜਿਸਦੇ ਸਿੱਟੇ ਵਜੋਂ ਅਧਿਆਪਕਾਂ ਦਾ ਸਰਕਾਰ ਵਿਰੋਧੀ ਗੁੱਸਾ ਹੋਰ ਪ੍ਰਬਲ ਹੋ ਗਿਆ।
ਹੁਣ ਸ਼ੰਘਰਸ਼ ਹੋਰ ਤਿੱਖਾ ਹੋ ਗਿਆ। ਸਰਕਾਰ ਦੇ ਨੁੰਮਾਇੰਦਿਆਂ ਨੇ ਆਗੂਆਂ ਕੋਲੋਂ ਮੰਗ ਪੱਤਰ ਤਾਂ ਲਿਆ ਪਰ ਵਾਅਦੇ ਤੇ ਖਰ੍ਹੇ ਨਾ ਉੱਤਰੇ।
ਆਗੂਆਂ ਦੀ ਬਿਨਾਂ ਸ਼ਰਤ ਰਿਹਾਈ ਦੇ ਮੁੱਦੇ ਨੂੰ ਲੈ ਕੇ ਘੋਲ ਦੇ ਤੀਜੇ ਪੜਾਅ ਵਿਚੱ ਸਮੂਹਿਕ ਗ੍ਰਿਫਤਾਰੀਆ ਦੇਣ ਦਾ ਐਲਾਨ ਕੀਤਾ ਅਤੇ ਇਸ ਪੜਾਅ ਵਿੱਚ ਵੱਧ ਤੋਂ ਵੱਧ ਅਧਿਆਪਕਾਂ,ਮੁਲਾਜਮਾਂ ਤੇ ਲੋਕ ਪੱਖੀ ਜਥੇਬੰਦੀਆਂ ਦੀ ਸ਼ਮੂਲੀਅਤ ਦੇ ਮਨੋਰਥ ਨਾਲ ਅਸੀਂ ਸਾਥੀਆਂ ਨੂੰ ਪਰਿਵਾਰਾਂ ਸਮੇਤ ਆਰ ਪਾਰ ਦੀ ਲੜਾਈ ਲੜਨ ਵਾਸਤੇ ਪ੍ਰੇਰਿਤ ਕੀਤਾ।ਇਸਦਾ ਪ੍ਰਭਾਵ ਹਾਂ ਪੱਖੀ ਰਿਹਾ।
ਉੱਧਰ ਜੇਲੀਂ ਡੱਕੇ ਅਧਿਆਪਕ ਆਗੂਆਂ ਨੇ ਜਮਾਨਤਾਂ ਕਰਵਾਉਣ ਤੋਂ ਕੋਰੀ ਨਾਂਹ ਕਰ ਦਿੱਤੀ ਅਤੇ ਸਾਫ ਸੁਥਰਾ ਭੋਜਨ ਤੇ ਕੱਪੜਿਆਂ ਵਾਸਤੇ ਜੇਲ ਪ੍ਰਸ਼ਾਸਨ ਖਿਲਾਫ ਭੁੱਖ ਹੜਤਾਲ ਦਾ ਬਿਗਲ ਵਜਾ ਦਿੱਤਾ।ਮੀਡੀਆ ਸਾਰੀ ਘਟਨਾ ਕ੍ਰਮ ਤੇ ਤਿੱਖੀ ਨਜਰ ਰੱਖ ਰਿਹਾ ਸੀ।ਅਧਿਆਪਕ ਹਿੱਤਾਂ ਦੀ ਪੈਰਵਾਈ ਅਤੇ ਹੱਕੀ ਮੰਗਾਂ ਖਾਤਰ ਜੂਝਦੇ ਅਧਿਆਪਕਾਂ ਦੇ ਸਮਰਥਨ ਹਿੱਤ ਬਹੁ ਗਿਣਤੀ ਅਧਿਆਪਕਾਵਾਂ ਵੀ ਆਪਣੇ ਨਿੱਕੇ ਨਿੱਕੇ ਬਾਲਾਂ ਸਮੇਤ ਧਰਨੇ ਵਿੱਚ ਸ਼ਾਮਿਲ ਹੋਈਆਂ।
ਲੁਧਿਆਣਾ ਸ਼ਹਿਰ ਵਿੱਚ ਸਥਿਤ ਸਕੂਲ਼ ਦੇ ਇੱਕ ਗਰਾਉਂਡ ਵਿੱਚ ਸੀਨੀਅਰ ਅਧਿਆਪਕ ਆਗੂ ਮਹਿੰਦਰ ਕਮਾਲਪੁਰਾ,ਜਰਨੈਲ ਸਿੰਘ,ਮਲਕੀਤ ਸਿੰਘ ਜਗਰਾਓ ,ਜੋਗਿੰਦਰ ਅਜਾਦ ਸਰਕਾਰ ਵਿਰੋਧੀ ਤਕਰੀਰਾਂ ਤੇ ਨਾਹਰਿਆ ਨਾਲ ਸੈਂਕੜੇ ਅਧਿਆਪਕਾਂ ਨੂੰ ਸੰਬੋਧਿਤ ਹੁੰਦਿਆਂ ਅਧਿਆਪਕਾਂ ਦੀਆਂ ਜਾਇਜ ਤੇ ਹੱਕੀ ਮੰਗਾਂ ਅਤੇ ਬਿਨਾ ਸ਼ਰਤ ਆਗੂਆਂ ਦੀ ਰਿਹਾਈ ਵਾਸਤੇ ਜੋਸ਼ ਭਰਪੂਰ ਭਾਸਣਾਂ ਰਾਹੀਂ ਸਰਕਾਰ ਦੇ ਕੰਨਾਂ ਵਿੱਚ ਢੋਲ ਖੜਕਾ ਰਹੇ ਸਨ ਤਾਂ ਦੂਜੇ ਪਾਸੇ ਅਣਗਿਣਤ ਪੁਲਸੀਆ ਡੰਡੇ ਤੇ ਸੁਰੱਖਿਆ ਛੱਜਿਆ ਸਮੇਤ ਪੁਲਿਸ ਪਾਰਟੀਆਂ ਦੀਆਂ ਬੱਸਾਂ ਗਰਾਉਂਡ ਵਿੱਚ ਦਾਖਲ ਹੋਈਆਂ।ਅਚਾਨਕ ਪੁਲਿਸ ਫੋਰਸ ਨੇ ਆਪਣੀ ਹਰਕਤ ਵਿਖਾਉਂਦਿਆਂ ਆਪੋ ਆਪਣੀ ਚੌਕੰਨੀ ਪੁਜੀਸ਼ਨ ਲਈ,ਸਮੂਹ ਅਧਿਆਪਕਾਂ ਨੂੰ ਘੇਰਾ ਪਾਉਂਦਿਆਂ ਡੰਡਿਆ ਸਮੇਤ ਸੁਰੱਖਿਆ ਛੱਜਿਆਂ ਨੂੰ ਹੱਥ ਪਾਇਆ ਅਤੇ ਅਫਸਰਾਂ ਵੱਲ “ਐਕਸ਼ਨ” ਦੇ ਇਸ਼ਾਰੇ ਦੀ ਤਾੜ ਵਿੱਚ ਅੱਗੇ ਵਧਣ ਦੀ ਉਡੀਕ ਕਰਨ ਲੱਗੇ। ਪਰ ਆਗੂਆਂ ਦੇ ਰੋਹ ਭਰਪੂਰ ਭਾਸ਼ਣ ਅਤੇ ਸਾਥੀ ਅਧਿਆਪਕਾਂ ਖਿਲਾਫ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਦੇ ਖਿਲਾਫ ਮਨਾਂ ਵਿੱਚ ਖੌਲਦਾ ਰੋਸ ਅਧਿਆਪਕਾਂ ਦੇ ਹੌਸਲੇ ਪਸਤ ਨਾ ਕਰ ਸਕਿਆ।
ਅਧਿਆਪਕ ਆਗੂ ਆਪਣੀਆਂ ਮੰਗਾਂ ਸਮੇਤ ਸਾਥੀਆਂ ਦੀ ਰਿਹਾਈ ਤੇ ਬਜਿੱਦ ਸਨ ਤਾਂ ਇੱਕ ਪੁਲਿਸ ਅਧਿਕਾਰੀ ਨੇ ਮੁਸਕੜੀਂ ਜੁਆਬ ਦਿੰਦਿਆਂ ਆਖਿਆ, “ਮਾਸਟਰ ਜੀ ਅਸੀਂ ਤਾਂ ਤੁਹਾਡੀ ਜੇਲ ਯਾਤਰਾ ਵਾਸਤੇ ਵੀ ਬੱਸਾਂ ਅਤੇ ਰਾਤ ਦੇ ਲੰਗਰ ਦਾ ਪ੍ਰਬੰਧ ਕਰ ਕੇ ਆਏ ਹਾਂ” ਇਸ ਨਾਲ ਮਾਹੌਲ ਹੋਰ ਤਲਖੀ ਭਰਪੂਰ ਹੋ ਗਿਆ ।ਹਾਜਰ ਅਧਿਆਪਕਾਂ ਨੇ ਜੇਲ ਭਰਨ ਦੀ ਹਾਮੀ ਵਿੱਚ ਦੋਨੋਂ ਹੱਥ ਖੜ੍ਹੇ ਕੀਤੇ ਤਾਂ ਮੌਕੇ ਦੀ ਨਜਾਕਤ ਅਤੇ ਸੈਂਕੜੇ ਅਧਿਆਪਕਾਂ ਦੇ ਰੋਹ ਅੱਗੇ ਝੁਕਦਿਆਂ ਫੋਨ ਰਾਹੀ ਅਧਿਆਪਕ ਆਗੂਆਂ ਦੀ ਗੱਲਬਾਤ ਉੱਚ ਅਧਿਕਾਰੀਆਂ ਨਾਲ ਕਰਵਾਈ ਗਈ ਅਤੇ ਸਰਕਾਰ ਦੇ ਨੰੁਮਾਇੰਦੇ ਨੇ ਖੁਦ ਆ ਕੇ ਅਧਿਆਪਕਾਂ ਤੋਂ ਮੰਗ ਪੱਤਰ ਲੈਂਦਿਆਂ ਸਾਥੀਆ ਨੂੰ ਅਗਲੇ ਦਿਨ ਰਿਹਾਅ ਕਰਨ ਦੀ ਮੰਗ ਮੰਨੀ।ਅਧਿਕਾਰੀ ਦੇ ਲਿਖਤੀ ਭਰੋਸੇ ਨਾਲ ਸਾਡਾ ਰੋਸ ਧਰਨਾ ਦੇਰ ਰਾਤ ਸਮਾਪਤ ਹੋ ਗਿਆ ।
ਅੰਤ ਅਧਿਆਪਕ ਜਥੇਬੰਦੀਆਂ ਦੇ ਏਕੇ,ਭਰਾਤਰੀ ਸਾਂਝ,ਤਿੱਖੇ ਸ਼ੰਘਰਸ਼ ਅਤੇ ਲੋਕਪੱਖੀ ਵਿਚਾਰਧਾਰਾ ਨਾਲ ਲਬਰੇਜ ਜੁਝਾਰੂ ਆਗੂਆ ਦੀ ਅਗਵਾਈ ਸਦਕਾ ਸਾਥੀ ਅਧਿਆਪਕ ਆਗੂ ਹਰਦੇਵ ਮੁੱਲਾਂਪੁਰ ਸਾਥੀਆਂ ਸਮੇਤ “ਜੈ ਜਨਤਾ,ਜੈ ਸ਼ੰਘਰਸ” ਦੇ ਨਾਹਰੇ ਲਗਾਉਂਦਿਆਂ ਜੇਲ ਵਿੱਚੋਂ ਰਿਹਾਅ ਹੋਏ । ਕੁਝ ਕੁ ਅਰਸੇ ਉਪਰੰਤ ਅਧਿਆਪਕਾਂ ਦੀਆਂ ਹੱਕੀ ਮੰਗਾਂ ਖਾਤਰ ਹੋਏ ਤਿੱਖੇ ਘੋਲਾਂ ਸਦਕਾ ਸਰਕਾਰ ਅਧਿਆਪਕਾਂ ਦੀਆਂ ਸੇਵਾਵਾਂ ਵਿਭਾਗ ਵਿੱਚ ਰੈਗੂਲਰ ਵੀ ਕਰ ਦਿੱਤੀਆਂ ।
ਮਾ:ਹਰਭਿੰਦਰ ਮੁੱਲਾਂਪੁਰ
ਸੰਪਰਕ:95308-20106
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly