ਕਪੂਰਥਲਾ (ਸਮਾਜ ਵੀਕਲੀ) ( ਕੌੜਾ)--ਕਬੱਡੀ ਤੋਂ ਬਾਅਦ ਹਾਕੀ ਹੀ ਇਕ ਐਸੀ ਖੇਡ ਹੈ ਜਿਸ ਨੂੰ ਪੰਜਾਬੀਆਂ ਨੇ ਰੱਜ ਕੇ ਪਿਆਰ ਕੀਤਾ ਤੇ ਇਸਨੂੰ ਲੈ ਕੇ ਪੂਰੇ ਵਿਸ਼ਵ ਵਿਚ ਮੱਲਾਂ ਮਾਰੀਆਂ ਹਨ। ਜੂੜਿਆਂ ਉਤੇ ਰੁਮਾਲ ਬੰਨ੍ਹ ਕੇ ਅਤੇ ਹਾਕੀਆਂ ਹੱਥਾਂ ਚ ਫੜ੍ਹ ਕੇ ਪੰਜਾਬ ਦੀ ਟੀਮ ਦੇ ਖਿਡਾਰੀ ਜਦੋਂ ਖੇਡ ਮੈਦਾਨ ਵਿਚ ਨਿਤਰ ਪੈਂਦੇ ਹਨ ਤਾਂ ਵਿਰੋਧੀਆਂ ਨੂੰ ਪਸੀਨੇ ਆ ਜਾਂਦੇ ਹਨ। ਇਨਾਂ ਗੱਲਾਂ ਦਾ ਪ੍ਰਗਟਾਵਾ ‘ਸ਼ਹੀਦ ਊਧਮ ਸਿੰਘ ਲਾਇਬ੍ਰੇਰੀ ਟਿੱਬਾ’ ਵਿਖੇ ਪੁੱਜਣ ਵੇਲੇ ਸੁਰਜੀਤ ਸਿੰਘ ਟਿੱਬਾ ਨੇ ਕੀਤਾ । ਸੁਰਜੀਤ ਸਿੰਘ ਟਿੱਬਾ ਨੇ ਕਿਹਾ ਕਿ ਸਾਡੇ ਇਲਾਕੇ ਨੂੰ ਇਸ ਤਰਾਂ ਦੀ ਹਾਕੀ ਅਕਾਦਮੀ ਦੀ ਸਖਤ ਲੋੜ ਸੀ ਤੇ ਜਿਸ ਨੂੰ ਚਲਾਉਣਾ ਕੋਈ ਸੁਖਾਲਾ ਕੰਮ ਨਹੀਂ ਸੀ ਪਰ ਇਹ ਉਪਰਾਲਾ ਪਿੰਡ ਦੇ ਹੀ ਇਕ ਨੌਜਵਾਨ ਪਲਵਿੰਦਰ ਸਿੰਘ ਸੌਢੀ ਐਨ.ਆਰ.ਆਈ ਨੇ ਕੀਤਾ।
ਉਨ੍ਹਾਂ ਕਿਹਾ ਕਿ ਮੋਬਾਇਲ, ਟੀਵੀ ਦੇ ਯੁੱਗ ਚ ਖੇਡ ਮੈਦਾਨ ਵਿਚ ਖੇਡ ਰਹੇ ਛੋਟੇ ਬੱਚਿਆਂ ਨੂੰ ਦੇਖ ਕੇ ਦਿਲ ਖੁੱਸ਼ ਹੋ ਜਾਂਦਾ ਹੈ ਤੇ ਬੱਚੇ ਜੋ ਕਿ ਦਿਨੋ ਦਿਨ ਸਖਤ ਪੜ੍ਹਾਈ ਤੇ ਮੋਬਾਇਲ ਗੇਮਾਂ ਦੇ ਜਾਲ਼ ਵਿੱਚ ਫਸ ਕੇ ਰਹਿ ਗਏ ਹਨ ਦੀ ਸਰੀਰਿਕ ਸ਼ਕਤੀ ਅਜਾਈ ਹੀ ਜਾ ਰਹੀ ਸੀ ਤੇ ਉਹ ਆਏ ਦਿਨ ਮਾਨਸਿਕ ਰੋਗੀ ਬਣ ਰਹੇ ਸਨ ,ਪਰ ਇਸ ਉਦਮ ਨਾਲ ਉਹਨਾਂ ਨੂੰ ਕੋਈ ਮਕਸਦ ਮਿਲ ਗਿਆ ਹੈ ਤੇ ਹੁਣ ਇਹ ਬੱਚੇ ਆਪਣਾ ਤੇ ਇਲਾਕੇ ਦਾ ਨਾਮ ਰੋਸ਼ਨ ਕਰਨ ਦੇ ਸਮਰੱਥ ਹੋ ਸਕਦੇ ਹਨ।ਉਹਨਾਂ ਕਿਹਾ ਕਿ ਗੁਰਬਾਣੀ ਅਨੁਸਾਰ ‘ਨੱਚਣੁ ਕੁਦਣੁ ਮਨ ਕਾ ਚਾਉ’ ਤਹਿਤ ਖੇਡ ਨਾਲ ਪਿਆਰ ਮਨੁੱਖ ਦਾ ਬਹੁਤ ਪੁਰਾਣਾ ਹੈ ਤੇ ਸਦਾ ਰਹੇਗਾ।
ਉਹਨਾਂ ਹਾਜ਼ਰ ਬੱਚਿਆਂ ਨੂੰ ਜਿੰਦਗੀ ਚ ਕੁਝ ਕਰ ਗੁਜਰਨ ਲਈ ਪ੍ਰੇਰਿਆ ਤੇ ਨਾਲ ਹੀ ਮਾਨਸਿਕ ਸਿਹਤ ਨੂੰ ਵਧਾਉਣ ਲਈ ਸਾਹਤਿਕ ਕਿਤਾਬਾਂ ਨਾਲ ਸਾਂਝ ਪਾਉਣ ਲਈ ਕਿਹਾ।ਇਸ ਮੋਕੇ ਐਸ.ਡੀ.ਓ ਟਿੱਬਾ ਸੁਖਦੇਵ ਸਿੰਘ ਤੇ ਅਮਰਜੀਤ ਸਿੰਘ ਸਾਬਕਾ ਜੇ.ਈ ਨੇ ਕਿਹਾ ਕਿ ਬੱਚਿਆਂ ਨੂੰ ਕਿਰਿਆਤਮਕ ਵਾਲੇ ਪਾਸੇ ਲਾਉਣਾ ਬਹੁਤ ਚੰਗਾ ਹੈ ਤੇ ਇਸ ਇਲਾਕੇ ਚ ਹਾਕੀ ਅਕਾਦਮੀ ਖੋਲਣੀ ਸ਼ਲਾਘਾਯੋਗ ਉਪਰਾਲਾ ਹੈ, ਜਿਸ ਲਈ ਸਕੂਲ ਪ੍ਰਿੰਸੀਪਲ, ਸਟਾਫ ਤੇ ਅਕਾਦਮੀ ਦੀ ਪੂਰੀ ਟੀਮ ਵਧਾਈ ਦੀ ਪਾਤਰ ਹੈ।
ਇਸ ਉਪਰੰਤ ਮਾ.ਜਸਵਿੰਦਰ ਸਿੰਘ,ਮਾ.ਮਨਪ੍ਰੀਤ ਸਿੰਘ,ਮਦਲ ਲਾਲ,ਡਾ.ਸਤਬੀਰ ਸਿੰਘ,ਸੁਰਜੀਤ ਸਿੰਘ ਟਿੱਬਾ ਜਥੇਬੰਦਕ ਮੁਖੀ ਤਰਕਸ਼ੀਲ ਸੁਸਾਇਟੀ ਪੰਜਾਬ (ਜੋਨ ਜਲੰਧਰ) ਨੇ ਬੱਚਿਆਂ ਨੂੰ ਪਿਆਰ ਦਿੱਤਾ ਤੇ ‘ਸ਼ਹੀਦ ਊਧਮ ਸਿੰਘ ਲਾਇਬ੍ਰੇਰੀ ਟਿੱਬਾ’ ਵੱਲੋਂ ਅਕਾਦਮੀ ਨੂੰ 11000 ਰੁਪਏ ਦੀ ਆਰਥਿਕ ਮਦਦ ਦਿੱਤੀ ਗਈ ਤੇ ਹੋਰ ਹਰ ਤਰਾਂ ਦੀ ਮਦਦ ਦਾ ਭਰੋਸਾ ਵੀ ਦਿਵਾਇਆ।ਇਸ ਤੋਂ ਪਹਿਲਾਂ ਪਲਵਿੰਦਰ ਸਿੰਘ ਸੋਢੀ ਨੇ ਲਾਇਬ੍ਰੇਰੀ ਦੇ ਮੈਂਬਰਾਂ ਨੂੰ ਜੀ ਆਇਆ ਆਖਿਆ ਤੇ ਅਕਾਦਮੀ ਬੱਚਿਆਂ ਦੇ ਗਿਆਨ ਵਿਚ ਕਿਵੇਂ ਵਾਧਾ ਕਰ ਰਹੀ ਹੈ ਬਾਰੇ ਵਿਸਥਾਰ ਜਾਣਕਾਰੀ ਦਿੱਤੀ।
ਉਨਾਂ ਦੱਸਿਆ ਕਿ ਅਕਾਦਮੀ ਨੂੰ ਕੋਚ ਦੀ ਬਹੁਤ ਸਖਤ ਲੋੜ ਸੀ ਕਿਉਂਕਿ ਇਕ ਕੋਚ ਹੀ ਹੈ ਜੋ ਬੱਚਿਆਂ ਨੂੰ ਚੰਗੇ ਖਿਡਾਰੀ ਵਿੱਚ ਢਾਲ ਸਕਦਾ ਹੈ ਤੇ ਪਿਛਲੇ ਕੁਝ ਦਿਨਾਂ ਤੋਂ ਆਰਸੀਐਫ ਤੋਂ ਸਤਵੰਤ ਸਿੰਘ ਬਤੌਰ ਕੋਚ ਇਹ ਸੇਵਾਵਾਂ ਨਿਭਾਅ ਰਹੇ ਹਨ ਜਿਨਾਂ ਦਾ ਸਾਡੀ ਹਾਕੀ ਅਕਾਦਮੀ ਤਹਿ ਦਿਲੋਂ ਧੰਨਵਾਦ ਕਰਦੀ ਹੈ। ਇਸ ਮੌਕੇ ਉਤੇ ਹੋਰਨਾਂ ਤੋਂ ਇਲਾਵਾ ਕੋਚ ਕੁਲਬੀਰ ਸਿੰਘ ਕਾਲੀ ਪੀਟੀਆਈ, ਅਜੀਤਪਾਲ ਸਿੰਘ ਪੀਟੀਆਈ, ਗੁਰਨਾਮ ਸਿੰਘ ਟੋਡਰਵਾਲ ਸਾਬਕਾ ਏਈਓ, ਮਾ.ਜਸਵਿੰਦਰ ਸਿੰਘ ਭਗਤ, ਲਖਵਿੰਦਰ ਸਿੰਘ ਸੋਨਾ, ਹਰਜਿੰਦਰ ਸਿੰਘ, ਮਨਜਿੰਦਰ ਸਿੰਘ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly