- ਇਸ਼ਾਰੇ ਦੇ ਬਾਵਜੂਦ ਵਾਹਨ ਨਾ ਰੁਕਣ ਤੇ ਗਲਤ ਪਛਾਣ ਕਾਰਨ ਫ਼ੌਜ ਨੂੰ ਚਲਾਉਣੀ ਪਈ ਗੋਲੀ
- ‘ਸਿਟ’ ਮਾਮਲੇ ਦੀ ਇਕ ਮਹੀਨੇ ’ਚ ਜਾਂਚ ਕਰੇਗੀ ਮੁਕੰਮਲ
ਨਵੀਂ ਦਿੱਲੀ (ਸਮਾਜ ਵੀਕਲੀ): ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਾਗਾਲੈਂਡ ਵਿਚ ਫ਼ੌਜ ਵੱਲੋਂ ਕੀਤੀ ਫਾਇਰਿੰਗ ਦੀ ਘਟਨਾ ’ਤੇ ਅੱਜ ਲੋਕ ਸਭਾ ’ਚ ਅਫ਼ਸੋਸ ਜ਼ਾਹਿਰ ਕੀਤਾ। ਜ਼ਿਕਰਯੋਗ ਹੈ ਕਿ ਗਲਤ ਪਛਾਣ ਕਾਰਨ ਹੋਈ ਗੋਲੀਬਾਰੀ ਤੇ ਮਗਰੋਂ ਹੋਈ ਹਿੰਸਾ ’ਚ 14 ਆਮ ਨਾਗਰਿਕ ਮਾਰੇ ਗਏ ਸਨ। ਇਕ ਸੈਨਿਕ ਦੀ ਵੀ ਮੌਤ ਹੋ ਗਈ ਸੀ। ਸ਼ਾਹ ਨੇ ਕਿਹਾ ਕਿ ਇਕ ਵਿਸ਼ੇਸ਼ ਜਾਂਚ ਟੀਮ (ਸਿਟ) ਇਸ ਮਾਮਲੇ ਦੀ ਜਾਂਚ ਇਕ ਮਹੀਨੇ ’ਚ ਮੁਕੰਮਲ ਕਰੇਗੀ ਤੇ ਸਾਰੀਆਂ ਏਜੰਸੀਆਂ ਇਹ ਯਕੀਨੀ ਬਣਾਉਣਗੀਆਂ ਕਿ ਅਤਿਵਾਦੀਆਂ ਖ਼ਿਲਾਫ਼ ਕਾਰਵਾਈ ਦੌਰਾਨ ਅਜਿਹੀਆਂ ਘਟਨਾਵਾਂ ਮੁੜ ਨਾ ਵਾਪਰਨ। ਲੋਕ ਸਭਾ ਵਿਚ ਬਿਆਨ ਦਿੰਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਸਰਕਾਰ ਸਥਿਤੀ ’ਤੇ ਲਗਾਤਾਰ ਨਜ਼ਰ ਰੱਖ ਰਹੀ ਹੈ ਤੇ ਇਲਾਕੇ ਵਿਚ ਸ਼ਾਂਤੀ-ਸਥਿਰਤਾ ਕਾਇਮ ਰੱਖਣ ਲਈ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ।
ਸੂਬਾਈ ਪ੍ਰਸ਼ਾਸਨ ਨੇ ਸਾਵਧਾਨੀ ਵਰਤਦਿਆਂ ਪ੍ਰਭਾਵਿਤ ਇਲਾਕਿਆਂ ਵਿਚ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਸ਼ਾਹ ਨੇ ਇਸ ਮੌਕੇ ਪੀੜਤ ਪਰਿਵਾਰਾਂ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ। ਜ਼ਿਕਰਯੋਗ ਹੈ ਕਿ ਚਾਰ ਦਸੰਬਰ ਨੂੰ ਵਾਪਰੀ ਇਹ ਘਟਨਾ ਗਲਤ ਪਛਾਣ ਦਾ ਮਾਮਲਾ ਸੀ ਤੇ ਸੈਨਾ ਨੇ ਖਾਣ ਵਰਕਰਾਂ ਨੂੰ ਅਤਿਵਾਦੀ ਸਮਝ ਲਿਆ ਸੀ। ਅਤਿਵਾਦੀਆਂ ਦੀ ਇਸ ਇਲਾਕੇ ਵਿਚ ਗਤੀਵਿਧੀ ਬਾਰੇ ਫ਼ੌਜ ਨੂੰ ਖ਼ੁਫ਼ੀਆ ਜਾਣਕਾਰੀ ਮਿਲੀ ਸੀ। ਗ੍ਰਹਿ ਮੰਤਰੀ ਨੇ ਕਿਹਾ ‘ਭਾਰਤ ਸਰਕਾਰ ਨੂੰ ਨਾਗਾਲੈਂਡ ਵਿਚ ਵਾਪਰੀ ਮੰਦਭਾਗੀ ਘਟਨਾ ’ਤੇ ਗਹਿਰਾ ਅਫ਼ਸੋਸ ਹੈ ਤੇ ਜਿਨ੍ਹਾਂ ਦੀ ਜਾਨ ਗਈ ਹੈ, ਸਰਕਾਰ ਉਨ੍ਹਾਂ ਦੇ ਪਰਿਵਾਰਾਂ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕਰਦੀ ਹੈ।’
ਨਾਗਾਲੈਂਡ ਦੇ ਮੋਨ ਜ਼ਿਲ੍ਹੇ ਵਿਚ ਵਾਪਰੀ ਘਟਨਾ ’ਚ 11 ਜਣੇ ਜ਼ਖ਼ਮੀ ਵੀ ਹੋਏ ਸਨ। ਸ਼ਾਹ ਨੇ ਘਟਨਾ ਦੇ ਵੇਰਵੇ ਸਾਂਝੇ ਕਰਦਿਆ ਕਿਹਾ ਕਿ ਫ਼ੌਜ ਨੂੰ ਅਤਿਵਾਦੀਆਂ ਦੀ ਇਲਾਕੇ ਵਿਚ ਮੌਜੂਦਗੀ ਬਾਰੇ ਸੂਚਨਾ ਮਿਲੀ ਸੀ। ਕਾਰਵਾਈ ਕਰਦਿਆਂ ਫ਼ੌਜ ਦੀ ‘21 ਪੈਰਾ ਕਮਾਂਡੋ’ ਯੂਨਿਟ ਨੂੰ ਤਾਇਨਾਤ ਕੀਤਾ ਗਿਆ ਸੀ। ਇਕ ਵਾਹਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਪਰ ਇਹ ਤੇਜ਼ ਹੋ ਗਿਆ ਤੇ ਨਹੀਂ ਰੁਕਿਆ। ਵਾਹਨ ਵਿਚ ਅਤਿਵਾਦੀਆਂ ਦੇ ਹੋਣ ਦੇ ਸ਼ੱਕ ’ਚ ਸੁਰੱਖਿਆ ਬਲਾਂ ਨੇ ਗੋਲੀ ਚਲਾ ਦਿੱਤੀ। ਗੱਡੀ ਵਿਚ ਸਵਾਰ 8 ਜਣਿਆਂ ਵਿਚੋਂ ਛੇ ਜਣੇ ਮੌਕੇ ਉਤੇ ਹੀ ਮਾਰੇ ਗਏ।
ਬਾਅਦ ਵਿਚ ਇਹ ਮਾਮਲਾ ‘ਗਲਤ ਪਛਾਣ ਕਰਨ ਦਾ ਨਿਕਲਿਆ।’ ਫ਼ੌਜ ਨੇ ਦੋ ਜ਼ਖ਼ਮੀ ਨਾਗਰਿਕ ਨੂੰ ਮਗਰੋਂ ਹਸਪਤਾਲ ਦਾਖਲ ਕਰਾਇਆ। ਉਨ੍ਹਾਂ ਕਿਹਾ ਕਿ ਸਥਾਨਕ ਲੋਕਾਂ ਨੂੰ ਜਦ ਗੋਲੀਬਾਰੀ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਫ਼ੌਜ ਦੇ ਵਾਹਨਾਂ ਨੂੰ ਘੇਰ ਕੇ ਹੱਲਾ ਬੋਲ ਦਿੱਤਾ। ਇਸ ਹਿੰਸਾ ਵਿਚ ਇਕ ਸੈਨਿਕ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖ਼ਮੀ ਹੋ ਗਏ। ਸ਼ਾਹ ਨੇ ਕਿਹਾ ਕਿ ਆਤਮ ਰੱਖਿਆ ਲਈ ਤੇ ਭੀੜ ਨੂੰ ਖਿੰਡਾਉਣ ਲਈ ਫ਼ੌਜੀਆਂ ਨੂੰ ਗੋਲੀ ਚਲਾਉਣੀ ਪਈ ਜਿਸ ਵਿਚ ਸੱਤ ਹੋਰ ਨਾਗਰਿਕਾਂ ਦੀ ਮੌਤ ਹੋ ਗਈ। ਗ੍ਰਹਿ ਮੰਤਰੀ ਨੇ ਕਿਹਾ ਕਿ ਐਤਵਾਰ ਸਵੇਰੇ ਗੁੱਸੇ ਵਿਚ ਆਈ ਭੀੜ ਨੇ ਅਸਾਮ ਰਾਈਫਲਜ਼ ਕੰਪਨੀ ਦੇ ਕੈਂਪ ਨੂੰ ਘੇਰ ਲਿਆ ਤੇ ਫ਼ੌਜ ਨੂੰ ਗੋਲੀ ਚਲਾਉਣੀ ਪੈ ਗਈ। ਇਸ ਵਿਚ ਇਕ ਹੋਰ ਨਾਗਰਿਕ ਦੀ ਮੌਤ ਹੋ ਗਈ। ਸ਼ਾਹ ਨੇ ਕਿਹਾ ਕਿ ਫ਼ੌਜ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾ ਰਹੀ ਹੈ ਤੇ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਹੋਵੇਗੀ। ਕੇਂਦਰੀ ਗ੍ਰਹਿ ਮੰਤਰਾਲੇ ਨੇ ਵੀ ਵਧੀਕ ਸਕੱਤਰ (ਇੰਚਾਰਜ ਉੱਤਰ-ਪੂਰਬ) ਨੂੰ ਕੋਹਿਮਾ ਭੇਜਿਆ ਹੈ ਜਿੱਥੇ ਉਹ ਮੁੱਖ ਸਕੱਤਰ ਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਰਾਬਤਾ ਕਰ ਰਹੇ ਹਨ। ਆਮ ਵਾਂਗ ਸਥਿਤੀ ਬਹਾਲ ਕਰਨ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly