ਵੋਟ ਮੰਗਣ ਆਉਣ ਵਾਲੇ ਲੀਡਰਾਂ ਨੂੰ ਲੋਕ ਵਾਤਾਵਰਣ ਦੇ ਮੁੱਦੇ ‘ਤੇ ਸਵਾਲ ਕਰਨ – ਸੰਤ ਸੀਚੇਵਾਲ
ਪੰਜਾਬ ਦੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਦਾ ਸੱਦਾ
ਕਪੂਰਥਲਾ-(ਕੌੜਾ)– ਵਾਤਾਵਰਣ ਪੱਖ ਤੋਂ ਤੇਜ਼ੀ ਨਾਲ ਨਿਘਾਰ ਵੱਲ ਜਾ ਰਹੇ ਪੰਜਾਬ ਨੂੰ ਬਚਾਉਣ ਲਈ ਵਾਤਾਵਰਣ ਲਈ ਕੰਮ ਕਰ ਰਹੀਆਂ ਜੱਥੇਬੰਦੀਆਂ ਦੀ ਹੋਈ ਮੀਟਿੰਗ ਦੌਰਾਨ ‘ਪੰਜਾਬ ਵਾਤਾਵਰਣ ਚੇਤਨਾ ਲਹਿਰ’ ਦਾ ਗਠਨ ਕੀਤਾ ਗਿਆ ਤੇ ਇਸ ਦੇ ਕਨਵੀਨਰ ਸੇਵਾ ਮੁਕਤ ਆਈ.ਏ.ਐਸ ਅਧਿਕਾਰੀ ਰਹੇ ਕਾਹਨ ਸਿੰਘ ਪੰਨੂੰ ਨੂੰ ਬਣਾਇਆ ਗਿਆ ਹੈ। ਇੱਥੇ ਨਿਰਮਲ ਕੁਟੀਆ ਪਵਿੱਤਰ ਵੇਈਂ ਕਿਨਾਰੇ ਹੋਈ ਮੀਟਿੰਗ ਦੌਰਾਨ ਇਹ ਫੈਸਲਾ ਕੀਤਾ ਗਿਆ ਕਿ ਇਸ ਵਾਰ ਚੋਣਾਂ ਦੌਰਾਨ ਰਾਜਨੀਤਿਕ ਪਾਰਟੀਆਂ ਨੂੰ ਵਾਤਾਵਰਣ ਦੇ ਮੁੱਦੇ ਨੂੰ ਗੰਭੀਰਤਾ ਨਾਲ ਉਠਾਉਣ ਲਈ ਲੋਕਾਂ ਵੱਲੋਂ ਦਬਾਅ ਬਣਾਇਆ ਜਾਵੇਗਾ ਤਾਂ ਜੋ ਉਜੱੜ ਰਹੇ ਪੰਜਾਬ ਨੂੰ ਮੁੜ ਤੋਂ ਨਵਾਂ ਨਿਰੋਇਆ ਬਣਾਇਆ ਜਾ ਸਕੇ।
ਇਸ ਵਾਤਾਵਰਣ ਚੇਤਨਾ ਲਹਿਰ ਦੀ ਅਗਵਾਈ ਵਾਤਾਵਰਣ ਪਦਮਸ੍ਰੀ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ, ਪਦਮਸ਼੍ਰੀ ਸੰਤ ਸੇਵਾ ਸਿੰਘ ਖੰਡੂਰ ਸਾਹਿਬ ਵਾਲੇ, ਦਮਦਮਾ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਕੇਵਲ ਸਿੰਘ ਤੇ ਪਿੰਗਲਵਾੜਾ ਦੀ ਮੁੱਖ ਬੀਬੀ ਇੰਦਰਜੀਤ ਕੌਰ ਕਰਨਗੇ। ਇਸ ਜੱਥੇਬੰਦੀ ਦਾ ਅਗਲਾ ਇੱਕਠ ਲੁਧਿਆਣਾ ਵਿੱਚ ਦਸੰਬਰ ਦੇ ਤੀਜੇ ਹਫ਼ਤੇ ਦੌਰਾਨ ਕੀਤਾ ਜਾਵੇਗਾ।
ਅੱਜ ਦੀ ਇਸ ਮਟਿੰਗ ਵਿੱਚ ਦਰਜਨ ਤੋਂ ਵੱਧ ਜੱਥੇਬੰਦੀਆਂ ਦੇ ਆਗੂਆਂ ਨੇ ਹਿੱਸਾ ਲਿਆ ਤੇ ਪੰਜਾਬ ਦੇ ਵਾਤਾਵਰਣ ਪੱਖ ਤੋਂ ਗੰਭੀਰ ਹੁੰਦੇ ਜਾ ਰਹੇ ਹਲਾਤਾਂ ਬਾਰੇ ਚਿੰਤਾਵਾਂ ਤੇ ਵਿਚਾਰ ਚਰਚਾ ਕੀਤੀ ਗਈ। ਵਾਤਾਵਰਣ ਨੂੰ ਲੋਕ ਮੁੱਦਾ ਬਣਾਉਣ ਲਈ ਪੰਜਾਬ ਦੇ ਵੱਖ-ਵੱਖ ਜਿਲ੍ਹਾਆ ਵਿੱਚ ਮੀਟਿੰਗਾਂ ਤੇ ਸੈਮੀਨਾਰ ਕਰਵਾਏ ਜਾਣਗੇ।
ਇਸ ਮੌਕੇ ਮੀਟਿੰਗ ਨੂੰ ਸੰਬੋਧਨ ਹੁੰਦਿਆਂ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਅੱਜ ਵਾਤਾਵਰਣ ਨੂੰ ਬਚਾਉਂਣਾ ਸਮੇਂ ਦੀ ਮੁੱਖ ਲੋੜ ਹੈ। ਉਹਨਾਂ ਦੱਸਿਆ ਕਿ ਤਰੱਕੀ ਦੇ ਨਾਂਅ ‘ਤੇ ਅਸੀ ਵਾਤਾਵਰਣ ਦਾ ਇੰਨਾ ਕਿ ਨੁਕਸਾਨ ਕਰ ਲਿਆ ਹੈ ਕਿ ਨਾ ਤਾਂ ਸਾਡੀ ਹਵਾ, ਪਾਣੀ ਤੇ ਨਾ ਹੀ ਸਾਡੀ ਖੁਰਾਕ ਸ਼ੁੱਧ ਰਹੀ ਹੈ। ਸੋਨੇ ਦੀ ਚਿੜੀ ਅਖਵਾਉਂਦੇ ਪੰਜਾਬ ਵਿਚ ਵਾਤਾਵਰਣ ਦਾ ਮੁੱਦਾ ਇਕ ਮੌਤ ਦਾ ਮੁੱਦਾ ਬਣ ਚੁੱਕਾ ਹੈ। ਉਨ੍ਹਾਂ ਕਿਹਾ ਕਿ ਅੱਜ ਮੁਨਾਫੇ ਦੀ ਦੌੜ ਨੇ ਬਹੁਤ ਕੁਝ ਵਿਗਾੜ ਕੇ ਰੱਖ ਦਿੱਤਾ। ਉਹਨਾਂ ਆ ਰਹੀਆਂ ਚੋਣਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਨੂੰ ਏਸ ਵਾਰ ਵਾਤਾਵਰਣ ਨੂੰ ਮੁੱਖ ਮੁੱਦੇ ਵਜੋਂ ਉਭਾਰਨਾ ਚਾਹੀਦਾ ਹੈ ਅਤੇ ਵੋਟਾਂ ਮੰਗਣ ਵਾਲੇ ਲੀਡਰਾਂ ਤੋਂ ਵਾਤਾਵਰਣ ਦੇ ਮੁੱਦੇ ਤੇ ਸਵਾਲ ਕਰਨੇ ਚਾਹੀਦੇ ਹਨ ਕਿਉਂਕਿ ਸ਼ੁੱਧ ਹਵਾ ਪਾਣੀ ਤੇ ਖੁਰਾਕ ਸਾਡਾ ਹੀ ਨਹੀ ਸਗੋਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੇ ਪਸ਼ੂਆਂ ਪੰਛੀਆਂ ਦਾ ਵੀ ਮੌਲਿਕ ਅਧਿਕਾਰ ਹੈ।
ਇਸ ਮੀਟਿੰਗ ਵਿੱਚ ਖੇਤੀ ਵਿਰਾਸਤ ਮਿਸ਼ਨ ਦੇ ਓਮੇਂਦਰ ਦੱਤ, ਗੁਰਪ੍ਰੀਤ ਸਿੰਘ ਪ੍ਰਧਾਨ ਭਾਈ ਘਨ੍ਹਾਈਆ ਕੈਂਸਰ ਰੋਕੋ ਸੇਵਾ ਸੁਸਾਇਸਟੀ, ਗੁਰਚਰਨ ਸਿੰਘ ਨੂਰਪੁਰ ਜੀਰਾ, ਰਾਜਬੀਰ ਸਿੰਘ ਪਿੰਗਲਵਾੜਾ ਅੰਮ੍ਰਿਤਸਰ, ਗੁਰਬਿੰਦਰ ਸਿੰਘ ਬਾਜਵਾ, ਇੰਜੀ: ਕਪਿਲ ਅਰੋੜਾ, ਬਲਬੀਰ ਸਿੰਘ ਕਾਰ ਸੇਵਾ ਖਡੂਰ ਸਾਹਿਬ. ਜਸਵਿੰਦਰ ਸਿੰਘ ਅੇਡੋਕੇਟ, ਪਲਵਿੰਦਰ ਸਿੰਘ ਸਹਾਰੀ, ਜਸਕੀਰਤ ਸਿੰਘ, ਰਜਿੰਦਰ ਸਿੰਘ ਧਰਾਂਗਵਾਲਾ, ਸੰਤੋਖ ਸਿੰਘ, ਸੁਖਪ੍ਰੀਤ ਸਿੰਘ, ਸੁਰਜੀਤ ਸਿੰਘ ਸ਼ੰਟੀ ਤੇ ਹੋਰ ਆਗੂ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly