ਪਟਿਆਲਾ ’ਚ ਪੁਲੀਸ ਨੇ ਜਬਰੀ ਚੁਕਵਾਇਆ ਨਰਸਾਂ ਦਾ ਧਰਨਾ

ਪਟਿਆਲਾ (ਸਮਾਜ ਵੀਕਲੀ): ਆਪਣੀਆਂ ਸੇਵਾਵਾਂ ਦੀ ਬਹਾਲੀ ਲਈ ਇਥੇ ਰਾਜਿੰਦਰਾ ਹਸਪਤਾਲ ਦੇ ਬਾਹਰ ਨੈਸ਼ਨਲ ਹਾਈਵੇਅ ’ਤੇ ਸ਼ੁੱਕਰਵਾਰ ਤੋਂ ਧਰਨਾ ਮਾਰ ਕੇ ਬੈਠੇ ਨਰਸਾਂ, ਪੈਰਾਮੈਡੀਕਲ ਸਟਾਫ਼ ਅਤੇ ਚੌਥਾ ਦਰਜਾ ਮੁਲਾਜ਼ਮਾਂ ਨੂੰ ਪੁਲੀਸ ਜਬਰੀ ਚੁੱਕ ਕੇ ਲੈ ਗਈ। ਥਾਣਾ ਸਿਵਲ ਲਾਈਨ ਪੁਲੀਸ ਨੇ ਨਰਸਾਂ ਸਮੇਤ 250 ਪ੍ਰਦਰਸ਼ਨਕਾਰੀਆਂ ਖਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ  ਕੀਤਾ  ਹੈ। ਇਸ ਦੌਰਾਨ ਮੁਲਾਜ਼ਮਾਂ ਅਤੇ ਪੁਲੀਸ ਦਰਮਿਆਨ ਝੜਪਾਂ ਅਤੇ ਧੱਕਾ-ਮੁੱਕੀ ਵੀ ਹੋਈ ਜਿਸ ਕਾਰਨ ਕਈ ਨਰਸਾਂ ਦੀ ਹਾਲਤ ਵਿਗੜ ਗਈ ਅਤੇ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ। ਇਕ ਮਹਿਲਾ ਸਬ-ਇੰਸਪੈਕਟਰ ਸਮੇਤ ਅੱਧੀ ਦਰਜਨ ਮਹਿਲਾ ਪੁਲੀਸ ਮੁਲਾਜ਼ਮ ਵੀ ਫੱਟੜ ਹੋਈਆਂ ਹਨ। ਧਰਨੇ ’ਤੇ ਡਟੇ ਰਹਿਣ ਲਈ ਬਜ਼ਿਦ ਨਰਸਿੰਗ ਸਟਾਫ਼  ਨੂੰ ਤਾਂ ਪੁਲੀਸ ਨੇ ਧੂਹ-ਧੂਹ ਕੇ ਬੱਸਾਂ ’ਚ ਲੱਦਿਆ।

ਖਿੱਚ-ਧੂਹ ਕਰਨ ਵਾਲੀ ਇੱਕ ਮਹਿਲਾ ਪੁਲੀਸ ਮੁਲਾਜ਼ਮ ਨੂੰ ਤਾਂ ਇੱਕ ਨਰਸ ਨੇ ਧੱਕਾ ਮਾਰ ਕੇ ਸੜਕ ’ਤੇ ਗੋਡਿਆਂ ਭਾਰ ਸੁੱਟ  ਦਿੱਤਾ। ਇਸ ਮਗਰੋਂ ਨਰਸਾਂ ਅਤੇ ਮਹਿਲਾ ਪੁਲੀਸ ਮੁਲਾਜ਼ਮਾਂ ਦਰਮਿਆਨ ਤਿੱਖੀ ਝੜਪ ਹੋਈ। ਨਰਸਿੰਗ ਸਟਾਫ ਨੇ ਪੁਲੀਸ ਮੁਲਾਜ਼ਮਾਂ ’ਤੇ ਮੰਦਾ ਬੋਲਣ ਅਤੇ ਧੂਹ ਕੇ ਲਿਜਾਣ ਦੇ ਦੋਸ਼ ਲਾਉਂਦਿਆਂ ਚੋਣਾਂ ਦੌਰਾਨ ਕਾਂਗਰਸ ਸਰਕਾਰ ਖ਼ਿਲਾਫ਼ ਪ੍ਰਚਾਰ ਕਰਨ ਦਾ ਐਲਾਨ ਵੀ ਕੀਤਾ। ਜ਼ਿਕਰਯੋਗ ਹੈ ਕਿ ਕਰੋਨਾ ਕਾਲ ਦੌਰਾਨ ਭਰਤੀ ਕੀਤੇ ਗਏ ਸਿਹਤ ਮੁਲਾਜ਼ਮਾਂ ਵਿਚੋਂ  1822 ਨੂੰ 30 ਸਤੰਬਰ ਨੂੰ ਹਟਾ ਦਿੱਤਾ ਗਿਆ ਸੀ। ਸਰਕਾਰ ਦਾ ਤਰਕ ਹੈ ਕਿ ਆਰਜ਼ੀ  ਤੌਰ ’ਤੇ ਇਹ ਭਰਤੀ ਕਰੋਨਾ ਕਰਕੇ ਹੀ  ਕੀਤੀ ਗਈ ਸੀ  ਤੇ ਹੁਣ ਕਰੋਨਾ ’ਤੇ ਕਾਬੂ ਪਾ  ਲਿਆ ਗਿਆ ਹੈ। ਪਰ ਹਟਾਏ ਗਏ ਮੁਲਾਜ਼ਮਾਂ ਦਾ ਕਹਿਣਾ ਹੈ ਕਿ  ਉਹ ਜਾਨ ਜੋਖਮ ’ਚ ਪਾ ਕੇ ਦਿਨ-ਰਾਤ ਮੌਤ ਦੇ ਮੂੰਹ ’ਚ ਰਹਿ ਕੇ ਡਿਊਟੀਆਂ ਦਿੰਦੇ ਰਹੇ ਹਨ। ਉਹ ਖਤਮ ਕੀਤੀਆਂ  ਗਈਆਂ  ਸੇਵਾਵਾਂ ਦੀ ਬਹਾਲੀ ਕਰਕੇ ਖਾਲੀ ਪਈਆਂ ਹੋਰ ਅਸਾਮੀਆਂ ’ਤੇ ਕੰਮ  ਲੈਣ ਦੀ ਮੰਗ ਕਰ ਰਹੇ ਹਨ।

ਮੁਲਾਜ਼ਮਾਂ ਦੇ ਇਸ ਸੰਘਰਸ਼ ਦੀ ਅਗਵਾਈ ਗਗਨਦੀਪ ਕੌਰ ਸਰਹਿੰਦ, ਗਗਨਦੀਪ ਕੌਰ, ਬਿਮਲਾ ਰਾਣੀ ਤੇ ਰਿੰਕੇਸ਼ ਕੁਮਾਰ ਆਦਿ ਵੱਲੋਂ ਕੀਤੀ  ਜਾ  ਰਹੀ ਹੈ। ਉਨ੍ਹਾਂ ਨੂੰ  ਮੁਲਾਜ਼ਮ ਆਗੂ ਦਰਸ਼ਨ ਸਿੰਘ ਲੁਬਾਣਾ, ਰਾਮ ਕਿਸ਼ਨ, ਸਵਰਨ ਸਿੰਘ ਬੰਗਾ  ਸਮੇਤ  ਕਈ ਹੋਰਾਂ ਦੀ ਹਮਾਇਤ ਵੀ ਹਾਸਲ ਹੈ। ਇਸੇ ਦੌਰਾਨ ਸਿਹਤ ਮੁਲਾਜ਼ਮਾ ਵਲੋਂ ਪੁਲੀਸ ’ਤੇ ਲਾਏ ਗਏ ਧੱਕੇਸ਼ਾਹੀ ਕਰਨ ਦੇ ਦੋਸ਼ਾਂ ਨੂੰ ਐੱਸਪੀ ਸਿਟੀ ਹਰਪਾਲ ਸਿੰਘ ਨੇ ਮੁੱਢ ਤੋਂ ਹੀ ਨਕਾਰ  ਦਿੱਤਾ। ਐੱਸਪੀ  ਨੇ ਉਲਟਾ ਸਿਹਤ ਮੁਲਾਜ਼ਮਾਂ ’ਤੇ ਪੁਲੀਸ ਮੁਲਾਜ਼ਮਾਂ ਦੀਆਂ ਵਰਦੀਆਂ  ਪਾੜਨ ਸਮੇਤ ਕੁਝ ਹੋਰਾਂ ਨਾਲ ਧੱਕਾ-ਮੁੱਕੀ  ਕਰਦਿਆਂ ਉਨ੍ਹਾਂ ਨੂੰ ਫੱਟੜ ਕਰਨ ਦੇ ਦੋਸ਼ ਲਾਏ ਹਨ। ਬਾਅਦ ਿਵੱਚ ਥਾਣਾ ਸਿਵਲ ਲਾਈਨ ਪੁਲੀਸ ਨੇ ਨਰਸਾਂ ਸਮੇਤ 250 ਪ੍ਰਦਰਸ਼ਨਕਾਰੀਆਂ ਖਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ  ਕੀਤਾ  ਹੈ।

ਸੂਤਰਾਂ ਮੁਤਾਬਕ ਉਨ੍ਹਾਂ ’ਤੇ ਸੜਕ ਆਵਾਜਾਈ ਰੋਕਣ ਸਮੇਤ ਪੁਲੀਸ ਦੀ ਡਿਊਟੀ ’ਚ ਵਿਘਨ ਪਾਉਣ, ਪੁਲੀਸ ਮੁਲਾਜ਼ਮਾਂ ਨੂੰ ਜ਼ਖ਼ਮੀ ਕਰਨ ਆਦਿ ਨੂੰ ਇਸ ਕੇਸ ਦਾ ਆਧਾਰ ਬਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਕੇਸ ’ਚ ਗਗਨ ਕੌਰ ਅਤੇ ਜਸਪ੍ਰੀਤ ਕੌਰ ਸਮੇਤ ਸੱਤ-ਅੱਠ ਪ੍ਰਦਰਸ਼ਨਕਾਰੀਆਂ ਦੇ ਬਕਾਇਦਾ ਨਾਮ ਸ਼ਾਮਲ ਕੀਤੇ ਗਏ ਹਨ ਜਦਕਿ ਬਾਕੀਆਂ  ਨੂੰ ਅਣਪਛਾਤਿਆਂ ਵਜੋਂ ਸ਼ਾਮਲ ਕੀਤਾ ਗਿਆ ਹੈ। ਇਹ  ਕੇਸ ਧਾਰਾ 283, 509  ਅਤੇ 8-ਬੀ ਨੈਸ਼ਨਲ ਹਾਈਵੇਅ ਐਕਟ ਤਹਿਤ ਦਰਜ  ਕੀਤਾ ਗਿਆ ਹੈ।  ਇਕ  ਪੁਲੀਸ ਅਧਿਕਾਰੀ ਨੇ ਤਾਂ ਕਈ ਪ੍ਰਦਰਸ਼ਨਕਾਰੀਆਂ ’ਤੇ ਪੁਲੀਸ ਮੁਲਾਜ਼ਮਾਂ ਦੇ  ਦੰਦੀਆਂ ਵੱਢਣ, ਲੱਤਾਂ ਮਾਰਨ, ਧੱਕੇ ਮਾਰਨ ਸਮੇਤ ਹਮਲਾ ਕਰਕੇ ਫੱਟੜ ਕਰਨ ਦੇ ਦੋਸ਼ ਵੀ  ਲਾਏ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੈਪਟਨ ਦੀ ਪਹਿਲਾਂ ਤੋਂ ਸੀ ਭਾਜਪਾ ਨਾਲ ਸਾਂਝ: ਚੰਨੀ
Next articleਕਿਸਾਨ ਤੇ ਰੈਗੂਲਰ ਨਰਸਾਂ ਹੱਕ ਿਵੱਚ ਨਿੱਤਰੀਆਂ