ਚੰਡੀਗੜ੍ਹ (ਸਮਾਜ ਵੀਕਲੀ): ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੀ ਅੱਜ ਸਿਸਵਾਂ ਫਾਰਮ ਹਾਊਸ ’ਚ ਮੀਟਿੰਗ ਹੋਈ। ਭਾਵੇਂ ਕਿ ਅਧਿਕਾਰਤ ਤੌਰ ’ਤੇ ਕਿਸੇ ਤਰ੍ਹਾਂ ਦੀ ਜਾਣਕਾਰੀ ਨਹੀਂ ਦਿੱਤੀ ਗਈ ਪਰ ਇਸ ਮੀਟਿੰਗ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਦੀ ਤਿਆਰੀ ਵਜੋਂ ਭਾਜਪਾ ਵੱਲੋਂ ਆਰੰਭੀ ਕਵਾਇਦ ਵਜੋਂ ਦੇਖਿਆ ਜਾ ਰਿਹਾ ਹੈ। ਇਸ ਮੀਟਿੰਗ ਨਾਲ ਭਾਜਪਾ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਗੱਠਜੋੜ ਹੋਰ ਅੱਗੇ ਵਧਿਆ ਹੈ।
ਵੇਰਵਿਆਂ ਮੁਤਾਬਕ ਇਸ ਮੀਟਿੰਗ ਦੌਰਾਨ ਸੂਬੇ ਦੀਆਂ ਆਗਾਮੀ ਚੋਣਾਂ ਨੂੰ ਲੈ ਕੇ ਸੰਭਾਵੀ ਗੱਠਜੋੜ ਦੇ ਮੁੱਦੇ ’ਤੇ ਭਾਜਪਾ ਆਗੂ ਤੇ ਸਾਬਕਾ ਮੁੱਖ ਮੰਤਰੀ ਦਰਮਿਆਨ ਵਿਚਾਰ ਚਰਚਾ ਹੋਈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕੈਪਟਨ ਤੇ ਢੀਂਡਸਾ ਧੜੇ ਨਾਲ ਐਲਾਨੇ ਸੰਭਾਵੀ ਗੱਠਜੋੜ ਤੋਂ ਬਾਅਦ ਭਾਜਪਾ ਆਗੂ ਤੇ ਸਾਬਕਾ ਮੁੱਖ ਮੰਤਰੀ ਦਰਮਿਆਨ ਪੰਜਾਬ ’ਚ ਇਹ ਪਹਿਲੀ ਮੀਟਿੰਗ ਹੋਈ ਹੈ। ਇਸੇ ਦੌਰਾਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਜੈ ਮਾਕਨ ਨੂੰ ਪੰਜਾਬ ਵਿਚ ਸਕਰੀਨਿੰਗ ਕਮੇਟੀ ਦਾ ਚੇਅਰਮੈਨ ਬਣਾਏ ਜਾਣ ’ਤੇ ਕਾਂਗਰਸ ਹਾਈਕਮਾਂਡ ਨੂੰ ਘੇਰਿਆ। ਅਮਰਿੰਦਰ ਨੇ ਕਿਹਾ ਕਿ ਅਜੈ ਮਾਕਨ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮੁਲਜ਼ਮ ਲਲਿਤ ਮਾਕਨ ਦਾ ਭਤੀਜਾ ਹੈ, ਜਿਸ ਨੂੰ ਚੇਅਰਮੈਨ ਬਣਾ ਕੇ ਕਾਂਗਰਸ ਨੇ ਪੰਜਾਬੀਆਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ ਹੈ।
ਉਨ੍ਹਾਂ ਕਿਹਾ ਕਿ ਜਿਸ ਅਜੈ ਮਾਕਨ ਦੀ ਅਗਵਾਈ ਹੇਠ ਕਾਂਗਰਸ ਦਿੱਲੀ ਵਿੱਚ ਚੋਣਾਂ ਹਾਰਦੀ ਰਹੀ ਹੈ, ਉਸ ਨੂੰ ਪੰਜਾਬ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਤੋਂ ਕਾਂਗਰਸ ਦੀ ਹਾਲਤ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਜਿੱਥੇ ਕੇਂਦਰ ਸਰਕਾਰ ਇਕ ਗੁਨਾਹਗਾਰ ਸੱਜਣ ਕੁਮਾਰ ਨੂੰ ਸਜ਼ਾ ਦੇਣ ਵੱਲ ਵਧ ਰਹੀ ਹੈ, ਤਾਂ ਦੂਜੇ ਪਾਸੇ ਕਾਂਗਰਸ ਮਾਕਨਾਂ ਨੂੰ ਪੁਰਸਕਾਰ ਦੇ ਰਹੀ ਹੈ। ਕੈਪਟਨ ਨੇ ਕਿਹਾ ਕਿ ਮਾਕਨ ਸਕਰੀਨਿੰਗ ਕਮੇਟੀ ਦੇ ਮੁਖੀ ਬਣਨ ਦੇ ਯੋਗ ਨਹੀਂ ਹਨ, ਜਿਸ ਵਿੱਚ ਅੰਬਿਕਾ ਸੋਨੀ ਅਤੇ ਸੁਨੀਲ ਜਾਖੜ ਵਰਗੇ ਸੀਨੀਅਰ ਆਗੂਆਂ ਨੂੰ ਉਨ੍ਹਾਂ ਦੇ ਅਧੀਨ ਰੱਖਿਆ ਗਿਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly