ਚੰਡੀਗੜ੍ਹ (ਸਮਾਜ ਵੀਕਲੀ): ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਆਪਣੀ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਦੇ ਮੁੱਖ ਦਫ਼ਤਰ ਦਾ ਉਦਘਾਟਨ ਕਰਨ ਮਗਰੋਂ ਦਾਅਵਾ ਕੀਤਾ ਕਿ ਉਹ ਪੰਜਾਬ ’ਚ ਭਾਜਪਾ ਤੇ ਢੀਂਡਸਾ ਧੜੇ ਨਾਲ ਗੱਠਜੋੜ ਕਰਕੇ ਅਗਲੀ ਸਰਕਾਰ ਬਣਾਉਣਗੇ| ਉਨ੍ਹਾਂ ਕਿਹਾ ਕਿ ਗੱਠਜੋੜ ਬਾਰੇ ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਨਾਲ ਗੱਲਬਾਤ ਹੋ ਚੁੱਕੀ ਹੈ ਅਤੇ ਹੁਣ ਉਹ ਭਾਜਪਾ ਦੇ ਹੋਰਨਾਂ ਲੀਡਰਾਂ ਨਾਲ ਮੁਲਾਕਾਤ ਕਰਨਗੇ| ਉਨ੍ਹਾਂ ਕਿਹਾ ਕਿ ਅਗਲੀਆਂ ਚੋਣਾਂ ਵਿਚ ਤਜਰਬੇਕਾਰਾਂ ਨੂੰ ਟਿਕਟਾਂ ਦਿੱਤੀ ਜਾਵੇਗੀ| ਅਮਰਿੰਦਰ ਨੇ ਕਿਹਾ ਕਿ ਭਾਵੇਂ ਸੀਟਾਂ ਬਾਰੇ ਗੱਲਬਾਤ ਹੋਣੀ ਬਾਕੀ ਹੈ ਪਰ ਉਨ੍ਹਾਂ ਦੀ ਸਮਝ ਹੈ ਕਿ ਜਿਸ ਪਾਰਟੀ ਦਾ ਜੋ ਜਿੱਤਣ ਵਾਲਾ ਹੋਵੇਗਾ, ਉਸ ਨੂੰ ਹੀ ਟਿਕਟ ਦਿੱਤੀ ਜਾਵੇਗੀ|
ਉਨ੍ਹਾਂ ਦਾਅਵੇ ਨਾਲ ਕਿਹਾ ਕਿ ਚੋਣਾਂ ਤਾਂ ਉਹ ਜਿੱਤਣਗੇ ਕਿਉਂਕਿ ਸ਼ਹਿਰੀ ਅਤੇ ਪੇਂਡੂ ਵੋਟਰਾਂ ਨੂੰ ਲੈ ਕੇ ਗੱਠਜੋੜ ਲਈ ਚੰਗੀ ਰਿਪੋਰਟ ਸਾਹਮਣੇ ਆ ਰਹੀ ਹੈ| ਉਨ੍ਹਾਂ ਇਹ ਵੀ ਕਿਹਾ ਕਿ ਚੋਣ ਜ਼ਾਬਤਾ ਲੱਗਣ ਮਗਰੋਂ ਉਨ੍ਹਾਂ ਨਾਲ ਕਾਂਗਰਸੀ ਲੀਡਰ ਆਉਣਗੇ| ਹਾਲੇ ਉਹ ਖੁਲਾਸਾ ਨਹੀਂ ਕਰਨਗੇ ਕਿ ਕਿੰਨੇ ਕਾਂਗਰਸੀ ਲੀਡਰ ਉਨ੍ਹਾਂ ਦੇ ਨਾਲ ਹਨ| ਅਮਰਿੰਦਰ ਨੇ ਕਿਹਾ ਕਿ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ਦਸ ਦਿਨਾਂ ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਜ਼ਿਲ੍ਹਿਆਂ ਵਿਚ ਢਾਂਚਾ ਖੜ੍ਹਾ ਕੀਤਾ ਜਾ ਰਿਹਾ ਹੈ| ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਵਿਚ ਕਾਂਗਰਸੀ ਮੈਨੀਫੈਸਟੋ ਦੇ 92 ਫੀਸਦੀ ਵਾਅਦੇ ਤਾਂ ਉਨ੍ਹਾਂ ਨੇ ਹੀ ਪੂਰੇ ਕੀਤੇ ਹਨ| ਉਨ੍ਹਾਂ ਨੂੰ ਤਾਂ ਕਾਂਗਰਸ ਸਰਕਾਰ ਦੇ ਇਸ਼ਤਿਹਾਰ ਦੇਖ ਕੇ ਹੈਰਾਨੀ ਹੁੰਦੀ ਹੈ ਜੋ ਮਹਿਜ਼ ਡਰਾਮਾ ਹਨ| ਉਨ੍ਹਾਂ ਕਿਹਾ ਕਿ ਪੰਜਾਬ ਵਿਚ ਦੋ ਮਹੀਨਿਆਂ ਵਿਚ ਹੀ ਭ੍ਰਿਸ਼ਟਾਚਾਰ ਵਧ ਗਿਆ ਹੈ| ਉਨ੍ਹਾਂ ਚੰਨੀ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਹੁਣ ਤਾਂ ਉਹ ਤਿੰਨ ਮਹੀਨਿਆਂ ਤੋਂ ਬੈਠੇ ਹਨ, ਐੱਸ.ਟੀ.ਐਫ ਦੀ ਰਿਪੋਰਟ ਅਦਾਲਤ ਵਿਚ ਖੁੱਲ੍ਹਵਾ ਲੈਣ, ਕੌਣ ਉਨ੍ਹਾਂ ਨੂੰ ਰੋਕ ਰਿਹਾ ਹੈ|
ਅਮਰਿੰਦਰ ਸਿੰਘ ਨੇ ‘ਆਪ’ ਬਾਰੇ ਕਿਹਾ ਕਿ ਅਗਰ ਪਾਰਟੀ ਆਪਣੀ ਸਥਿਤੀ ਮਜ਼ਬੂਤ ਦੱਸ ਰਹੀ ਹੈ ਤਾਂ ਉਨ੍ਹਾਂ ਦੇ ਵਿਧਾਇਕ ਮੈਦਾਨ ਛੱਡ ਕੇ ਕਿਉਂ ਭੱਜ ਰਹੇ ਹਨ| ਉਨ੍ਹਾਂ ਇਹ ਵੀ ਕਿਹਾ ਤਿੰਨ ਕਾਨੂੰਨ ਰੱਦ ਹੋ ਚੁੱਕੇ ਹਨ ਅਤੇ ਐਮ.ਐੱਸ.ਪੀ ਦੇ ਮਾਮਲੇ ’ਤੇ ਕਮੇਟੀ ਬਣ ਰਹੀ ਹੈ, ਬਕਾਇਆ ਮਸਲੇ ਵੀ ਹੱਲ ਕੀਤੇ ਜਾ ਰਹੇ ਹਨ| ਇਸੇ ਦੌਰਾਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ’ਚੋਂ ਸਿਰਫ ਅਮਰਿੰਦਰ ਸਿੰਘ ਹੀ ਅਗਲੀ ਚੋਣ ਲੜਣਗੇ| ਉਨ੍ਹਾਂ ਖੁਦ ਚੋਣ ਲੜਨ ਤੋਂ ਇਨਕਾਰ ਕੀਤਾ|
ਕੈਪਟਨ ਨਾਲ ਨਜ਼ਰ ਨਹੀਂ ਆਇਆ ਕੋਈ ਵੱਡਾ ਚਿਹਰਾ
ਅੱਜ ਮੁੱਖ ਦਫ਼ਤਰ ਖੋਲ੍ਹੇ ਜਾਣ ਸਮੇਂ ਕੈਪਟਨ ਅਮਰਿੰਦਰ ਸਿੰਘ ਨਾਲ ਕਾਂਗਰਸ ਪਾਰਟੀ ’ਚੋਂ ਆਇਆ ਕੋਈ ਵੱਡਾ ਚਿਹਰਾ ਨਹੀਂ ਦਿਖਿਆ| ਕੋਈ ਸਾਬਕਾ ਵਿਧਾਇਕ ਜਾਂ ਮੰਤਰੀ ਵੀ ਨਹੀਂ ਆਇਆ| ਰਣਇੰਦਰ ਸਿੰਘ ਤੋਂ ਇਲਾਵਾ ਅਮਰਿੰਦਰ ਸਿੰਘ ਦੀ ਬੇਟੀ ਵੀ ਮੌਕੇ ’ਤੇ ਹਾਜ਼ਰ ਸਨ| ਅਮਰਿੰਦਰ ਸਿੰਘ ਵੱਲੋਂ ਇੱਥੇ 9 ਸੈਕਟਰ ਵਿਚ ਆਪਣਾ ਦਫ਼ਤਰ ਖੋਲ੍ਹਿਆ ਗਿਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly