ਚਿਹਰਿਆਂ ਦਾ ਸਿੱਕਾ

ਬਲਜਿੰਦਰ ਸਿੰਘ - ਬਾਲੀ ਰੇਤਗੜੵ

(ਸਮਾਜ ਵੀਕਲੀ)

ਪੰਜਾਬ ਦੇ ਪਾਣੀ ਪਾਕਿ-ਪਵਿੱਤਰ ਨੇ, ਪੰਜਾਬ ਦੀ ਜਰਖੇਜ ਧਰਤੀ ਪਵਿੱਤਰ ਹੈ। ਇੱਥੋਂ ਦੀ ਭਾਸ਼ਾ ਸੱਭਿਅਕ ਅਤੇ ਸੋਚ ਅਣਖੀ ਹੈ, ਜੁਝਾਰੂ ਹੈ। ਆਮ ਪੇਂਡੂ ਭਾਂਵੇ ਗੁਰਬਤ ਵਿੱਚ ਪਲ਼ੇ ਪਰ ਇਹ ਨੈਤਕਿਤਾ ਦੀ ਵਿਰਾਸਤ ਨਾਲ਼ ਅਮੀਰ ਜੰਮੇ ਅਤੇ ਜਵਾਨ ਹੋਏ। ਇਥੋਂ ਦਾ ਬਚਪਨ ਭਾਵੇ ਖਾਕ ‘ਚ ਨੰਗਾ ਲਿਬੜਿਆ -ਤਿਬੜਿਆ ਰਿਹਾ ਪਰ ਹਯਾ ਤੇ ਸ਼ਰਮ ਨੇ ਉਸ ਨੂੰ ਪਲਕਾਂ ਤੇ ਬਿਠਾ ਕੇ ਸਨਮਾਨ ਦਿੱਤਾ । ਇਥੋਂ ਦੀ ਪੌਣ ਮਹਿਕੀ ਤੇ ਮੌਸਮਾਂ ਦੀ ਤਾਜ਼ਗ਼ੀ ਕੁਦਰਤ ਦੀ ਅਦਭੁੱਤ ਸੁੰਦਰ-ਚਿੱਤਰਕਾਰੀ ਹੈ । ਇਥੋਂ ਦੀ ਅੰਤਲ਼ੀ ਵਿਦਾਈ ਕਰੁਣਾ ਦੇ ਵੈਣ ਪਾਉਂਦੀ ਰਹੀ ਤੇ ਨਵ ਜਨਮਿਆਂ ਨੂੰ ਸ਼ਹਾਦਤਾਂ ਦੀ ਗੁੜਤੀ ਦਿੰਦੀ ਰਹੀ ।

ਮਨੁੱਖੀ ਮਨ ਦੀ ਤਰਿਸ਼ਨਾ ਤੇ ਰਾਤੋ ਰਾਤ ਬਿਨਾਂ ਮਿਹਨਤ ਕੀਤਿਆਂ ਅਮੀਰ ਹੋਣ ਦੀ ਲਾਲਸਾ ਇੱਥੋਂ ਦੇ ਰਾਜਨੀਤੀਵਾਨਾਂ ਦੇ ਸਿਰ ਕਾਲ ਬਣ ਕੇ ਬੈਠ ਗਈ। ਗ਼ਦਾਰੀ ਪੰਜਾਬ ਤੇ ਪੰਜਾਬੀਅਤ ਦੀ ਸਰਦਾਰੀ ਨੂੰ ਲੈ ਬੈਠ ਗਈ, ਇਹੋ ਇਸ ਸਪਤ ਸਿੰਧੂ ਦੇ ਪੰਜਾਬ ਦੀ ਤ੍ਰਾਸਦੀ ਬਣ ਗਈ। ਆਪਣੇ ਰਾਜ ਭਾਗ ਨੂੰ ਕਾਇਮ ਰੱਖਣ ਲਈ ਰਿਆਸਤਾਂ ਦੇ ਰਾਜਿਆਂ ਨੇ ਪੰਜਾਬ ਦੇ ਲੋਕਾਂ ਦੀ ਰਹਿਨੁਮਾਈ ਨਹੀਂ ਕੀਤੀ ਸਗੋਂ ਪੰਜਾਬ ਦੇ ਦੁਸ਼ਮਣਾਂ ਨਾਲ਼ ਹੀ ਸੰਧੀਆ ਕਰਦੇ ਰਹੇ। ਆਪਣੇ ਸ਼ਾਹੀ ਠਾਠ ਨੂੰ ਪੰਜਾਬ ਦੀ ਇਕਮੁੱਠਤਾ ਤੋਂ ਉਪਰ ਸਮਝਿਆ।

ਪੰਜਾਬ ਟੁੱਕੜੇ ਟੁੱਕੜੇ ਕਰ ਕੇ ਕੱਚ ਦੇ ਟੁਕੜਿਆਂ ਵਾਂਗ ਬਿਖੇਰ ਦਿੱਤਾ। ਉਨੀਵੀ ਸਦੀ ਤੇ ਵੀਹਵੀਂ ਸਦੀ ਇਸੇ ਸੰਤਾਪ ਨੂੰ ਭੋਗਦੀਆਂ ਟਿਕ ਟਿਕ ਕਰਦੀਆਂ ਸੂਈਆਂ ਚੋਂ ਨਿਕਲ ਗਈਆਂ। ਪੰਜਾਬ ਦੇ ਅਣਖੀ ਮਿਹਨਤਕਸ਼ ਭੋਲ਼ੇ-ਭਾਲ਼ੇ ਲੋਕਾਂ ਨੂੰ ਗੁਲਾਮ ਬਣਾ ਕੇ ਰੱਖਣ ਦਾ ਹੱਕ ਇਹਨਾਂ ਚਿਹਰਿਆਂ ਦੇ ਸਿੱਕਿਆਂ ਦੀ ਰਿਆਸਤ ਨੇ ਤਾਣੇ ਬਾਣੇ ਨੂੰ ਉਲਝਾ ਦਿੱਤਾ । ਰਿਆਸਤਾਂ ਨੂੰ ਕੇਂਦਰ ਦੀ ਸਰਕਾਰ ਨੇ ਖਤਮ ਕਰਕੇ ਇਹਨਾਂ ਰਾਜਿਆਂ ਦੇ ਪੰਜਿਆਂ ਚੋਂ ਪੰਜਾਬ ਆਜਾਦ ਤਾਂ ਕੀਤਾ ਪਰ ਆਪਣੀ ਚੁੰਝ ਨਾਲ ਉਧੇੜਨਾ ਸ਼ੁਰੂ ਕਰ ਦਿੱਤਾ ।

ਚਿਹਰਿਆਂ ਦੀ ਰਾਜਨੀਤੀ ਦਾ ਪਾਸ਼ਾ ਸਿੱਟ ਪੰਜਾਬ ਨੂੰ ਭੰਬਲ਼ਭੂਸੇ ਵਿੱਚ ਪਾਈ ਰੱਖਿਆ। ਪੰਜਾਬ ਨੂੰ ਚਿਹਰਿਆਂ ਦੀ ਲੜਾਈ ਦਾ ਚੋਣ ਅਖਾੜਾ ਬਣਾ ਕੇ ਪੰਜਾਬ ਦੇ ਅਸਲ ਮੁੱਦਿਆ ਤੇ ਕਦੇ ਕੋਈ ਰਾਜਨੀਤਿਕ ਪਾਰਟੀ ਆਈ ਹੀ ਨਹੀਂ।ਇਹ ਗੰਦੀ ਰਵਾਇਤ ਮੌਜੂਦਾ ਸਮੇਂ ਵਿੱਚ ਵੀ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਪੰਜਾਬ ਦੇ ਵੋਟਰ ਕਿਰਤੀ ਹਨ, ਸਿਰਫ਼ ਕੰਮਾਂ ਕਾਰਾਂ ਤੱਕ ਹੀ ਇਹਨਾ ਦਾ ਧਿਆਨ ਰਿਹਾ।

ਆਪਣੇ ਪੰਜਾਬ ਦੀ ਆਰਥਿਕ ਲੁੱਟ ਤੇ ਮਾਨਸਿਕ ਸ਼ੋਸਣ ਕਰਨ ਵਾਲਿਆਂ ਨੂੰ ਆਮ ਲੋਕਾਂ ਨੇ ਕਦੇ ਵੀ ਨਾ ਪਛਾਣਿਆ। ਇਹਨਾਂ ਨੇਤਾਵਾਂ ਦੇ ਚਾਪਲੂਸਾਂ ਦੇ ਆਖੇ ਲੱਗ ਲੋਕ ਦਲਾਂ ਦੇ ਨੇਤਾਵਾਂ ਦੇ ਗਲਾਂ ਵਿੱਚ ਪੰਜਾਬੀ ਹਾਰ ਪਾਉਂਦੇ ਰਹੇ ਅਤੇ ਆਪਣੇ ਸਿਰਾਂ ਤੇ ਇਹਨਾਂ ਤੋਂ ਹੀ ਛਿੱਤਰ ਖਾਂਦੇ ਰਹੇ।। ਕਦੇ ਧਰਮ ਦੇ ਨਾਮ ਕਦੇ ਬੋਲੀ ਦੇ ਆਧਾਰ ਤੇ ਸਿਆਸੀ ਲੂੰਬੜ ਆਪਣਾ ਜੰਗਲ਼ ਰਾਜ ਮਾਣਦੇ ਰਹੇ।

ਪੰਜਾਬ ਦੇ ਹੱਕਾਂ ਦੀ ਗੱਲ ਸਿਰਫ਼ ਵੋਟ ਹਾਸਿਲ ਕਰਨ ਲਈ ਚੋਣ ਜਿੱਤਣ ਤੱਕ ਹੀ ਕੀਤੀ । ਚੋਣਾਂ ਵਿੱਚ ਜਿੱਤ ਹਾਸਿਲ ਕਰਕੇ ਜਾਂ ਤਾਂ ਕੇਂਦਰ ਦੀ ਸਰਕਾਰ ਦੀ ਬੁੱਕਲ਼ ਵਿੱਚ ਕੈਬਨਿਟ ਮੰਤਰੀਆਂ ਦੇ ਪਦਾਂ ਲਈ ਜਾਹ ਬੈਠੇ ਜਾਂ ਬੁਰਕੀ ਦੀ ਆਸ ਵਿੱਚ ਆਪਣੀ ਪੂਛ ਖੁਸ਼ਾਮਿਦ ਵਿੱਚ ਹਿਲਾਉਂਦੇ ਇਸ਼ਾਰਿਆਂ ਤੇ ਨੱਚਦੇ ਰਹੇ। ਪੰਜਾਬ ਮੱਚਦਾ ਰਿਹਾ, ਇਸ ਦੇ ਹਿੱਤਾਂ ਦੀ ਬਲੀ ਚੜਦੀ ਰਹੀ। ਆਪਣੀਆਂ ਚੁਣੀਆਂ ਸਰਕਾਰਾਂ ਹੀ ਇਹਦੇ ਜਾਗਰੂਕ ਯੋਧਿਆਂ ਨੂੰ ਜੇਲਾਂ ਦੀਆਂ ਸਲਾਖਾਂ ਪਿੰਛੇ ਤੁੰਨ ਕੇ ਆਵਾਜ਼ ਦਬਾਉਂਦੀਆਂ ਰਹੀਆਂ। ਇਹਦੇ ਅਣਖੀਲ਼ੇ ਪੁੱਤਰਾਂ ਨੂੰ ਪੁਲਿਸ ਮੁਕਾਬਲਿਆਂ ਵਿੱਚ ਸ਼ਹੀਦ ਕਰਦੀਆਂ ਰਹੀਆਂ। ਧੀਆਂ ਬੇ-ਪਤੀਆਂ ਦਾ ਸ਼ਿਕਾਰ ਹੋਈਆਂ। ਬਜ਼ਰੁਗਾਂ ਨੂੰ ਠੁੱਡੇ ਮਾਰਦੀਆਂ ਰਹੀਆਂ।

ਹੁਣ ਆਜਾਦੀ ਦੇ ਚੁਹੱਤਰ ਸਾਲ ਬਾਅਦ ਵਕਤ ਨੇ ਕਰਵੱਟ ਲਈ ਹੈ। ਕੇਂਦਰ ਦੇ ਖੇਤੀਬਾੜੀ ਦੇ ਕਿਸਾਨ ਆਜ਼ਾਦੀ ਦੇ ਵਿਰੁੱਧ ਤਿੰਨੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਵਿੱਡੇ ਸੰਘਰਸ਼ ਨੇ ਕੇਂਦਰ ਨੂੰ ਹੀ ਨਹੀਂ ਹਿਲਾਇਆ ਸਗੋਂ ਦੇਸ਼ ਦੇ ਰਾਜਾਂ ਅੰਦਰ ਵੀ ਰਾਜਨੀਤਿਕ ਲੋਅ ਪੈਦਾ ਕੀਤੀ ਹੈ। ਪੰਜਾਬ ਇਸ ਦੇ ਸ਼ਮਲੇ ਵਾਲਾ ਜੁਝਾਰੂ ਆਗੂ ਰਿਹਾ। ਪੰਜਾਬ ਦੇ ਬੱਚੇ ਬੱਚੇ ਵਿੱਚ ਰਾਜਨੀਤਿਕ ਲੋਅ ਤੋਂ ਪੈਦਾ ਹੋ ਗਈ । ਚਿੰਗ਼ਾਰਿਆਂ ਨੇ ਆਪਣੇ ਆਲੇ ਦੁਆਲੇ ਨੂੰ ਰਾਜਨੀਤਿਕ ਲੋਕਾਂ ਦੀਆਂ ਚਾਲਾਂ ਤੋਂ ਸੁਚੇਤ ਕੀਤਾ ਹੈ ੳਤੇ ਲਾਮਬੰਦ ਕੀਤਾ ਹੈ। ਆਮ ਲੋਕ ਸਿਆਸਤ ਵਿੱਚ ਸਰਗਰਮ ਲੋਕਾਂ ਨੂੰ ਘੇਰ ਘੇਰ ਸਵਾਲ ਕਰ ਰਹੇ ਹਨ। ਹੁਣ ਲੋਕ ਚਿਹਰਿਆਂ ਦੀ ਗੱਲ ਨਹੀਂ ਕਰ ਰਹੇ। ਲੋਕ ਪੰਜਾਬ ਦੇ ਮੁੱਦਿਆਂ ਬਾਰੇ ਸਵਾਲੀਆ ਨਿਸ਼ਾਨ ਲਾ ਲਾ ਟੀਟਣੇ ਮਾਰਨ ਵਾਲੇ ਟੱਟੂਆਂ ਤੋਂ ਜਵਾਬ ਮੰਗ ਰਹੇ ਹਨ। ਇਹ ਆ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਆਪਣੇ ਲੋਕਾਂ ਨੂੰ ਪੰਜਾਬ, ਪੰਜਾਬੀਅਤ ਦੇ ਮੁੱਦਿਆ ਦੀ ਆਪਣੀ ਰਣਨੀਤੀ ਬਾਰੇ ਪੁੱਛ ਰਹੇ ਹਨ, ਪੰਜਾਬ ਦਾ ਭਵਿੱਖ ਪੁੱਛ ਰਹੇ ਹਨ।

ਪੰਜਾਬ ਦੇ ਲੋਕਾਂ ਨੇ ਪਿਛਲੀਆਂ ਚੋਣਾਂ ਦੌਰਾਨ ਚਿਹਰਿਆਂ ਨੂੰ ਵੋਟ ਦੇ ਕੇ ਆਪਣੀ ਗਲ਼ਤੀ ਤੇ ਪਛਤਾਵਾ ਵੀ ਕੀਤਾ ਹੈ। ਘੋਗੜ ਗਾਇਕਾਂ, ਕਲਾਕਾਰਾਂ ਨੂੰ ਜਿਤਾ ਕੇ ਨਿਰਾਸ਼ਾ ਹੀ ਮਿਲੀ। ਇਹ ਰਾਜਨੀਤਿਕ ਦਲਾਂ ਦੀਆਂ ਚੋਣ ਜਿੱਤਣ ਲਈ ਸ਼ਤਰੰਜੀ ਚਾਲਾਂ ਸਨ। ਇਹ ਵਿਧਾਇਕ ਤੇ ਪਾਰਲੀਮੈਂਟ ਮੈਂਬਰ ਅੱਖੋਂ ਅੰਨੇ, ਕੰਨੋ ਬਹਿਰੇ ਤਰਕਹੀਣ ਸਾਬਿਤ ਹੋਏ। ਚਿਹਰਿਆਂ ਦੇ ਚੁਣੇ ਸਿੱਕੇ ਪਰਖਾਂ ਵਿੱਚ ਖੋਟੇ ਸਾਬਿਤ ਹੋਏ। ਇਹ ਖੁਦ ਰਾਜਨੀਤਿਕ ਦਲਾਂ ਦੇ ਧੱਕੇ ਚੜ੍ਹ ਕੇ ਆਪਣੀ ਬਦਨਾਮੀ ਖੁਦ ਖੱਟ ਗਏ ।

ਪੰਜਾਬ ਦੀ ਸਿਆਸਤ ਵਿੱਚ ਮੁੜ ਫੇਰ ਰਾਜਨੀਤਿਕ ਦਲਾਂ ਨੇ ਚਿਹਰਿਆਂ ਨੂੰ ਉਛਾਲਣਾ ਸ਼ੁਰੂ ਕਰ ਦਿੱਤਾ ਹੈ। ਦਲਿਤ ਜਾਤੀਆਂ ਦੇ ਨਾਮ ਤੇ ਵੋਟਰਾਂ ਨੂੰ ਭਰਮਾਉਣ ਦੀਆਂ ਰਣਨੀਤੀਆਂ ਲਾਗੂ ਕਰੀਆਂ ਹਨ। ਦਲਾਂ ਵਿੱਚ ਅਦਲਾ ਬਦਲੀਆਂ ਨਿੱਤ ਦੀਆਂ ਅਖਵਾਰੀ ਸੁਰਖ਼ੀਆਂ ਬਣ ਰਹੀਆਂ ਹਨ। ਆਪ ਆਦਮੀ ਬਣ ਕੇ ਵੋਟ ਤੇ ਹੱਕ ਹਾਸਿਲ ਕਰਨ ਦੀ ਦੌੜ ਲੱਗ ਰਹੀ ਹੈ। ਸਿਆਸੀ ਲੂੰਬੜ ਕਿਰਤੀਆਂ ਦੇ ਘਰਾਂ ਵਿੱਚ ਖਾਣਾ ਖਾਣ ਦੀਆਂ ਤਸਵੀਰਾਂ ਤੇ ਵੀਡੀਓ ਸ਼ੋਸ਼ਲ ਮੀਡੀਆ ਤੇ ਪਾ ਕੇ ਚਰਚਿਤ ਹੋਣ ਲਈ ਇਕ ਦੂਜੇ ਤੋਂ ਅੱਗੇ ਹੋ ਰਹੇ ਹਨ। ਕੋਈ ਔਰਤਾਂ ਨੂੰ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਪੱਤਾ ਸੁੱਟ ਰਿਹਾ ਹੈ। ਕੋਈ ਬਿਜਲੀ ਦੀਆਂ ਤਿੰਨ ਸੌ ਯੂਨਿਟ ਫਰੀ ਦੇਣ ਦੀ ਸੀਪ ਲਾ ਕੇ ਸੱਤਾ ਹਾਸਿਲ ਕਰਨ ਦੀ ਚਾਲ ਚੱਲ ਰਿਹਾ ਹੈ।  ਕੋਈ ਦਲਿਤ ਨੂੰ ਉਪ-ਮੁੱਖ ਮੰਤਰੀ ਬਣਾਉਣ ਦੀ ਬੁਰਕੀ ਪਾ ਰਿਹਾ ਹੈ। ਪੰਜਾਬ ਦੇ ਅਸਲ ਮੁੱਦਿਆਂ ਨੂੰ ਚਿਹਰਿਆਂ ਦੀ ਰਣਨੀਤੀ ਵਿੱਚ ਆਵਾਮ ਦੇ ਜ਼ਿਹਨ ਚੋਂ ਬਾਹਰ ਕੱਢ ਦੇਣ ਦੀਆਂ ਸਾਜ਼ਿਸ਼ਾਂ ਹਰ ਦਿਨ ਹਰ ਰਾਤ ਬੇ-ਨਕਾਬ ਹੋ ਰਹੀਆਂ ਹਨ।

ਹੁਣ ਪੰਜਾਬ ਦੇ ਲੋਕ ਆਪਣੀ ਰਣਨੀਤੀ ਆਪ ਤਹਿ ਕਰਨ ਲਈ ਤੱਤਪਰ ਹਨ। ਪੰਜਾਬ ਦਾ ਨੌਜਵਾਨ ਚੋਣਾਂ ਦੇ ਅਖਾੜਿਆਂ ਵਿੱਚ ਚਿਹਰਿਆਂ ਦੇ ਭਲਵਾਨਾਂ ਨੂੰ ਆਪ ਚਿੱਤ ਕਰੇਗਾ ਇਹ ਉਮੀਦ ਸੌ ਫ਼ੀ ਸਦੀ ਹੈ। ਆਪਣੇ ਹੱਕਾਂ ਦੀ ਰਾਖ਼ੀ ਲਈ ਕਿਰਤੀਆਂ ਨੂੰ ਰਾਜਨੀਤੀ ਅੰਦਰ ਦਾਖਲ ਹੋਣ ਦੀ ਜ਼ਰੂਰਤ ਹੈ। ਦਲਦਲ ਨੂੰ ਸਾਫ਼ ਕਰਨ ਲਈ ਚਿੱਕੜ ਵਿੱਚ ਉਤਰਨਾ ਕੋਈ ਮਾੜੀ ਗੱਲ ਨਹੀਂ । ਮੁੱਦਿਆਂ ਦੇ ਲਈ ਸੰਘਰਸ਼ ਹਰ ਪੱਖੋਂ ਜ਼ਾਇਜ਼ ਹੈ ਅਤੇ ਕਰਨਾ ਚਾਹੀਂਦਾ ਹੈ। ਚਿਹਰਿਆਂ ਦੀ ਰਣਨੀਤੀ ਦਾ ਅੰਤ ਤਾਂ ਹੀ ਪੰਜਾਬ ਦੀ ਸਿਆਸਤ ਵਿੱਚੋਂ ਹੋ ਸਕਦਾ ਹੈ। ਇਹੋ ਸਮੇਂ ਦੀ ਮੰਗ ਹੈ।

ਬਲਜਿੰਦਰ ਸਿੰਘ ” ਬਾਲੀ ਰੇਤਗੜੵ “

+919465129168
+917087629168

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੁਨੇਹਾ
Next articleਵਿਸਵ ਡੋਪਿੰਗ ਕਮੇਟੀ ਦੇ ਨਿਰਦੇਸ਼ ਅਨੁਸਾਰ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਡੋਪ ਟੈਸਟ ਪ੍ਕਿਰਿਆ 20 ਤੋਂ ਸ਼ੁਰੂ ਕਰੇਗੀ – ਚੱਠਾ