ਸੰਗਰੂਰ (ਸਮਾਜ ਵੀਕਲੀ): ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਦੇ ਦਫ਼ਤਰ ਦਾ ਉਦਘਾਟਨ ਕਰਨ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਅਤੇ ਮਾਤਾ ਹਰਪਾਲ ਕੌਰ ਦੀਆਂ ਗੱਡੀਆਂ ਦਾ ਸਾਬਕਾ ਸੈਨਿਕਾਂ ਨੇ ਸੂਬਾ ਪੱਧਰੀ ਘਿਰਾਓ ਕਰਕੇ ਕਾਲੀਆਂ ਝੰਡੀਆਂ ਵਿਖਾਈਆਂ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਘਿਰਾਓ ਦੌਰਾਨ ਡਾ. ਗੁਰਪ੍ਰੀਤ ਕੌਰ ਅਤੇ ਮਾਤਾ ਹਰਪਾਲ ਕੌਰ ਦੀਆਂ ਗੱਡੀਆਂ ਨੂੰ ਸੁਰੱਖਿਅਤ ਕੱਢਣ ਲਈ ਪੁਲੀਸ ਅਤੇ ਸਾਬਕਾ ਸੈਨਿਕਾਂ ਵਿਚਕਾਰ ਧੱਕਾ-ਮੁੱਕੀ ਹੋਈ ਪਰ ਭਾਰੀ ਜੱਦੋ-ਜਹਿਦ ਦੌਰਾਨ ਗੱਡੀਆਂ ਨੂੰ ਬਾਹਰ ਕੱਢਣ ’ਚ ਪੁਲੀਸ ਸਫ਼ਲ ਹੋ ਗਈ। ਸਾਬਕਾ ਸੈਨਿਕ ਜੀਓਜੀ (ਗਾਰਡੀਅਨ ਆਫ਼ ਗਵਰਨੈੱਸ) ਬੰਦ ਕਰਨ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਸਨ। ਇਸ ਤੋਂ ਪਹਿਲਾਂ ਸਾਬਕਾ ਸੈਨਿਕਾਂ ਦੇ ਸਰਕਾਰ ਵਿਰੋਧੀ ਨਾਅਰਿਆਂ ਦੀ ਗੂੰਜ ਅਤੇ ਰੌਲੇ ਰੱਪੇ ਦੌਰਾਨ ਹਲਕਾ ਵਿਧਾਇਕ ਦੇ ਦਫ਼ਤਰ ਦਾ ਉਦਘਾਟਨ ਹੋਇਆ। ਉਦਘਾਟਨੀ ਸਮਾਗਮ ਦੌਰਾਨ ਪਾਰਟੀ ਵਰਕਰ ਇੱਕ ਪਾਸੇ ਆਪ ਸਰਕਾਰ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ ਰਹੇ, ਜਦੋਂ ਕਿ ਦੂਜੇ ਪਾਸੇ ਸਾਬਕਾ ਸੈਨਿਕ ਦੇ ਸਰਕਾਰ ਵਿਰੋਧੀ ਨਾਅਰੇ ਗੂੰਜਦੇ ਰਹੇ।
ਸਾਬਕਾ ਸੈਨਿਕਾਂ ਵਲੋਂ ਮੁੱਖ ਮੰਤਰੀ ਦੀ ਪਤਨੀ ਅਤੇ ਮਾਤਾ ਦਾ ਘਿਰਾਓ ਕਰਨ ਲਈ ਹਲਕਾ ਵਿਧਾਇਕ ਦੇ ਦਫ਼ਤਰ ਨੂੰ ਜਾਂਦੇ ਸਾਰੇ ਰਸਤਿਆਂ ਉਪਰ ਡੱਟ ਗਏ। ਕਰੀਬ ਦੋ ਘੰਟੇ ਤਣਾਅਪੂਰਨ ਮਾਹੌਲ ਬਣਿਆ ਰਿਹਾ। ਦੁਪਹਿਰ 12 ਵਜੇ ਪ੍ਰਸ਼ਾਸਨ ਵਲੋਂ ਮੁੱਖ ਮੰਤਰੀ ਦੀ ਪਤਨੀ ਅਤੇ ਮਾਤਾ ਨੂੰ ਛੋਟੀ ਜਿਹੀ ਗਲੀ ਵਿਚੋਂ ਦੀ ਪੈਦਲ ਵਿਧਾਇਕ ਦੇ ਦਫ਼ਤਰ ਲਿਆਂਦਾ ਗਿਆ ਜਿਨ੍ਹਾਂ ਨੇ ਦਫ਼ਤਰ ਦੇ ਉਦਘਾਟਨ ਦੀ ਰਸਮ ਅਦਾ ਕੀਤੀ ਅਤੇ ਕੁੱਝ ਮਿੰਟ ਦਫ਼ਤਰ ਸਾਹਮਣੇ ਸਮਾਗਮ ’ਚ ਹਾਜ਼ਰੀ ਭਰੀ। ਇਸ ਦੌਰਾਨ ਪ੍ਰਸ਼ਾਸ਼ਨ ਦੀ ਤਰਫ਼ੋਂ ਐੱਸਡੀਐੱਮ ਨਵਰੀਤ ਕੌਰ ਸੇਖੋਂ ਅਤੇ ਐੱਸਪੀ ਪਲਵਿੰਦਰ ਸਿੰਘ ਚੀਮਾ ਵਲੋਂ 6 ਅਕਤੂਬਰ ਨੂੰ ਮੁੱਖ ਮੰਤਰੀ ਨਿਵਾਸ ’ਤੇ ਮੀਟਿੰਗ ਦਾ ਲਿਖਤੀ ਪੱਤਰ ਸੌਂਪਿਆ ਤਾਂ ਸਾਬਕਾ ਸੈਨਿਕਾਂ ਦੇ ਸੂਬਾ ਪ੍ਰਧਾਨ ਕੈਪਟਨ ਗੁਲਾਬ ਸਿੰਘ ਤੇ ਹੋਰ ਆਗੂਆਂ ਵਲੋਂ ਪੱਤਰ ਬੇਰੰਗ ਐੱਸਡੀਐੱਮ ਨੂੰ ਮੋੜ ਦਿੱਤਾ।
ਉਨ੍ਹਾਂ ਇਤਰਾਜ਼ ਕੀਤਾ ਕਿ ਮੀਟਿੰਗ ਕਿਸ ਨਾਲ ਹੋਵੇਗੀ, ਇਸ ਬਾਰੇ ਕੁੱਝ ਨਹੀਂ ਲਿਖਿਆ ਗਿਆ। ਇਸ ਮਗਰੋਂ ਸਾਬਕਾ ਸੈਨਿਕ ਰੋਹ ’ਚ ਆ ਗਏ। ਜਿਉਂ ਹੀ ਪੁਲੀਸ ਵਲੋਂ ਮੁੱਖ ਮੰਤਰੀ ਦੀ ਪਤਨੀ ਅਤੇ ਮਾਤਾ ਨੂੰ ਵਾਪਸ ਉਸੇ ਗਲੀ ਵਿਚੋਂ ਦੀ ਪੈਦਲ ਲਿਜਾ ਕੇ ਗੱਡੀਆਂ ਰਾਹੀਂ ਬਾਹਰ ਕੱਢਣ ਦੀ ਕੋਸ਼ਿਸ਼ ਤਾਂ ਸਾਬਕਾ ਸੈਨਿਕਾਂ ਵਲੋਂ ਗੱਡੀਆਂ ਅੱਗੇ ਆ ਕੇ ਘਿਰਾਓ ਕਰ ਲਿਆ ਅਤੇ ਕਾਲੀਆਂ ਝੰਡੀਆਂ ਵਿਖਾਉਂਦਿਆਂ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਪੁਲੀਸ ਨੂੰ ਹੱਥਾਂ-ਪੈਰਾਂ ਦੀ ਪੈ ਗਈ ਅਤੇ ਪੁਲੀਸ ਨੇ ਸਖਤੀ ਵਰਤਦਿਆਂ ਸਾਬਕਾ ਸੈਨਿਕਾਂ ਨੂੰ ਜਬਰੀ ਹਟਾ ਕੇ ਬੜੀ ਮੁਸ਼ਕਲ ਨਾਲ ਗੱਡੀਆਂ ਨੂੰ ਉਥੋਂ ਸੁਰੱਖਿਅਤ ਬਾਹਰ ਕੱਢਿਆ। ਬਾਅਦ ’ਚ ਰੋਹ ’ਚ ਆਏ ਸਾਬਕਾ ਸੈਨਿਕਾਂ ਵਲੋਂ ਸੜਕ ਉਪਰ ਹੀ ਰੋਸ ਲਗਾ ਦਿੱਤਾ, ਜੋ ਫਿਲਹਾਲ ਜਾਰੀ ਹੈ।