ਆਸਟਰੇਲੀਆ ਤੋਂ ਭਾਰਤ ਯਾਤਰਾ ਕਰਨ ਵਾਲਿਆਂ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ

ਬ੍ਰਿਸਬਨ (ਸਮਾਜ ਵੀਕਲੀ) : ਕਰੋਨਾਵਾਇਰਸ ਦੇ ਨਵੇਂ ਸਰੂਪ ਓਮੀਕਰੋਨ ਨੂੰ ਲੈ ਕੇ ਵਧ  ਰਹੀ ਵਿਸ਼ਵਵਿਆਪੀ ਚਿੰਤਾ ਦੇ ਮੱਦੇਨਜ਼ਰ ਆਸਟਰੇਲੀਆ ਦੀ ਸੰਘੀ ਸਰਕਾਰ ਨੇ ਭਾਰਤੀ ਸਿਹਤ  ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਯਾਤਰਾ ਸਬੰਧੀ ਨਵੇਂ ਦਿਸ਼ਾ-ਨਿਰਦੇਸ਼ਾਂ ਦੇ ਮੱਦੇਨਜ਼ਰ, ਪਹਿਲੀ ਦਸੰਬਰ ਤੋਂ  ਭਾਰਤ ਦੀ ਯਾਤਰਾ ਕਰਨ ਵਾਲੇ ਆਪਣੇ ਸਾਰੇ ਕੌਮਾਂਤਰੀ ਯਾਤਰੀਆਂ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

ਇਨ੍ਹਾਂ ਨਿਰਦੇਸ਼ਾਂ ਤਹਿਤ ਭਾਰਤ ਸਰਕਾਰ ਦੇ  ‘ਏਅਰ ਸੁਵਿਧਾ ਆਨਲਾਈਨ ਪੋਰਟਲ’ ਉੱਤੇ ਆਪਣੇ ਸਵੈ-ਘੋਸ਼ਣਾ ਪੱਤਰ ਵਿੱਚ ਪਿਛਲੇ 14 ਦਿਨਾਂ ਦੀ  ਯਾਤਰਾ ਦਾ ਵੇਰਵਾ ਹਵਾਈ ਜਹਾਜ਼ ਵਿੱਚ ਸਵਾਰ ਹੋਣ ਤੋਂ ਪਹਿਲਾਂ ਜਮ੍ਹਾਂ  ਕਰਵਾਉਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਹਰ ਯਾਤਰੀ ਨੂੰ ਰਵਾਨਗੀ ਤੋਂ 72 ਘੰਟੇ ਪਹਿਲਾਂ ਕਰਵਾਏ ਗਏ ਕੋਵਿਡ-19 ਸਬੰਧੀ ਟੈਸਟ ਦੀ ਨੈਗੇਟਿਵ  ਰਿਪੋਰਟ ਵੀ ਅਪਲੋਡ ਕਰਨ ਲਈ ਕਿਹਾ ਗਿਆ ਹੈ। ਜੋਖਮ ਵਾਲੇ  ਦੇਸ਼ਾਂ ਦੇ ਯਾਤਰੀਆਂ ਲਈ ਟੀਕਾਕਰਨ ਕਰਵਾਉਣ ਦੇ ਬਾਵਜੂਦ ਭਾਰਤ ਪਹੁੰਚਣ ਸਮੇਂ ਹਵਾਈ ਅੱਡੇ ’ਤੇ ਕੋਵਿਡ-19 ਦੀ ਜਾਂਚ ਕਰਵਾਉਣੀ ਲਾਜ਼ਮੀ ਹੋਵੇਗੀ ਅਤੇ ਉਨ੍ਹਾਂ ਨੂੰ ਘੱਟੋ-ਘੱਟ ਦੋ ਹਫ਼ਤਿਆਂ  ਲਈ ਸਵੈ-ਨਿਗਰਾਨੀ ਕਰਨ ਦੀ ਸਲਾਹ ਦਿੱਤੀ ਗਈ ਹੈ। ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ  ਨੂੰ ਟੈਸਟ ਤੋਂ ਛੋਟ ਹੈ।

ਜੋਖਮ ਵਾਲੇ ਦੇਸ਼ਾਂ ਵਿੱਚ  ਦੱਖਣੀ ਅਫਰੀਕਾ, ਚੀਨ, ਬਰਤਾਨੀਆ, ਯੂਰਪੀ ਦੇਸ਼, ਬੰਗਲਾਦੇਸ਼, ਬ੍ਰਾਜ਼ੀਲ, ਬੋਤਸਵਾਨਾ,  ਮੌਰੀਸ਼ਸ, ਨਿਊਜ਼ੀਲੈਂਡ, ਜ਼ਿੰਬਾਬਵੇ, ਹਾਂਗਕਾਂਗ, ਸਿੰਗਾਪੁਰ ਅਤੇ ਇਜ਼ਰਾਈਲ ਸ਼ਾਮਲ  ਹਨ। ਥਰਮਲ ਸਕਰੀਨਿੰਗ ਤੋਂ ਬਾਅਦ ਹੀ ਤੰਦਰੁਸਤ ਯਾਤਰੀਆਂ ਨੂੰ ਜਹਾਜ਼ ਵਿੱਚ ਚੜ੍ਹਨ ਦੀ  ਇਜਾਜ਼ਤ ਦਿੱਤੀ ਜਾਵੇਗੀ ਅਤੇ ਸਾਰੇ ਯਾਤਰੀਆਂ ਨੂੰ ਆਪੋ-ਆਪਣੇ ਮੋਬਾਈਲ ਫੋਨਾਂ ਉਤੇ  ‘ਅਰੋਗਿਆ ਸੇਤੂ’ ਐਪ ਡਾਊਨਲੋਡ ਕਰਨਾ ਹੋਵੇਗਾ। ਨਵੇਂ ਨਿਯਮਾਂ ਅਨੁਸਾਰ ਘਰੇਲੂ ਇਕਾਂਤਵਾਸ ਦੌਰਾਨ ਪਾਜ਼ੇਟਿਵ ਪਾਏ ਜਾਣ ਵਾਲੇ ਯਾਤਰੀਆਂ ਦੇ ਸਾਰੇ ਸੰਪਰਕਾਂ  ਨੂੰ ਵੀ 14 ਦਿਨਾਂ ਲਈ ਵੱਖ ਰੱਖਿਆ ਜਾਵੇਗਾ ਅਤੇ ਇਹ ਟੈਸਟ ਆਈਸੀਐੱਮਆਰ ਨੇਮਾਂ ਅਨੁਸਾਰ ਕੀਤਾ ਜਾਵੇਗਾ। ਟੈਸਟ ਰਿਪੋਰਟ ਨੈਗੇਟਿਵ ਆਉਣ ਦੇ ਬਾਵਜੂਦ ਹਰੇਕ ਵਿਅਕਤੀ ਨੂੰ ਸੱਤ ਦਿਨਾਂ ਲਈ ਘਰੇਲੂ ਇਕਾਂਤਵਾਸ ਵਿੱਚ ਰਹਿਣਾ ਹੋਵੇਗਾ। ਅੱਠਵੇਂ ਦਿਨ ਇੱਕ ਫਾਲੋਅਪ ਟੈਸਟ ਕੀਤਾ  ਜਾਵੇਗਾ ਅਤੇ ਵਿਅਕਤੀ ਅਗਲੇ ਸੱਤ ਦਿਨਾਂ ਲਈ ਆਪਣੀ ਸਿਹਤ ਦੀ ਨਿਗਰਾਨੀ ਕਰਨਾ ਜਾਰੀ  ਰੱਖੇਗਾ। ਪੂਰੇ ਆਸਟਰੇਲੀਆ ਵਿੱਚ ਕੋਵਿਡ-19 ਪੀਸੀਆਰ ਟੈਸਟ ਮੁਫ਼ਤ ਅਤੇ ਵਿਆਪਕ ਤੌਰ ’ਤੇ  ਉਪਲੱਬਧ ਹਨ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਸਟਰੇਲੀਆ ਨੇ ਕੌਮਾਂਤਰੀ ਸਰਹੱਦ ਖੋਲ੍ਹਣ ਦੀ ਯੋਜਨਾ ਅੱਗੇ ਪਾਈ
Next articleਸਵੀਡਨ ’ਚ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਨੇ ਦੂਜੀ ਵਾਰ ਬਣਾਈ ਸਰਕਾਰ