(ਸਮਾਜ ਵੀਕਲੀ) –ਭਾਰਤ ਦੀ ਸਥਿਤੀ ਬਹੁਤ ਗੰਭੀਰ ਹੈ ਤੇ ਤਰਸਯੋਗ ਨਜ਼ਰ ਆਉਂਦੀ ਹੈ ।ਸਦੀਆਂ ਤੋਂ ਕਿਹਾ ਜਾ ਰਿਹਾ ਹੈ ਕਿ ਭਾਰਤ ਪੂਰੀ ਦੁਨੀਆਂ ਵਿੱਚ ਵੱਡਾ ਲੋਕਤੰਤਰ ਹੈ।ਪਰ ਇੱਥੇ ਅੰਨਦਾਤਾ ਫਾਹਾ ਲੈ ਕੇ ਮਰ ਰਿਹਾ ਹੈ। ਦਿੱਤੇ ਹੋਏ ਧਰਨੇ ਨੂੰ ਮੰਤਰੀ ਪਿਕਨਿਕ ਸਪੌਟ ਦੇ ਦੱਸ ਰਹੇ ਹਨ।ਖ਼ੁਦਕਸ਼ੀ ਉਪਰੰਤ ਮਰਨ ਵਾਲੇ ਕਿਸਾਨ ਦੇ ਪਰਿਵਾਰ ਨੂੰ ਇਨਾਮ ਵਜੋਂ ਭੇਟਾ ਦਿੱਤੀ ਜਾ ਰਹੀ ਹੈ, ਹੋਰਨਾਂ ਨੂੰ ਆਤਮਹੱਤਿਆ ਕਰਨ ਦਾ ਪ੍ਰੇਰਿਆ ਜਾ ਰਿਹਾ ਹੈ। ਨੌਜਵਾਨ ਹੱਥਾਂ ਵਿੱਚ ਡਿਗਰੀਆਂ ਲੈ ਕੇ ਘੁੰਮ ਰਹੇ ਹਨ। ਨਕਲੀ ਡਿਗਰੀਆਂ ਵੀ ਭਰਮਾਰ ਹੈ।ਚਪੜਾਸੀ ਲੱਗਣ ਲਈ ਪੀਐਚ ਡੀ ਕਰ ਚੁੱਕੇ ਨੌਜਵਾਨ ਵੀ ਲਾਈਨ ਵਿੱਚ ਲੱਗੇ ਹੋਏ ਹਨ। ਸਾਡੇ ਦੇਸ਼ ਲਈ ਸ਼ਰਮ ਵਾਲੀ ਗੱਲ ਹੈ ,ਸਕੂਲਾਂ ਵਿੱਚ ਪੂਰੇ ਅਧਿਆਪਕ ਨਹੀਂ ਹਨ। ਜੇ ਹਨ ਤਾਂ ਸਰਕਾਰ ਉਨ੍ਹਾਂ ਦੀਆਂ ਡਿਊਟੀਆਂ ਊਟ ਪਟਾਂਗ ਜਗ੍ਹਾ ਤੇ ਲਗਾ ਦਿੰਦੀ ਹੈ। ਸਰਕਾਰ ਨੂੰ ਪੜ੍ਹਾਈ ਤੋਂ ਫ਼ਾਇਦਾ ਨਹੀਂ ਠੇਕਿਆਂ ਤੋਂ ਫਾਇਦਾ ਹੈ। ਇਸ ਲਈ ਠੇਕੇ ਕਰੋਨਾ ਵਿੱਚ ਵੀ ਖੁੱਲ੍ਹੇ ਹਨ।ਸਿੱਖਿਆ ਪ੍ਰਸਾਰ ਪੂਰੀ ਤਰ੍ਹਾਂ ਨਾਲ ਠੱਪ ਹੋ ਗਿਆ ਹੈ। ਸਰਕਾਰਾਂ ਸਿੱਖਿਆ ਤੇ ਇਸ ਲਈ ਧਿਆਨ ਨਹੀਂ ਦੇ ਰਹੀਆਂ ਕਿ ਫਿਰ ਨੌਕਰੀਆਂ ਲਈ ਸਾਡੀ ਗਲ ਫਾਹਾ ਦੇਣਗੇ।ਜੋ ਪੈਸਾ ਸਰਕਾਰਾਂ ਦੀ ਗੀਝੇ ਵਿੱਚ ਜਾਂਦਾ ਹੈ, ਉਹ ਪੈਸਾ ਇਨ੍ਹਾਂ ਨੂੰ ਤਨਖਾਹਾਂ ਦੇ ਰੂਪ ਵਿੱਚ ਦੇਣਾ ਪਵੇਗਾ।
ਸਿਹਤ ਵਿਭਾਗ ਵੀ ਕੋਈ ਦੁੱਧ ਧੋਤਾ ਨਹੀਂ ਹੈ, ਦਿਨੋ ਦਿਨ ਨਿਘਰਦਾ ਜਾ ਰਿਹਾ ਹੈ ।ਸਭ ਤੋਂ ਵੱਧ ਕੈਂਸਰ ਤੇ ਹੋਰ ਲਾ ਇਲਾਜ ਬੀਮਾਰੀਆਂ ਨੂੰ ਸਾਡੇ ਦੇਸ਼ ਨੇ ਘੇਰਾ ਪਾ ਲਿਆ ਹੈ। ਇਲਾਜ ਮਹਿੰਗਾ ਹੋਣ ਕਰਕੇ ਰੋਗੀ ਦੁੱਖ ਭੋਗ ਕੇ ਮਰ ਜਾਂਦੇ ਹਨ।ਸਰਕਾਰੀ ਕਿਸੇ ਵੀ ਹਸਪਤਾਲ ਵਿਚ ਡਾਕਟਰ ਪੂਰੇ ਨਹੀਂ ਹਨ। ਪ੍ਰਾਈਵੇਟ ਹਸਪਤਾਲਾਂ ਵਿੱਚ ਡਾਕਟਰ ਪੂਰੇ ਹਨ, ਉਥੇ ਆਮ ਆਦਮੀ ਦੇ ਕੱਪੜੇ ਤੱਕ ਲਾਹ ਲਏ ਜਾਂਦੇ ਹਨ। ਹਸਪਤਾਲਾਂ ਵਿੱਚ ਸਟਾਫ਼ ਦੀ ਦੂਰ ਦੀ ਗੱਲ ਹੈ,ਆਕਸੀਜਨ ਵੀ ਪੂਰੀ ਨਹੀਂ ਹੈ ਲੋਕਾਂ ਨੂੰ ਡਰਾ ਕੇ ਸਿਆਸਤ ਕੀਤੀ ਜਾ ਰਹੀ ਹੈ । ਸਿਹਤ ਖੇਤਰ ਦਾ ਦੀਵਾਲਾ ਨਿਕਲਿਆ ਪਿਆ ਹੈ।
ਸਾਡੇ ਦੇਸ਼ ਦਾ ਹਾਲ ਦੇਖੋ ਜੋ ਆਦਮੀ ਆਪਣਾ ਘਰ ਨਹੀਂ ਸੰਭਾਲ ਸਕਿਆ ,ਉਸ ਨੂੰ ਦੇਸ਼ ਦੀ ਵਾਗਡੋਰ ਦਿੱਤੀ ਹੋਈ ਹੈ। ਨਿੱਤ ਨਵੇਂ -ਨਵੇਂ ਢੰਗ ਲੱਭ ਕੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾਇਆ ਜਾ ਰਿਹਾ ਹੈ।ਲੋਕਾਂ ਨੇ ਨਕਾਰੇ ਹੋਏ ਲੋਕਾਂ ਨੂੰ ਵੱਡੇ ਵਿਭਾਗਾਂ ਤੇ ਮੰਤਰੀ ਬਣਾਇਆ ਜਾ ਰਿਹਾ ਹੈ। ਇਸ ਨੂੰ ਚੰਗੇ ਦਿਨਾਂ ਦੀ ਉਮੀਦ ਕੀਤੀ ਜਾ ਰਹੀ ਹੈ ।ਧਾਰਮਿਕ ਗ੍ਰੰਥਾਂ ਦੀ ਬੇਅਦਬੀ ਹੋ ਰਹੀ ਹੈ ।ਸ਼ਰਾਰਤੀ ਲੋਕ ਲੱਭੇ ਨਹੀਂ ਜਾ ਰਹੇ। ਲੋਕਾਂ ਦਾ ਬਹੁਤ ਸਾਰਾ ਸਮਾਂ ਤਾਕਤ ਤੇ ਪੈਸ ਧਰਨੇ ਤੇ ਮੁਜ਼ਾਹਰਿਆਂ ਕਾਰਨ ਬਰਬਾਦ ਹੋ ਰਿਹਾ ਹੈ।ਬੈਂਕਾਂ ਲੁੱਟੀਆਂ ਜਾ ਰਹੀਆਂ ਹਨ। ਲੌਕਰਾ ਵਿੱਚ ਪਿਆ ਸੋਨਾ ਬਿਨਾਂ ਰਜ਼ਾਮੰਦੀ ਦੇ ਵੇਚਿਆ ਜਾ ਰਿਹਾ ਹੈ ।ਨੌਜਵਾਨ ਪੁਲੀਸ ਦੀ ਗੋਲੀ ਨਾਲ ਮਰ ਰਿਹਾ ਹੈ ।ਲੁੱਟ ਖੋਹ ਦਾ ਵਰਤਾਰਾ ਆਮ ਹੋ ਰਿਹਾ ਹੈ।ਭੂ ਮਾਫੀਆ ਆਪਣੇ ਸਮਾਨ ਅੰਤਰ ਸਰਕਾਰ ਚਲਾ ਰਿਹਾ ਹੈ।ਕਾਨੂੰਨ ਨੇ ਕਾਲੀ ਪੱਟੀ ਬੰਨ੍ਹੀ ਹੋਈ ਹੈ। ਜਾਨਵਰ ਮਾਰਨ ਤੇ ਸਜ਼ਾ ਦਿੱਤੀ ਜਾ ਰਹੀ ਹੈ ।ਪਰ ਬੰਦੇ ਨੂੰ ਮਾਰਨ ਤੇ ਅਹੁਦੇ ਬਖ਼ਸ਼ੇ ਜਾ ਰਹੇ ਹਨ ।
ਚੋਣਾਂ ਹੁਣ ਲੜੀਆਂ ਨਹੀਂ ਜਾਂਦੀਆਂ ਲੁੱਟੀਆਂ ਜਾਂਦੀਆਂ ਹਨ। ਦੂਸਰੇ ਸੂਬਿਆਂ ਤੋਂ ਬਦਮਾਸ਼ ਲਿਆ ਕੇ ਡਰਾ ਧਮਕਾ ਕੇ ਵੋਟਾਂ ਪਵਾਈਆਂ ਜਾਂਦੀਆ ਹਨ ।ਚੋਣਾਂ ਲੜਨ ਵਾਲੀ ਥਾਂ ਤੇ ਨਸ਼ੇ ਦੇ ਲੰਗਰ ਲਾਏ ਜਾ ਰਹੇ ਹਨ । ਪੁਲੀਸ ਮੂਕ ਦਰਸ਼ਕ ਬਣ ਕੇ ਸਭ ਕੁਝ ਵੇਖ ਰਹੀ ਹੁੰਦੀ ਹੈ। ਬੋਲੀ ਦੇ ਕੇ ਵੋਟਾਂ ਖ਼ਰੀਦੀਆਂ ਜਾਂਦੀਆਂ ਹਨ ।ਹਰੇਕ ਚੋਣ ਵਿੱਚ ਗੋਲਾਬਾਰੀ ਕਤਲਾਂ ਚੋਣ ਬੂਥ ਲੁੱਟਣ ਤੇ ਡਰਾਉਣ ਧਮਕਾਉਣ ਦੀਆਂ ਘਟਨਾਵਾਂ ਆਮ ਘਟਦੀਆਂ ਰਹਿੰਦੀਆਂ ਹਨ। ਚਾਹੇ ਸਰਪੰਚ ਦੀ ਚੋਣ ਹੋਵੇ ਚਾਹੇ ਰਾਜ ਸਭਾ ਦੀ ਚੋਣਾਂ ਵਿੱਚ ਗੁੰਡਾਗਰਦੀ ਹੁੰਦੀ ਹੀ ਰਹਿੰਦੀ ਹੈ। ਸਿਆਸਤ ਸ਼ਰੀਫ਼ ਆਦਮੀਆਂ ਲਈ ਨਹੀਂ ਹੈ।ਸਭ ਤੋਂ ਵੱਧ ਕਰੱਪਸ਼ਨ ਕਰਨ ਵਾਲੇ ਲੋਕ ਹੀ ਚੋਣਾਂ ਜਿੱਤ ਜਾਂਦੇ ਹਨ।
ਬੇਰੁਜ਼ਗਾਰੀ ਦੀ ਭੰਨੀ ਨੌਜਵਾਨ ਪੀੜ੍ਹੀ ਡੌਕੀ ਲਗਾ ਕੇ ਬਾਹਰਲੇ ਦੇਸ਼ਾਂ ਵਿੱਚ ਨਿਕਲਣ ਦਾ ਯਤਨ ਕਰ ਰਹੀ ਹੈ। ਦੋ ਨੰਬਰ ਵਿਚ ਬਾਹਰ ਨਿਕਲ ਦੇ ਨੌਜਵਾਨ ਸਾਗਰਾਂ ਵਿੱਚ ਡੁੱਬ ਰਹੇ ਹਨ ।ਨਸ਼ੇ ਦੀ ਦਲਦਲ ਵਿੱਚ ਫਸ ਰਹੇ ਹਨ। ਵੱਡੀ ਗਿਣਤੀ ਵਿੱਚ ਹੁਸ਼ਿਆਰ ਮੁੰਡੇ ਕੁੜੀਆਂ ਵਿਦੇਸ਼ਾਂ ਵਿੱਚ ਪੜ੍ਹਨ ਦੇ ਬਹਾਨੇ ਜਾ ਰਹੇ ਹਨ।ਮੋਟਾਂ ਧਨ ਸਾਡੇ ਦੇਸ਼ ਵਿੱਚੋਂ ਬਾਹਰ ਜਾ ਰਿਹਾ ਹੈ। ਬੇਰੁਜ਼ਗਾਰੀ ਦੇ ਸਤਾਏ ਨੌਜਵਾਨ ਨਸ਼ਾ ਤਸਕਰਾਂ ਦੇ ਪਿੱਛੇ ਲੱਗ ਰਹੇ ਹਨ। ਕਰੋੜਾਂ ਰੁਪਏ ਨਸ਼ੇ ਦੀ ਭੇਟ ਚੜ੍ਹ ਰਹੇ ਹਨ।ਕਿਸੇ ਵੀ ਖੇਤਰ ਵਿੱਚ ਬਦਲਾਅ ਲਿਆਉਣ ਲਈ ਨੌਜਵਾਨੀ ਦਾ ਅਹਿਮ ਯੋਗਦਾਨ ਹੁੰਦਾ ਹੈ ।ਨੌਜਵਾਨਾਂ ਨੂੰ ਨਿਪੁੰਸਕ ਬਣਾਇਆ ਜਾ ਰਿਹਾ ਹੈ। ਵਿਰਲਾ ਹੀ ਕੋਈ ਪਰਿਵਾਰ ਅਜਿਹਾ ਹੋਵੇਗਾ ਜਿਸਨੇ ਨਸ਼ੇ ਦਾ ਸੰਤਾਪ ਨਾ ਹੰਢਾਇਆ ਹੋਵੇ।ਬਹੁਤ ਜ਼ਿਆਦਾ ਘਰਾਂ ਵਿੱਚ ਨਸ਼ੇ ਦੀਆਂ ਮਾਰੀਆਂ ਲੋਥਾਂ ਹੀ ਸਾਹ ਲੈ ਰਹੀਆਂ ਹਨ।ਸਿਆਸੀ ਨੇਤਾ ਤੇ ਕਰੱਪਸ਼ਨ ਅਧਿਕਾਰੀ ਲੋਕਾਂ ਦਾ ਖੂਨ ਚੂਸ ਕੇ ਧੜਾ ਧੜ ਸਵਿਸ ਬੈਂਕਾਂ ਵਿਚ ਜਮ੍ਹਾ ਕਰਵਾ ਰਹੇ ਹਨ। ਕੰਪੀਟੀਸ਼ਨ ਅਦਾਰਿਆਂ ਦੇ ਦੌਰ ਵਿੱਚ ਕਿਸੇ ਵੀ ਕਿਸਮ ਦੀ ਨੌਕਰੀ ਲੈਣ ਵਾਸਤੇ ਦਲਾਲ ਕਿਸਮ ਦੇ ਲੋਕ ਹਰੇਕ ਮੋੜ ਤੇ ਸਾਨੂੰ ਮਿਲ ਜਾਂਦੇ ਹਨ।ਸਾਡੇ ਪੰਜਾਬ ਦੀ ਨੌਜਵਾਨ ਪੀੜ੍ਹੀ ਕਿੱਧਰ ਨੂੰ ਜਾ ਰਹੀ ਹੈ।
ਦਵਿੰਦਰ ਕੌਰ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ https://play.google.com/store/apps/details?id=in.yourhost.samajweekly