ਅਹਿਮਦਾਬਾਦ (ਸਮਾਜ ਵੀਕਲੀ) : ਜ਼ਿੰਬਾਬਵੇ ਤੋਂ ਪਰਤਿਆ ਗੁਜਰਾਤ ਦੇ ਜਾਮਨਗਰ ਸ਼ਹਿਰ ਦਾ 72 ਸਾਲਾ ਇਕ ਵਿਅਕਤੀ ਕਰੋਨਾਵਾਇਰਸ ਦੇ ਨਵੇਂ ਸਰੂਪ ‘ਓਮੀਕਰੋਨ’ ਤੋਂ ਪੀੜਤ ਮਿਲਿਆ ਹੈ। ਸੂਬੇ ਦੇ ਸਿਹਤ ਵਿਭਾਗ ਨੇ ਅੱਜ ਇਹ ਜਾਣਕਾਰੀ ਦਿੱਤੀ। ਇਹ ਦੇਸ਼ ਵਿਚ ਓਮੀਕਰੋਨ ਦਾ ਤੀਜਾ ਕੇਸ ਹੈ ਕਿਉਂਕਿ ਕਰਨਾਟਕ ਵਿਚ ਦੋ ਵਿਅਕਤੀ ਪਹਿਲਾਂ ਕਰੋਨਾ ਦੇ ਇਸ ਸਰੂਪ ਤੋਂ ਪੀੜਤ ਪਾਏ ਗਏ ਸਨ।
ਗੁਜਰਾਤ ਦੇ ਸਿਹਤ ਕਮਿਸ਼ਨਰ ਜੈਪ੍ਰਕਾਸ਼ ਸ਼ਿਵਹਰੇ ਨੇ ਪੁਸ਼ਟੀ ਕੀਤੀ ਕਿ ਸਬੰਧਤ ਵਿਅਕਤੀ ਕਰੋਨਾਵਾਇਰਸ ਦੇ ਨਵੇਂ ਸਰੂਪ ‘ਓਮੀਕਰੋਨ’ ਨਾਲ ਪੀੜਤ ਪਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਵਿਅਕਤੀ 28 ਨਵੰਬਰ ਨੂੰ ਜ਼ਿੰਬਾਬਵੇ ਤੋਂ ਗੁਜਰਾਤ ਪਹੁੰਚਿਆ ਸੀ ਅਤੇ 2 ਦਸੰਬਰ ਨੂੰ ਉਸ ਦੀ ਟੈਸਟ ਰਿਪੋਰਟ ਕਰੋਨਾਵਾਇਰਸ ਪਾਜ਼ੇਟਿਵ ਆਈ ਸੀ। ਉਪਰੰਤ ਉਸ ਦੇ ਸੈਂਪਲ ਜੀਨੋਮ ਸੀਕੁਐਂਸਿੰਗ ਲਈ ਭੇਜੇ ਗਏ ਸਨ। ਜਾਮਨਗਰ ਦੇ ਨਗਰ ਨਿਗਮ ਕਮਿਸ਼ਨਰ ਵਿਜੈਕੁਮਾਰ ਖਰੜੀ ਨੇ ਕਿਹਾ ਕਿ ਮਰੀਜ਼ ਦੇ ਸੈਂਪਲ ਜੀਨੋਮ ਸੀਕੁਐਂਸਿੰਗ ਲਈ ਅਹਿਮਦਾਬਾਦ ਭੇਜੇ ਗਏ ਸਨ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਉਹ ਓਮੀਕਰੋਨ ਸਰੂਪ ਤੋਂ ਪੀੜਤ ਹੈ।
ਜਾਮਨਗਰ ਨਾਲ ਸਬੰਧਤ ਇਹ ਵਿਅਕਤੀ ਪਿਛਲੇ ਕਈ ਸਾਲਾਂ ਤੋਂ ਜ਼ਿੰਬਾਬਵੇ ਵਿਚ ਰਹਿ ਰਿਹਾ ਸੀ। ਉਹ ਆਪਣੇ ਸਹੁਰੇ ਨੂੰ ਮਿਲਣ ਲਈ ਇੱਥੇ ਆਇਆ ਸੀ। ਇੱਥੇ ਬੁਖਾਰ ਹੋਣ ਤੋਂ ਬਾਅਦ ਉਸ ਦੇ ਡਾਕਟਰ ਨੇ ਉਸ ਨੂੰ ਆਰਟੀ-ਪੀਸੀਆਰ ਟੈਸਟ ਕਰਵਾਉਣ ਦਾ ਮਸ਼ਵਰਾ ਦਿੱਤਾ। ਇਕ ਨਿੱਜੀ ਲੈਬਾਰਟਰੀ ਨੇ ਵੀਰਵਾਰ ਨੂੰ ਨਗਰ ਨਿਗਮ ਨੂੰ ਸੂਚਿਤ ਕੀਤਾ ਕਿ ਮਰੀਜ਼ ਦੀ ਕੋਵਿਡ-19 ਰਿਪੋਰਟ ਪਾਜ਼ੇਟਿਵ ਆਈ ਹੈ। ਉਸ ਮਗਰੋਂ ਮਰੀਜ਼ ਨੂੰ ਗੁਰੂ ਗੋਬਿੰਦ ਸਿੰਘ ਸਰਕਾਰੀ ਹਸਪਤਾਲ ਦੇ ਇਕਾਂਤਵਾਸ ਵਾਰਡ ਵਿਚ ਤਬਦੀਲ ਕੀਤਾ ਗਿਆ।
ਜ਼ਿਲ੍ਹਾ ਪ੍ਰਸ਼ਾਸਨ ਨੇ ਨੇਮਾਂ ਅਨੁਸਾਰ ਉਸ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਵਿਸ਼ਵ ਸਿਹਤ ਸੰਸਥਾ ਨੇ ਓਮੀਕਰੋਨ ਨੂੰ ਚਿੰਤਾ ਵਾਲੇ ਸਰੂਪ ਦੀ ਸ਼੍ਰੇਣੀ ਰੱਖਿਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly