ਮਿਆਂਮਾਰ ਦੀ ਅਦਾਲਤ ਨੇ ਸੂ ਕੀ ਖ਼ਿਲਾਫ਼ ਫੈਸਲਾ ਅੱਗੇ ਪਾਇਆ

ਬੈਂਕਾਕ (ਸਮਾਜ ਵੀਕਲੀ) : ਮਿਆਂਮਾਰ ਦੀ ਇੱਕ ਅਦਾਲਤ ਨੇ ਸੱਤਾਹੀਣ ਆਗੂ ਆਂਗ ਸਾਨ ਸੂ ਕੀ ਦੇ ਮੁਕੱਦਮੇ ਵਿੱਚ ਇੱਕ ਵਾਧੂ ਗਵਾਹ ਵੱਲੋਂ ਗਵਾਹੀ ਦੀ ਆਗਿਆ ਦੇਣ ਲਈ ਆਪਣਾ ਫ਼ੈਸਲਾ ਅੱਗੇ ਪਾ ਦਿੱਤਾ ਹੈ। ਇਸ ਸਬੰਧੀ ਇੱਕ ਕਾਨੂੰਨੀ ਅਧਿਕਾਰੀ ਨੇ ਦੱਸਿਆ ਕਿ ਅਦਾਲਤ ਨੇ ਬਚਾਅ ਪੱਖ ਦੀ ਇਸ ਦਲੀਲ ਨਾਲ ਸਹਿਮਤੀ ਪ੍ਰਗਟਾਈ ਕਿ ਇਸ ਵੱਲੋਂ ਇੱਕ ਡਾਕਟਰ ਨੂੰ ਗਵਾਹੀ ਦੇਣ ਲਈ ਆਗਿਆ ਦਿੱਤੀ ਜਾਵੇ, ਜੋ ਪਹਿਲਾਂ ਅਦਾਲਤ ਵਿੱਚ ਆਉਣ ਤੋਂ ਅਸਮਰੱਥ ਰਿਹਾ ਸੀ। ਫਰਵਰੀ ਵਿੱਚ ਫ਼ੌਜ ਵੱਲੋਂ ਤਖ਼ਤਾ ਪਲਟਣ ਮਗਰੋਂ ਸੂ ਕੀ ਨੂੰ ਗ੍ਰਿਫ਼ਤਾਰ ਕਰਨ ਤੇ ਉਸਦੀ ਪਾਰਟੀ ਨੂੰ ਦੂਜਾ ਕਾਰਜਕਾਲ ਸ਼ੁਰੂ ਕਰਨ ਤੋਂ ਰੋਕਣ ਮਗਰੋਂ ਇਸ 76 ਸਾਲਾ ਨੋਬਲ ਪੁਰਸਕਾਰ ਜੇਤੂ ਆਗੂ ਖ਼ਿਲਾਫ਼ ਅਦਾਲਤ ਦਾ ਇਹ ਪਹਿਲਾ ਫ਼ੈਸਲਾ ਹੋਵੇਗਾ। ਉਸ ਖ਼ਿਲਾਫ਼ ਭ੍ਰਿਸ਼ਟਾਚਾਰ ਸਮੇਤ ਕਈ ਹੋਰ ਦੋਸ਼ਾਂ ਹੇਠ ਵੀ ਕਈ ਮੁਕੱਦਮੇ ਚੱਲ ਰਹੇ ਹਨ ਅਤੇ ਜੇਕਰ ਦੋਸ਼ ਸਹੀ ਨਿਕਲਦੇ ਹਨ ਤਾਂ ਉਨ੍ਹਾਂ ਨੂੰ ਕਈ ਸਾਲ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ।

ਅਦਾਲਤ ਨੇ ਅੱਜ ਭੜਕਾਉਣ ਤੇ ਕਰੋਨਾਵਾਇਰਸ ਪਾਬੰਦੀਆਂ ਦੀ ਉਲੰਘਣਾ ਦੇ ਦੋਸ਼ਾਂ ਸਬੰਧੀ ਫ਼ੈਸਲਾ ਸੁਣਾਉਣਾ ਸੀ ਪਰ ਹੁਣ ਜੱਜ ਨੇ 6 ਦਸੰਬਰ ਤੱਕ ਕਾਰਵਾਈ ਅੱਗੇ ਪਾ ਦਿੱਤੀ ਹੈ ਜਦੋਂ ਨਵੇਂ ਗਵਾਹ ਡਾ. ਜ਼ਾਅ ਮਾਇੰਟ ਮੌਂਗ ਗਵਾਹੀ ਦੇਣਗੇ। ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਫ਼ੈਸਲਾ ਕਦੋਂ ਆਵੇਗਾ। ਸੂ ਕੀ ਖ਼ਿਲਾਫ਼ ਇਨ੍ਹਾਂ ਕੇਸਾਂ ਨੂੰ ਉਸ ਨੂੰ ਬਦਨਾਮ ਕਰਨ ਤੇ ਅਗਲੀਆਂ ਚੋਣਾਂ ਤੋਂ ਦੂਰ ਰੱਖਣ ਦੇ ਯਤਨਾਂ ਵਜੋਂ ਵੇਖਿਆ ਜਾ ਰਿਹਾ ਹੈ। ਇਸ ਮੁਲਕ ਦਾ ਕਾਨੂੰਨ ਕਿਸੇ ਵਿਅਕਤੀ ਨੂੰ ਸਜ਼ਾ ਹੋਣ ਮਗਰੋਂ ਉਸਨੂੰ ਉੱਚੇ ਅਹੁਦੇ ’ਤੇ ਤਾਇਨਾਤ ਹੋਣ ਜਾਂ ਵਿਧਾਇਕ ਬਣਨ ਤੋਂ ਮਨਾਹੀ ਕਰਦਾ ਹੈ। ਜ਼ਿਕਰਯੋਗ ਹੈ ਕਿ ਉਸਦੀ ਪਾਰਟੀ ਨੂੰ ਪਿਛਲੇ ਵਰ੍ਹੇ ਆਮ ਚੋਣਾਂ ਵਿੱਚ ਇਤਿਹਾਸਕ ਜਿੱਤ ਮਿਲੀ ਸੀ। ਫ਼ੌਜ, ਜਿਸਦੀ ਸਹਾਇਕ ਪਾਰਟੀ ਕਈ ਸੀਟਾਂ ’ਤੇ ਹਾਰ ਗਈ ਸੀ, ਨੇ ਦਾਅਵਾ ਕੀਤਾ ਸੀ ਕਿ ਵੋਟਿੰਗ ਵਿੱਚ ਵੱਡੇ ਪੱਧਰ ’ਤੇ ਗੜਬੜੀ ਹੋਈ ਸੀ ਪਰ ਆਜ਼ਾਦਾਨਾ ਚੋਣ ਅਬਜ਼ਰਵਰਾਂ ਨੇ ਵੱਡੇ ਪੱਧਰ ’ਤੇ ਕਿਸੇ ਵੀ ਤਰ੍ਹਾਂ ਦੀਆਂ ਬੇਨਿਯਮੀਆਂ ਤੋਂ ਇਨਕਾਰ ਕੀਤਾ ਸੀ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਵੀਡਨ ’ਚ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਨੇ ਦੂਜੀ ਵਾਰ ਬਣਾਈ ਸਰਕਾਰ
Next articleਸਿੰਗਾਪੁਰ ਵਿੱਚ ਭਾਰਤੀ ’ਤੇ ਯੋਗਾ ਸੈਸ਼ਨ ਦੌਰਾਨ ਪੰਜ ਮਹਿਲਾਵਾਂ ਨਾਲ ਛੇੜਛਾੜ ਕਰਨ ਦਾ ਦੋਸ਼